ਜਬਰ-ਜ਼ਨਾਹ ਦੀਆਂ ਧਮਕੀਆਂ ਦੇ ਕੇ ਲੋਕਾਂ ਨਾਲ ਠੱਗੀ ਮਾਰਨ ਵਾਲੇ ਗਿਰੋਹ ਦਾ ਪਰਦਾਫਾਸ਼
Sunday, Jun 17, 2018 - 02:21 PM (IST)
ਜਲਾਲਾਬਾਦ (ਨਿਖੰਜ) - ਥਾਣਾ ਸਿਟੀ ਜਲਾਲਾਬਾਦ ਦੀ ਪੁਲਸ ਨੇ ਭੋਲੋ ਭਾਂਲੇ ਲੋਕਾਂ ਨੂੰ ਡਰਾ ਧਮਕਾ ਕੇ ਠੱਗੀ ਮਾਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰ ਦਿੱਤਾ ਹੈ। ਇਸ ਮਾਮਲੇ 'ਚ ਪੁਲਸ ਨੇ 4 ਔਰਤਾਂ ਸਮੇਤ 11 ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰਨ ਤੋਂ ਬਾਅਦ 1 ਵਿਅਕਤੀ ਸਮੇਤ 3 ਔਰਤਾਂ ਨੂੰ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਕੀਤੇ ਇਨ੍ਹਾਂ ਲੋਕਾਂ ਤੋਂ 12160 ਰੁਪਏ ਦੀ ਰਾਸ਼ੀ ਵੀ ਬਰਾਮਦ ਹੋਈ ਹੈ।
ਥਾਣਾ ਸਿਟੀ ਜਲਾਲਾਬਾਦ ਦੇ ਏ. ਐੱਸ. ਆਈ. ਬਲਵੀਰ ਚੰਦ ਨੇ ਕਿਹਾ ਕਿ ਦਿਆਲ ਚੰਦ ਪੁੱਤਰ ਮੱਖਣ ਰਾਮ ਵਾਸੀ ਚੱਕ ਮੌਜਦੀਨ ਵਾਲਾ ਥਾਣਾ ਸਦਰ ਜਲਾਲਾਬਾਦ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਔਰਤ ਬਲਵਿੰਦਰ ਕੌਰ ਪਤਨੀ ਸਿਮਰਜੀਤ ਸਿੰਘ ਉਸਦੇ ਖੇਤਾਂ 'ਚ ਕੰਮ ਕਰਦੀ ਹੈ। ਉਸ ਨੇ ਬੀਤੀ 13 ਮਈ ਨੂੰ ਫੋਨ ਕਰਕੇ ਕਿਹਾ ਕਿ ਮੈਂ ਟਿਵਾਨਾਂ ਮੋੜ 'ਤੇ ਖੜੀ ਹਾਂ ਅਤੇ ਮੇਰੇ ਨਾਲ ਇਕ ਹੋਰ ਜਾਣ ਪਛਾਣ ਵਾਲੀ ਔਰਤ ਨਾਲ ਹੈ। ਦਿਆਲ ਚੰਦ ਆਪਣਾ ਮੋਟਰਸਾਈਕਲ ਲੈ ਕੇ ਟਿਵਾਨਾਂ ਮੋੜ 'ਤੇ ਆ ਗਿਆ ਅਤੇ ਦੋਵੇਂ ਔਰਤਾਂ ਉਸਦੇ ਪਿੱਛੇ ਬੈਠ ਕੇ ਉਸ ਨੂੰ ਗੋਬਿੰਦ ਨਗਰੀ ਵਿਖੇ ਗੁਰਮੀਤ ਸਿੰਘ ਦੇ ਘਰ ਲੈ ਗਈਆਂ। ਉਥੇ ਜਾ ਕੇ ਦੋਵੇਂ ਔਰਤਾਂ ਨੇ ਕਿਹਾ ਕਿ ਗਰਮੀ ਬਹੁਤ ਹੈ ਅਸੀਂ ਪਾਣੀ ਪੀ ਕੇ ਚੱਲਦੇ ਹਾਂ। ਉਸ ਨੇ ਕਿਹਾ ਕਿ ਇੰਨੇ 'ਚ 5/6 ਆਦਮੀ ਅਤੇ 2 ਹੋਰ ਔਰਤਾਂ ਉੱਥੇ ਆ ਗਈਆਂ। ਉਹ ਦਿਆਲ ਚੰਦ ਨੂੰ ਧੱਕੇ ਨਾਲ ਕਮਰੇ 'ਚ ਲੈ ਗਈਆਂ, ਜਿੱਥੇ ਉਸ ਨੂੰ ਔਰਤ ਦੇ ਨਾਲ ਬਿਠਾ ਦਿੱਤਾ। ਦੋਸ਼ੀਆਨ ਨੇ ਯੋਜਨਾ ਮੁਤਾਬਕ ਉਸਦੀ ਵੀਡੀਓ ਬਣਾ ਲਈ ਅਤੇ ਕਹਿਣ ਲੱਗੇ ਕਿ ਅਸੀਂ ਤੇਰੇ 'ਤੇ ਜਬਰ ਜ਼ਨਾਹ ਦਾ ਮਾਮਲਾ ਦਰਜ ਕਰਵਾ ਦੇਣਾ ਹੈ ਅਤੇ ਤੇਰੀਆਂ ਫੋਟੋਂ 'ਤੇ ਮੂਵੀ ਨੈਂਟ 'ਤੇ ਪਾ ਕੇ ਬਦਨਾਮ ਕਰ ਦੇਣਾ। ਅਜਿਹਾ ਨਾ ਕਰਨ ਲਈ ਉਹ ਮੇਰੇ ਤੋਂ 2 ਲੱਖ ਰੁਪਏ ਦੀ ਮੰਗ ਕਰਨ ਲੱਗ ਪਏ। ਉਨ੍ਹਾਂ ਨੇ ਦਿਆਲ ਚੰਦ ਦੇ ਪਰਸ 'ਚੋਂ 12160 ਰੁਪਏ ਦੀ ਨਗਦੀ, ਇਕ ਅਧਾਰ ਕਾਰਡ, ਦੋ ਮੋਬਾਇਲ ਫੋਨ ਕੱਢ ਲਏ ਅਤੇ 2 ਦਿਨਾਂ 'ਚ ਪੈਸੇ ਦੇਣ ਦਾ ਸੌਦਾ ਤਹਿ ਹੋ ਗਿਆ।
ਏ. ਐੱਸ. ਆਈ ਨੇ ਕਿਹਾ ਕਿ ਪੀੜਤ ਦਿਆਲ ਚੰਦ ਦੀ ਲਿਖਤੀ ਸ਼ਿਕਾਇਤ 'ਤੇ ਥਾਣਾ ਸਿਟੀ ਦੀ ਪੁਲਸ ਨੇ ਤਫਤੀਸ਼ ਦੇ ਆਧਾਰ 'ਤੇ ਬਿੰਦਰੋ ਬਾਈ ਪਤਨੀ ਬੂਟਾ ਸਿੰਘ, ਜੋਤੀ ਪਤਨੀ ਨਾਮਲੂਮ, ਜੋਤੀ ਦੇ ਘਰ ਵਾਲਾ ਪੁੱਤਰ ਨਾਮਲੂਮ, ਮੇਜਰ ਸਿੰਘ, ਗੁਰਮੀਤ ਸਿੰਘ ਮਕਾਨ ਮਾਲਕ ਵਾਸੀ ਗੋਬਿੰਦ ਨਗਰੀ, ਮਹਿੰਦਰ ਸਿੰਘ ਪੁੱਤਰ ਕਿਸ਼ੋਰ ਸਿੰਘ, ਕੈਲਾਸ਼ ਰਾਣੀ ਪਤਨੀ ਸੁਰਜੀਤ ਕੌਰ, ਬਲਵਿੰਦਰ ਕੌਰ ਪਤਨੀ ਸਿਮਰਜੀਤ ਸਿੰਘ ਅਤੇ 2/3 ਹੋਰ ਅਣਪਛਾਤੇ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਦਿੱਤਾ। ਪੁਲਸ ਨੇ ਦੋਸ਼ੀ ਮਹਿੰਦਰ ਸਿੰਘ, ਕੈਲਾਸ਼ ਰਾਣੀ, ਬਲਵਿੰਦਰ ਕੌਰ ਨੂੰ ਗ੍ਰਿਫਤਾਰ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।
