ਚਰਨਜੀਤ ਸਿੰਘ ਚੰਨੀ ਦੀਆਂ ਵਧੀਆਂ ਮੁਸ਼ਕਲਾਂ, ਹੁਣ ਲੁਧਿਆਣਾ ਅਦਾਲਤ ''ਚ ਦਰਜ ਹੋਇਆ ਮਾਮਲਾ
Saturday, Feb 19, 2022 - 01:42 PM (IST)
ਲੁਧਿਆਣਾ (ਨਰੇਂਦਰ) : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਦਿੱਤੇ ਗਏ ਬਿਆਨ ਤੋਂ ਬਾਅਦ ਉਨ੍ਹਾਂ ਦੀਆਂ ਮੁਸ਼ਕਲਾਂ ਲਗਾਤਾਰ ਵੱਧ ਰਹੀਆਂ ਹਨ। ਇਸ ਬਿਆਨ ਕਾਰਨ ਪਹਿਲਾਂ ਉਨ੍ਹਾਂ 'ਤੇ ਮੁਜ਼ੱਫਰਨਗਰ 'ਚ ਸ਼ਿਕਾਇਤ ਦਰਜ ਹੋਈ ਸੀ। ਹੁਣ ਪੰਜਾਬ ਦੇ ਲੁਧਿਆਣਾ ਸ਼ਹਿਰ 'ਚ ਮੁੱਖ ਮੰਤਰੀ ਚੰਨੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਲਾਲ ਬਾਬੂ ਵੱਲੋਂ ਉਨ੍ਹਾਂ ਦੇ ਵਕੀਲ ਐਡਵੋਕੇਟ ਗੌਰਵ ਅਰੋੜਾ ਵੱਲੋਂ ਲੁਧਿਆਣਾ ਅਦਾਲਤ 'ਚ ਦਰਜ ਕੀਤਾ ਗਿਆ ਹੈ, ਜਿਸ 'ਤੇ ਮੁੱਖ ਮੰਤਰੀ ਚੰਨੀ ਖ਼ਿਲਾਫ਼ ਧਾਰਾ-173 ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਲੁਧਿਆਣਾ 'ਚ ਸਭ ਤੋਂ ਜ਼ਿਆਦਾ ਅਪਰਾਧਿਕ ਰਿਕਾਰਡ ਵਾਲੇ ਉਮੀਦਵਾਰ, ਰਿਪੋਰਟ 'ਚ ਹੋਇਆ ਖ਼ੁਲਾਸਾ
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਚੰਨੀ ਨੇ ਇਕ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਇਹ ਬਿਆਨ ਦਿੱਤਾ ਸੀ ਕਿ ਪੰਜਾਬ ਪੰਜਾਬੀਆਂ ਦਾ ਹੈ ਅਤੇ ਦੂਜੇ ਸੂਬੇ ਤੋਂ ਇੱਥੇ ਆ ਕੇ ਕੋਈ ਰਾਜ ਨਹੀਂ ਕਰ ਸਕਦਾ। ਜੋ ਹੋਰ ਸੂਬਿਆਂ ਤੋਂ ਆਏ ਹਨ, ਉਨ੍ਹਾਂ ਨੂੰ ਪੰਜਾਬੀਅਤ ਸਿਖਾਵਾਂਗੇ। ਇਹ ਯੂ. ਪੀ., ਬਿਹਾਰ ਅਤੇ ਦਿੱਲੀ ਦੇ ਭਈਏ ਇੱਥੇ ਆ ਕੇ ਰਾਜ ਨਹੀਂ ਕਰ ਸਕਦੇ। ਇਸ ਬਿਆਨ ਦੀ ਆਲੋਚਨਾ ਪੂਰੇ ਦੇਸ਼ ਭਰ 'ਚ ਕੀਤੀ ਗਈ। ਇਸੇ ਤਰਜ਼ 'ਤੇ ਮੁੱਖ ਮੰਤਰੀ ਦੀਆਂ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ ਹਨ।
ਇਹ ਵੀ ਪੜ੍ਹੋ : ਪਰਿਵਾਰ 'ਤੇ ਟੁੱਟਾ ਦੁੱਖਾਂ ਦਾ ਪਹਾੜ, ਭਿਆਨਕ ਸੜਕ ਹਾਦਸੇ ਦੌਰਾਨ ਨਵਜੰਮੇ ਬੱਚੇ ਦੀ ਮੌਤ
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐਡਵੋਕੇਟ ਗੌਰਵ ਅਰੋੜਾ ਨੇ ਕਿਹਾ ਕਿ ਜੋ ਬਿਆਨ ਮੁੱਖ ਮੰਤਰੀ ਵੱਲੋਂ ਦਿੱਤਾ ਗਿਆ, ਇਹ ਘਟੀਆ ਮਾਨਸਿਕਤਾ ਨੂੰ ਦਿਖਾਉਂਦਾ ਹੈ। ਇਸ ਲਈ ਉਨ੍ਹਾਂ ਵੱਲੋਂ ਲੁਧਿਆਣਾ ਅਦਾਲਤ 'ਚ ਕੇਸ ਦਰਜ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਅਦਾਲਤ ਮੁੱਖ ਮੰਤਰੀ ਚੰਨੀ ਨੂੰ ਸਜ਼ਾ ਜ਼ਰੂਰ ਦੇਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ