ਮੁੱਖ ਮੰਤਰੀ ਚੰਨੀ ਨੇ ਸਮਾਣਾ ਹਲਕੇ ਨੂੰ ਦਿੱਤੀ ਵੱਡੀ ਸੌਗਾਤ, ਜਲਦ ਬਣਗੇ ਓਪਨ ਯੂਨੀਵਰਸਿਟੀ
Thursday, Dec 30, 2021 - 09:41 AM (IST)
ਸਮਾਣਾ (ਅਨੇਜਾ) : ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੀ ਆਮਦ ’ਤੇ ਹਲਕਾ ਵਿਧਾਇਕ ਰਾਜਿੰਦਰ ਸਿੰਘ ਅਤੇ ਲਾਲ ਸਿੰਘ ਚੇਅਰਮੇਨ ਮੰਡੀ ਬੋਰਡ ਪੰਜਾਬ ਵੱਲੋਂ ਅਨਾਜ ਮੰਡੀ ਸਮਾਣਾ ਵਿਖੇ ਵਿਸ਼ਾਲ ਰੈਲੀ ਦਾ ਆਯੋਜਨ ਕਰਵਾਇਆ ਗਿਆ। ਇਸ ਦੌਰਾਨ ਵਿਸ਼ੇਸ਼ ਤੌਰ ’ਤੇ ਲਾਲ ਸਿੰਘ ਚੇਅਰਮੈਨ ਮੰਡੀ ਬੋਰਡ ਅਤੇ ਸੀਨੀਅਰ ਕਾਂਗਰਸੀ ਆਗੂ ਮਦਨ ਲਾਲ ਜਲਾਲਪੁਰ, ਨਗਰ ਕੌਂਸਲ ਪ੍ਰਧਾਨ ਅਸ਼ਵਨੀ ਗੁਪਤਾ, ਉਦਯੋਗਪਤੀ ਰਮੇਸ਼ ਗਰਗ, ਅਮਿਤ ਸਿੰਗਲਾ, ਬਲਾਕ ਕਾਂਗਰਸ ਪ੍ਰਧਾਨ ਜੀਵਨ ਗਰਗ, ਇੰਪਰੁਵਮੈਂਟ ਟਰੱਸਟ ਚੇਅਰਮੈਨ ਸ਼ੰਕਰ ਜਿੰਦਲ, ਨਗਰ ਕੌਂਸਲ ਸੀਨੀਅਰ ਵਾਈਸ ਪ੍ਰਧਾਨ ਰਾਜ ਸਚਦੇਵਾ, ਵਾਈਸ ਪ੍ਰਧਾਨ ਸਤਪਾਲ ਨਾਹਰ ਤੋਂ ਇਲਾਵਾ ਵੱਡੀ ਗਿਣਤੀ ’ਚ ਲੋਕ ਮੋਜੂਦ ਸਨ।
ਰੈਲੀ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬੋਲਦਿਆਂ ਕਿਹਾ ਕਿ ਲਾਲ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਦੋ ਵਾਰ ਮੁੱਖ ਮੰਤਰੀ ਬਣਾਇਆ ਪਰ ਕੈਪਟਨ ਅਮਰਿੰਦਰ ਸਿੰਘ ਨੇ 2017 ’ਚ ਲਾਲ ਸਿੰਘ ਦੀ ਟਿਕਟ ਕਟਵਾਈ, ਜਿਸ ਦਾ ਨੁਕਸਾਨ ਹਲਕਾ ਸਮਾਣਾ ਦੇ ਨਾਲ-ਨਾਲ ਪੂਰੇ ਪੰਜਾਬ ਨੂੰ ਹੋਇਆ। ਜੇਕਰ ਅੱਜ ਲਾਲ ਸਿੰਘ ਵਿਧਾਇਕ ਹੁੰਦੇ ਤਾਂ ਘਟੋ-ਘੱਟ ਉੱਪ ਮੁੱਖ ਮੰਤਰੀ ਹੁੰਦੇ ਕਿਉਂਕਿ ਇਹ ਚਾਣਕਿਆ ਵਾਂਗ ਰਾਜਨੀਤੀ ਦੇ ਗੁਰੂ ਹਨ। ਉਨ੍ਹਾਂ ਕਿਹਾ ਕਿ ਪੰਜਾਬ ’ਚ ਕੋਈ ਸਮੱਸਿਆ ਆਈ ਤਾਂ ਲਾਲ ਸਿੰਘ ਨੇ ਉਸ ਮੁਸੀਬਤ ’ਚੋਂ ਬਾਹਰ ਕੱਢਿਆ ਹੈ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਰਾਹੁਲ ਗਾਂਧੀ ਦੀ ਰੈਲੀ 'ਚ ਸਾਫ਼ ਹੋ ਸਕਦੀ ਹੈ ਕਾਂਗਰਸ ਦੇ ਮੁੱਖ ਮੰਤਰੀ ਚਿਹਰੇ ਦੀ ਤਸਵੀਰ
ਉਨ੍ਹਾਂ ਕਿਹਾ ਕਿ ਰਾਜਿੰਦਰ ਸਿੰਘ ਦੀ ਮੰਗ ਅਨੁਸਾਰ ਨਵੇਂ ਸਾਲ ਦੀ ਪਹਿਲੀ ਕੈਬਨਿਟ ਮੀਟਿੰਗ ’ਚ ਸਮਾਣਾ ਦੇ ਪਬਲਿਕ ਕਾਲਜ ਨੂੰ ਸਰਕਾਰੀ ਕਾਲਜ ਬਣਾਉਣ ਅਤੇ 25 ਬਿਸਤਰਿਆਂ ਵਾਲੇ ਸਰਕਾਰੀ ਹਸਪਤਾਲ ਨੂੰ 100 ਬਿਸਤਰਿਆਂ ਦੀ ਸਮਰੱਥਾ ਵਾਲਾ ਕੀਤਾ ਜਾਵੇਗਾ। ਜਲਦੀ ਹੀ ਹਲਕਾ ਸਮਾਣਾ ’ਚ ਓਪਨ ਯੂਨੀਵਰਸਿਟੀ ਬਣਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਮਾਣਾ ਵਾਸੀ ਭਾਗਾਂ ਵਾਲੇ ਹਨ, ਜਿਨ੍ਹਾਂ ਨੂੰ ਇਹ ਪਿਤਾ-ਪੁੱਤਰ ਦੋ ਹੀਰੇ ਮਿਲੇ ਹਨ, ਜੋ ਹਮੇਸ਼ਾ ਆਪਣੇ ਲਈ ਨਹੀਂ, ਸਗੋਂ ਲੋਕਾਂ ਲਈ ਕੰਮ ਕਰਦੇ ਨੇ।
ਇਹ ਵੀ ਪੜ੍ਹੋ : ਮਜੀਠੀਆ ਦੀ ਭਾਲ ’ਚ ਛਾਪੇਮਾਰੀ ਜਾਰੀ, ਅਗਾਊਂ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਅੱਜ
ਉਨ੍ਹਾਂ ਕਿਹਾ ਕਿ ਜੋ ਫ਼ੈਸਲੇ ਅਸੀਂ ਕੀਤੇ ਹਨ, ਉਨ੍ਹਾਂ ਦਾ ਗਰੀਬ ਅਤੇ ਮੱਧ ਵਰਗੀ ਲੋਕਾਂ ਨੂੰ ਲਾਭ ਮਿਲਿਆ ਹੈ। 40 ਹਜ਼ਾਰ ਵਪਾਰੀਆਂ ਤੇ ਵੈਟ ਦੇ ਕੇਸ ਮੁਆਫ਼ ਕੀਤੇ, ਬਾਦਲਾਂ ਦੀਆਂ ਨਾਜਾਇਜ਼ ਪਰਮਿਟ ਵਾਲੀਆਂ ਬੱਸਾਂ ਬੰਦ ਕਰ ਕੇ 840 ਬੱਸਾਂ ਨਵੀਆਂ ਚਲਾਈਆਂ, ਪ੍ਰਾਈਵੇਟ ਅਤੇ ਸਰਕਾਰੀ ਕਾਲਜਾਂ ਸਕੂਲਾਂ ’ਚ ਸਿੱਖਿਆ ਹਾਸਲ ਕਰਨ ਵਾਲੇ ਵਿਦਿਆਰਥੀਆਂ ਲਈ ਮੁਫਤ ਬੱਸ ਸਰਵਿਸ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਮੈਨੂੰ ਤਾਂ ਹਾਲੇ ਤੁਸੀਂ ਦੋ ਮਹੀਨੇ ਹੀ ਦਿੱਤੇ ਨੇ, ਜੇ ਚੰਗੇ ਲੱਗੇ ਨੇ ਤਾਂ ਮੌਕਾ ਹੋਰ ਦੇ ਦਿਓ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ