ਜਲੰਧਰ 'ਚ ਚਰਨਜੀਤ ਚੰਨੀ ਨੇ ਵੱਡੀ ਲੀਡ ਨਾਲ ਜਿੱਤ ਕੀਤੀ ਹਾਸਲ, 3,90,053 ਵੋਟਾਂ ਕੀਤੀਆਂ ਹਾਸਲ
Tuesday, Jun 04, 2024 - 05:48 PM (IST)

ਜਲੰਧਰ (ਵੈੱਬ ਡੈਸਕ, ਸੋਨੂੰ, ਜਤਿੰਦਰ ਚੋਪੜਾ)- ਪੰਜਾਬ ਵਿਚ 13 ਲੋਕ ਸਭਾ ਸੀਟਾਂ 'ਤੇ 1 ਜੂਨ ਨੂੰ ਹੋਈਆਂ ਚੋਣਾਂ ਦੇ ਨਤੀਜੇ ਅੱਜ ਐਲਾਨੇ ਗਏ ਹਨ। ਲੋਕ ਸਭਾ ਹਲਕਾ ਜਲੰਧਰ ਵਿਚ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ ਵੱਡੇ ਮਾਰਜਨ ਦੇ ਨਾਲ ਜਿੱਤ ਹਾਸਲ ਕੀਤੀ ਹੈ। ਚਰਨਜੀਤ ਸਿੰਘ ਚੰਨੀ ਨੇ ਭਾਜਪਾ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ ਪਛਾੜਦੇ ਹੋਏ 3,90,053ਵੋਟਾਂ ਹਾਸਲ ਕੀਤੀਆਂ ਹਨ। ਉਥੇ ਹੀ ਸੁਸ਼ੀਲ ਕੁਮਾਰ ਰਿੰਕੂ ਦੂਜੇ ਨੰਬਰ 'ਤੇ ਰਹੇ ਹਨ। ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟੀਨੂ ਤੀਜੇ ਨੰਬਰ 'ਤੇ ਜਦਕਿ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਚੌਥੇ ਨੰਬਰ 'ਤੇ ਰਹਨ ਅਤੇ ਬਸਪਾ ਉਮੀਦਵਾਰ ਬਲਵਿੰਦਰ ਕੁਮਾਰ ਪੰਜਵੇਂ ਨੰਬਰ 'ਤੇ ਰਹੇ। ਚੰਨੀ 175993 ਵੋਟਾਂ ਦੇ ਅੰਤਰ ਨਾਲ ਜਿੱਤੇ ਹਨ। ਨੋਟਾ ਨੂੰ 4743 ਵੋਟਾਂ ਮਿਲੀਆਂ।
ਦੱਸਣਯੋਗ ਹੈ ਕਿ ਲੋਕ ਸਭਾ ਹਲਕਾ ਜਲੰਧਰ ਵਿੱਚ ਸਰਕਾਰੀ ਆਰਟਸ ਐਂਡ ਸਪੋਰਟਸ ਕਾਲਜ, ਸਰਕਾਰੀ ਪਟਵਾਰ ਸਕੂਲ, ਲੈਂਡ ਰਿਕਾਰਡ ਡਾਇਰੈਕਟਰ ਦਫ਼ਤਰ ਅਤੇ ਸਰਕਾਰੀ ਸਪੋਰਟਸ ਸਕੂਲ ਹੋਸਟਲ ਵਿੱਚ ਗਿਣਤੀ ਕੇਂਦਰ ਬਣਾਏ ਗਏ ਸਨ, ਜਿੱਥੇ ਵੋਟਾਂ ਦੀ ਗਿਣਤੀ ਕੀਤੀ ਗਈ। ਸ਼ੁਰੂਆਤੀ ਰੁਝਾਨਾਂ ਤੋਂ ਹੀ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਅੱਗੇ ਚੱਲਦੇ ਆ ਰਹੇ ਸਨ। ਚਰਨਜੀਤ ਸਿੰਘ ਚੰਨੀ ਦੇ ਸਮਰਥਕਾਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
ਇਹ ਵੀ ਪੜ੍ਹੋ- ਸ੍ਰੀ ਅਨੰਦਪੁਰ ਸਾਹਿਬ 'ਚ ਲਗਾਤਾਰ 'ਆਪ' ਉਮੀਦਵਾਰ ਮਾਲਵਿੰਦਰ ਸਿੰਘ ਕੰਗ ਜਿੱਤ ਵੱਲ ਵਧ ਰਹੇ
ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫ਼ਸਰ ਡਾ. ਹਿਮਾਂਸ਼ੂ ਅਗਰਵਾਲ ਨੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੂੰ ਗਿਣਤੀ ਮੁਕੰਮਲ ਹੋਣ ‘ਤੇ ਜੇਤੂ ਸਰਟੀਫਿਕੇਟ ਦਿੱਤਾ। ਉਨ੍ਹਾਂ ਦੱਸਿਆ ਕਿ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸਿਸਟ) ਦੇ ਉਮੀਦਵਾਰ ਮਾਸਟਰ ਪਰਸ਼ੋਤਮ ਲਾਲ ਬਿਲਗਾ ਨੂੰ 5958, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) (ਸਿਮਰਨਜੀਤ ਸਿੰਘ ਮਾਨ) ਦੇ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਨੂੰ 19284, ਰਿਪਬਲਿਕਨ ਪਾਰਟੀ ਆਫ਼ ਇੰਡੀਆ (ਅਠਾਵਾਲੇ) ਦੀ ਉਮੀਦਵਾਰ ਸੋਨੀਆ ਨੂੰ 1055, ਡੈਮੋਕ੍ਰੇਟਿਕ ਭਾਰਤੀਯ ਸਮਾਜ ਪਾਰਟੀ ਦੇ ਉਮੀਦਵਾਰ ਭਗਤ ਗੁਲਸ਼ਨ ਆਜ਼ਾਦ ਨੂੰ 930, ਲੋਕਤਾਂਤਰਿਕ ਲੋਕ ਰਾਜਿਅਮ ਪਾਰਟੀ ਦੇ ਉਮੀਦਵਾਰ ਤਾਰਾਚੰਦ ਸ਼ੀਲਾ ਨੂੰ 401, ਗਲੋਬਲ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਬਾਲ ਮੁਕੰਦ ਬਾਵਰਾ ਨੂੰ 591, ਅਪਨਾ ਸਮਾਜ ਪਾਰਟੀ ਦੀ ਉਮੀਦਵਾਰ ਰਜਵੰਤ ਕੌਰ ਖਾਲਸਾ ਨੂੰ 952, ਪੀਪਲਜ਼ ਪਾਰਟੀ ਆਫ਼ ਇੰਡੀਆ (ਡੈਮੋਕ੍ਰੇਟਿਕ) ਦੇ ਉਮੀਦਵਾਰ ਰਾਜ ਕੁਮਾਰ ਸਾਕੀ ਨੂੰ 1088 ਨੂੰ ਵੋਟਾਂ ਮਿਲੀਆਂ। ਜਦਕਿ ਆਜ਼ਾਦ ਉਮੀਦਵਾਰਾਂ ਵਿੱਚ ਅਸ਼ੋਕ ਕੁਮਾਰ ਜਖੂ ਨੂੰ 743, ਅਮਰੀਸ਼ ਭਗਤ ਨੂੰ 1184, ਇਕਬਾਲ ਚੰਦ ਮੱਟੂ ਨੂੰ 1956, ਗੁਰਦੀਪ ਸਿੰਘ ਬਿੱਟੂ ਨੂੰ 1113, ਨੀਟੂ ਸ਼ਟਰਾ ਵਾਲਾ ਨੂੰ 1879, ਪਰਮਜੀਤ ਕੌਰ ਤੇਜੀ ਨੂੰ 500 ਅਤੇ ਰਮੇਸ਼ ਲਾਲ ਕਾਲਾ ਨੂੰ 876 ਵੋਟਾਂ ਪ੍ਰਾਪਤ ਹੋਈਆਂ।
ਹੁਣ ਤੱਕ ਦੇ ਰੁਝਾਨ
ਚਰਨਜੀਤ ਸਿੰਘ ਚੰਨੀ (ਕਾਂਗਰਸ)-390053 ਵੋਟਾਂ
ਸੁਸ਼ੀਲ ਰਿੰਕੂ (ਭਾਜਪਾ) - 214060
ਪਵਨ ਟੀਨੂ (ਆਪ)- 208889
ਮਹਿੰਦਰ ਸਿੰਘ ਕੇਪੀ (ਅਕਾਲੀ ਦਲ)-67911
ਬਲਿਵੰਦਰ ਕੁਮਾਰ (ਬਸਪਾ) - 64941
ਇਨ੍ਹਾਂ ਉਮੀਦਵਾਰਾਂ ਵਿਚਾਲੇ ਰਿਹਾ ਸਖ਼ਤ ਮੁਕਾਬਲਾ
ਲੋਕ ਸਭਾ ਹਲਕਾ ਜਲੰਧਰ ਤੋਂ ਬਹੁਤੇ ਉਮੀਦਵਾਰ ਅਜਿਹੇ ਹਨ, ਜਿਹੜੇ ਇਕ ਪਾਰਟੀ ਛੱਡ ਕੇ ਦੂਜੀ ਅਤੇ ਤੀਜੀ ’ਚ ਵੀ ਸ਼ਾਮਲ ਹੋਏ ਹਨ। ਭਾਜਪਾ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਇਸ ’ਚ ਪਹਿਲੇ ਸਥਾਨ ’ਤੇ ਹਨ, ਜਿਨ੍ਹਾਂ ਮੌਜੂਦਾ ਸੰਸਦ ਮੈਂਬਰ ਵਜੋਂ ਟਿਕਟ ਛੱਡ ਕੇ ਭਾਜਪਾ ਦੀ ਪਾਰਟੀ ਜੁਆਇਨ ਕੀਤੀ ਸੀ। ਆਮ ਆਦਮੀ ਪਾਰਟੀ ਦੇ ਮੌਜੂਦਾ ਉਮੀਦਵਾਰ ਪਵਨ ਟੀਨੂੰ ਪਹਿਲਾਂ ਵੀ ਇਸ ਹਲਕੇ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਚੋਣ ਲੜ ਚੁੱਕੇ ਹਨ। ਅਕਾਲੀ ਦਲ ਤੋਂ ਪਹਿਲਾਂ ਉਹ ਬਸਪਾ ’ਚ ਸਨ। ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਉਮੀਦਵਾਰ ਮਹਿੰਦਰ ਸਿੰਘ ਕੇ. ਪੀ. ਵੀ ਪਹਿਲਾਂ ਇਸ ਹਲਕੇ ਤੋਂ ਬਤੌਰ ਕਾਂਗਰਸੀ ਉਮੀਦਵਾਰ ਜਿੱਤ ਪ੍ਰਾਪਤ ਕਰ ਚੁੱਕੇ ਹਨ ਪਰ ਇਸ ਵਾਰ ਟਿਕਟ ਨਾ ਮਿਲਣ ਦੇ ਰੋਸ ਵਜੋਂ ਉਹ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਕਾਂਗਰਸ ਵੱਲੋਂ ਜਿੱਥੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚੋਣ ਮੈਦਾਨ ਵਿਚ ਹਨ, ਉਥੇ ਹੀ ਬਸਪਾ ਪਾਰਟੀ ਵੱਲੋਂ ਬਲਵਿੰਦਰ ਕੁਮਾਰ ਚੋਣ ਮੈਦਾਨ 'ਚ ਹਨ। ਇਨ੍ਹਾਂ ਪੰਜਾਂ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਅੱਜ ਜਨਤਾ ਵੱਲੋਂ ਨੇ ਕਰ ਦਿੱਤਾ ਹੈ। ਜਨਤਾ ਨੇ ਲੋਕ ਸਭਾ ਦੇ ਸੰਸਦ ਮੈਂਬਰ ਵਜੋਂ ਚਰਨਜੀਤ ਸਿੰਘ ਚੰਨੀ ਨੂੰ ਵੱਡੀ ਜਿੱਤ ਝੋਲੀ ਪਾ ਕੇ ਆਪਣਾ ਸੰਸਦ ਮੈਂਬਰ ਚੁਣਿਆ ਹੈ।
ਇਹ ਵੀ ਪੜ੍ਹੋ- ਜਿੱਤ ਦਾ ਸਰਟੀਫਿਕੇਟ ਲੈਣ ਪਹੁੰਚੇ ਸਾਬਕਾ CM ਚਰਨਜੀਤ ਸਿੰਘ ਚੰਨੀ, ਵਿਰੋਧੀਆਂ ਨੂੰ ਵੀ ਪਾ ਲਈ ਜੱਫ਼ੀ
ਇਹ ਵੀ ਪੜ੍ਹੋ- ਤਲਵਾੜਾ ਦਾ ਫ਼ੌਜੀ ਜਵਾਨ ਜਗਜੀਵਨ ਰਾਮ ਸ਼੍ਰੀਨਗਰ 'ਚ ਮੁਕਾਬਲੇ ਦੌਰਾਨ ਹੋਇਆ ਸ਼ਹੀਦ
ਜਾਣੋ ਜਲੰਧਰ ਲੋਕ ਸਭਾ ਹਲਕੇ 'ਚ ਕਿੰਨੇ ਫ਼ੀਸਦੀ ਰਹੀ ਵੋਟਿੰਗ
1 ਜੂਨ ਨੂੰ ਹੋਈ ਵੋਟਿੰਗ ਦਰਮਿਆਨ ਜਲੰਧਰ ਲੋਕ ਸਭਾ ਹਲਕੇ ਲਈ ਕੁੱਲ 59.07 ਫ਼ੀਸਦੀ ਪੋਲਿੰਗ ਹੋਈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਲੋਕ ਸਭਾ ਹਲਕਾ 04-ਜਲੰਧਰ (ਏ. ਡੀ.) ਅਧੀਨ ਪੈਂਦੇ ਵਿਧਾਨ ਸਭਾ ਹਲਕਾ ਫਿਲੌਰ ਵਿੱਚ 57.80 ਫ਼ੀਸਦੀ, ਸ਼ਾਹਕੋਟ ਵਿੱਚ 58.79 ਫ਼ੀਸਦੀ, ਨਕੋਦਰ ਵਿਚ 58.40 ਫ਼ੀਸਦੀ, ਕਰਤਾਰਪੁਰ 'ਚ 57.98 ਫ਼ੀਸਦੀ, ਜਲੰਧਰ ਸੈਂਟਰਲ 'ਚ 56.40 ਫ਼ੀਸਦੀ, ਜਲੰਧਰ ਪੱਛਮੀ 'ਚ 64.00 ਫ਼ੀਸਦੀ, ਜਲੰਧਰ ਉੱਤਰੀ 'ਚ 62.10 ਫ਼ੀਸਦੀ, ਜਲੰਧਰ ਕੈਂਟ 'ਚ 57.95 ਫ਼ੀਸਦੀ ਅਤੇ ਹਲਕਾ ਆਦਮਪੁਰ 'ਚ 58.50 ਫ਼ੀਸਦੀ ਵੋਟਿੰਗ ਹੋਈ।
ਕੀ ਹੈ ਜਲੰਧਰ ਲੋਕ ਸਭਾ ਸੀਟ ਦਾ ਇਤਿਹਾਸ
ਜਲੰਧਰ ਲੋਕ ਸਭਾ ਸੀਟ ਚੋਣ ਕਮਿਸ਼ਨ ਦੇ ਹਲਕਿਆਂ ਦੀ ਸੂਚੀ ਵਿਚ ਹਲਕਾ ਨੰਬਰ 4। ਇਹ ਹਲਕਾ ਅਜਿਹਾ ਹੈ ਜਿਸ ਨੂੰ ਕਾਂਗਰਸ ਦੇ ਪ੍ਰਭਾਵ ਵਾਲਾ ਮੰਨਿਆ ਜਾਂਦਾ ਹੈ। ਜੇਕਰ 1999 ਤੋਂ ਬਾਅਦ ਹੋਈਆਂ ਲੋਕ ਸਭਾ ਚੋਣਾਂ ’ਦੇ ਅੰਕੜਿਆਂ ’ਤੇ ਨਜ਼ਰ ਮਾਰੀ ਜਾਵੇ ਤਾਂ ਇਸ ਹਲਕੇ ਵਿਚ ਕਾਂਗਰਸ ਦਾ ਪ੍ਰਭਾਵ ਸਿੱਧੇ ਤੌਰ ’ਤੇ ਨਜ਼ਰ ਆਉਂਦਾ ਹੈ। ਇਸ ਸੀਟ ’ਤੇ 1999 ਤੋਂ ਬਾਅਦ ਹੁਣ ਤੱਕ ਹੋਈਆਂ 6 ਵਾਰ (ਇਕ ਵਾਰ ਜ਼ਿਮਨੀ ਚੋਣ) ਦੀਆਂ ਲੋਕ ਸਭਾ ਚੋਣਾਂ ’ਚੋਂ 5 ਵਾਰ ਕਾਂਗਰਸ ਜਿੱਤ ਦਰਜ ਕਰ ਚੁੱਕੀ ਹੈ। ਇਸ ਤੋਂ ਸਾਫ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਸੀਟ ਕਾਂਗਰਸ ਦੀ ਰਿਵਾਇਤੀ ਸੀਟ ਹੈ।
ਇਹ ਵੀ ਪੜ੍ਹੋ- ਇਕੱਠਿਆਂ ਨਸ਼ਾ ਕਰਨ ਮਗਰੋਂ ਦੋਸਤ ਦੀ ਵਿਗੜੀ ਸਿਹਤ, ਡਾਕਟਰੀ ਇਲਾਜ ਨਾ ਮਿਲਣ 'ਤੇ ਸ਼ਮਸ਼ਾਨਘਾਟ ਦੇ ਕਮਰੇ 'ਚ ਕੀਤਾ ਕਾਰਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।