ਦੀਵਾਲੀ 'ਤੇ ਚੰਨੀ ਸਰਕਾਰ ਦਾ ਪੰਜਾਬੀਆਂ ਨੂੰ ਵੱਡਾ ਤੋਹਫ਼ਾ, 3 ਰੁਪਏ ਸਸਤੀ ਹੋਈ ਬਿਜਲੀ

Monday, Nov 01, 2021 - 05:11 PM (IST)

ਦੀਵਾਲੀ 'ਤੇ ਚੰਨੀ ਸਰਕਾਰ ਦਾ ਪੰਜਾਬੀਆਂ ਨੂੰ ਵੱਡਾ ਤੋਹਫ਼ਾ, 3 ਰੁਪਏ ਸਸਤੀ ਹੋਈ ਬਿਜਲੀ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੂਬੇ ਦੇ ਲੋਕਾਂ ਨੂੰ ਦੀਵਾਲੀ ਦਾ ਵੱਡਾ ਤੋਹਫ਼ਾ ਦਿੱਤਾ ਹੈ। ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਚੰਨੀ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਹੁਣ ਸੂਬੇ ਦੇ ਲੋਕਾਂ ਨੂੰ ਬਿਜਲੀ 3 ਰੁਪਏ ਸਸਤੀ ਮਿਲੇਗੀ। ਇਸ ਦੇ ਨਾਲ ਹੀ ਸੂਬੇ ਦੇ ਮੁਲਾਜ਼ਮਾਂ ਦੇ ਡੀ. ਏ. 'ਚ 11 ਫ਼ੀਸਦੀ ਦਾ ਵਾਧਾ ਕੀਤਾ ਗਿਆ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇਸ ਦੇ ਲਈ ਪੰਜਾਬ ਸਰਕਾਰ ਨੂੰ ਹਰ ਮਹੀਨੇ 440 ਕਰੋੜ ਰੁਪਏ ਜ਼ਿਆਦਾ ਦੇਣਾ ਪਿਆ ਕਰੇਗਾ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਬਿਜਲੀ ਦੇ ਰੇਟਾਂ ਦੇ ਨਵੇਂ ਐਲਾਨ ਮੁਤਾਬਕ ਜਿੱਥੇ 100 ਯੂਨਿਟ ਤੱਕ ਬਿਜਲੀ ਦਾ ਰੇਟ 4 ਰੁਪਏ 19 ਸੀ, ਹੁਣ ਘੱਟ ਕੇ 1 ਰੁਪਿਆ 19 ਪੈਸੇ ਹੋ ਗਿਆ ਹੈ।

ਇਹ ਵੀ ਪੜ੍ਹੋ : ਮੁੱਖ ਮੰਤਰੀ ਚੰਨੀ ਵੱਲੋਂ ਸਾਰੇ ਸਰਕਾਰੀ ਪੈਸੇ ਦਾ ਲੈਣ-ਦੇਣ ਸਹਿਕਾਰੀ ਬੈਂਕਾਂ ਰਾਹੀਂ ਕਰਨ ਦਾ ਐਲਾਨ

ਇਸੇ ਤਰ੍ਹਾਂ 100 ਤੋਂ 300 ਯੂਨਿਟ ਤੱਕ 7 ਰੁਪਏ ਦੀ ਬਜਾਏ ਹੁਣ ਸਿਰਫ 4 ਰੁਪਏ ਦੇਣਗੇ ਪੈਣਗੇ। ਉਨ੍ਹਾਂ ਕਿਹਾ ਕਿ 300 ਤੋਂ ਉੱਪਰ ਯੂਨਿਟ ਦੇ ਨਵੇਂ ਰੇਟਾਂ ਮੁਤਾਬਕ 5 ਰੁਪਏ 76 ਪੈਸੇ ਦੇਣੇ ਪੈਣਗੇ। ਇਸ ਮੌਕੇ ਮੁੱਖ ਮੰਤਰੀ ਚੰਨੀ ਨੇ ਪੰਜਾਬ ਦੇ ਲੋਕਾਂ ਨੂੰ ਮੁਬਾਰਕਾਂ ਵੀ ਦਿੱਤੀਆਂ। ਉਨ੍ਹਾਂ ਕਿਹਾ ਕਿ ਇਹ ਦਰਾਂ ਅੱਜ ਤੋਂ ਹੀ ਲਾਗੂ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਸ ਦਾ ਬਹੁਤ ਵੱਡਾ ਫ਼ਾਇਦਾ ਮਿਲੇਗਾ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਜਿਹੜੇ ਰੇਟ ਅੱਜ ਬਿਜਲੀ ਦੇ ਤੈਅ ਕੀਤੇ ਗਏ ਹਨ, ਉਹ ਪੂਰੇ ਦੇਸ਼ 'ਚੋਂ ਸਭ ਤੋਂ ਸਸਤੇ ਹਨ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਵੀ ਸਸਤੀ ਬਿਜਲੀ ਖ਼ਰੀਦ ਰਹੀ ਹੈ ਅਤੇ ਜਿਹੜੀਆਂ ਕੰਪਨੀਆਂ ਮਹਿੰਗੀ ਬਿਜਲੀ ਦੇ ਰਹੀਆਂ ਹਨ, ਉਨ੍ਹਾਂ ਨਾਲ ਕੀਤੇ ਸਮਝੌਤੇ ਰੱਦ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ : ਪੰਜਾਬ ਮੰਤਰੀ ਮੰਡਲ ਦੀ ਬੈਠਕ ਅੱਜ, ਮੁੱਖ ਮੰਤਰੀ ਚੰਨੀ ਬੋਲੇ-ਇਤਿਹਾਸਿਕ ਫ਼ੈਸਲੇ ਦਾ ਸ਼ਾਮ 4 ਵਜੇ ਖੋਲ੍ਹਣਗੇ ਰਾਜ਼

ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਸਰਕਾਰ ਨੇ ਆਪਣਾ 500 ਮੈਗਾਵਾਟ ਦਾ ਟੈਂਡਰ ਕੱਢਿਆ ਹੈ। ਉਨ੍ਹਾਂ ਕਿਹਾ ਕਿ ਇਸ 'ਚ 2 ਰੁਪਏ 38 ਪੈਸੇ ਦੇ ਹਿਸਾਬ ਨਾਲ ਬਿਜਲੀ ਮਿਲੇਗੀ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਜੋ ਵੀ ਅਸੀਂ ਬਚਾ ਰਹੇ ਹਾਂ, ਉਹ ਖ਼ਪਤਕਾਰਾਂ ਨੂੰ ਦੇ ਰਹੇ ਹਾਂ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਪੰਜਾਬ ਦੇ ਲੋਕ ਇਹੀ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਸਸਤੀ ਅਤੇ ਪੂਰੇ ਸਮੇਂ ਲਈ ਬਿਜਲੀ ਮੁਹੱਈਆ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪਹਿਲਾਂ ਹੀ 200 ਯੂਨਿਟ ਤੱਕ 21 ਲੱਖ ਖ਼ਪਤਕਾਰਾਂ ਦੀ ਬਿਜਲੀ ਮੁਆਫ਼ ਹੈ ਅਤੇ ਇਸ ਨੂੰ ਵਾਪਸ ਨਹੀਂ ਲਿਆ ਜਾ ਰਿਹਾ, ਇਹ ਇਸੇ ਤਰ੍ਹਾਂ ਰੈਗੂਲਰ ਰਹੇਗੀ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਦੇ ਐਡਵੋਕੇਟ ਜਨਰਲ APS ਦਿਓਲ ਨੇ ਦਿੱਤਾ ਅਸਤੀਫ਼ਾ

ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਸਰਕਾਰਾਂ ਨੂੰ ਜਨਤਾ ਹੀ ਬਣਾਉਂਦੀ ਹੈ, ਇਸ ਲਈ ਜਨਤਾ ਦੇ ਮੁਤਾਬਕ ਹੀ ਫ਼ੈਸਲੇ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜੋ ਵੀ ਫ਼ੈਸਲੇ ਲਵੇਗੀ, ਪਹਿਲਾਂ ਜਨਤਾ 'ਚ ਬੰਦੇ ਭੇਜ ਕੇ ਉਸ ਦਾ ਸਰਵੇ ਕਰਵਾਇਆ ਜਾਵੇਗਾ ਅਤੇ ਇਸ ਤੋਂ ਬਾਅਦ ਹੀ ਕਿਸੇ ਤਰ੍ਹਾਂ ਦਾ ਫ਼ੈਸਲਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਸਰਕਾਰ ਨੇ 2 ਕਿੱਲੋਵਾਟ ਤੱਕ ਦੇ ਬਿਜਲੀ ਬਕਾਇਆ ਬਿੱਲ ਮੁਆਫ਼ ਕੀਤੇ ਗਏ ਹਨ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਸਾਡੀ ਸਰਕਾਰ ਦੇ ਫ਼ੈਸਲੇ ਤੁਰੰਤ ਲਾਗੂ ਹੋ ਰਹੇ ਹਨ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
 


author

Babita

Content Editor

Related News