ਵੱਡੀ ਖ਼ਬਰ : ਚਰਨਜੀਤ ਸਿੰਘ ਚੰਨੀ ਹੋਣਗੇ ਕਾਂਗਰਸ ਦਾ ਮੁੱਖ ਮੰਤਰੀ ਚਿਹਰਾ

Sunday, Feb 06, 2022 - 07:13 PM (IST)

ਵੱਡੀ ਖ਼ਬਰ : ਚਰਨਜੀਤ ਸਿੰਘ ਚੰਨੀ ਹੋਣਗੇ ਕਾਂਗਰਸ ਦਾ ਮੁੱਖ ਮੰਤਰੀ ਚਿਹਰਾ

ਲੁਧਿਆਣਾ : ਪੰਜਾਬ ਵਿਧਾਨ ਸਭਾ ਲਈ ਚੋਣ ਮੈਦਾਨ ਭਖਣ ਦੇ ਨਾਲ ਹੀ ਕਾਂਗਰਸ ਵਲੋਂ ਮੁੱਖ ਮੰਤਰੀ ਦੇ ਚਿਹਰੇ ਦੇ ਨਾਂ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ। ਰਾਹੁਲ ਗਾਂਧੀ ਵਲੋਂ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਵਿਚ ਕਾਂਗਰਸ ਦੇ ਮੁੱਖ ਮੰਤਰੀ ਚਿਹਰੇ ਵਜੋਂ ਐਲਾਨ ਦਿੱਤਾ ਗਿਆ ਹੈ। ਇਸ ਲਈ ਬਕਾਇਦਾ ਰਾਹੁਲ ਗਾਂਧੀ ਅੱਜ ਲੁਧਿਆਣਾ ਪਹੁੰਚੇ ਅਤੇ ਵਰਚੁਅਲ ਰੈਲੀ ਕੀਤੀ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਚਰਨਜੀਤ ਚੰਨੀ, ਨਵਜੋਤ ਸਿੱਧੂ ਅਤੇ ਸੁਨੀਲ ਜਾਖੜ ਨਾਲ ਬੰਦ ਕਮਰਾ ਮੀਟਿੰਗ ਵੀ ਕੀਤੀ।ਇਸ ਉਪਰੰਤ ਰਾਹੁਲ ਗਾਂਧੀ ਰੈਲੀ ਵਾਲੀ ਥਾਂ ’ਤੇ ਪਹੁੰਚੇ ਅਤੇ ਕਾਂਗਰਸ ਦੇ ਮੁੱਖ ਮੰਤਰੀ ਚਿਹਰੇ ਦੇ ਉਮੀਦਵਾਰ ਦਾ ਐਲਾਨ ਕੀਤਾ। ਇਸ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਪਾਰਟੀ ਹੀਰਿਆਂ ਨਾਲ ਭਰੀ ਪਈ ਹੈ ਅਤੇ ਪੰਜਾਬ ਦੀ ਜਨਤਾ ਨੇ ਉਨ੍ਹਾਂ ਨੂੰ ਬਹੁਤ ਮੁਸ਼ਕਿਲ ਕੰਮ ਸੌਂਪਿਆ ਹੈ। ਰਾਹੁਲ ਨੇ ਕਿਹਾ ਕਿ ਸਟੇਜ ’ਤੇ ਭਾਂਸ਼ਣ ਦੇਣਾ ਸੌਖਾ ਹੈ ਪਰ ਡੂੰਘਾਈ ਨਾਲ ਦੇਖੋ ਤਾਂ ਇਕ ਆਗੂ ਦੀ ਸੱਚਾਈ ਲੁੱਕ ਨਹੀਂ ਸਕਦੀ। ਮੈਂ ਮੁੱਖ ਮੰਤਰੀ ਚਿਹਰਾ ਨਹੀਂ ਚੁਣਿਆ। ਮੈਂ ਪੰਜਾਬ ਦੇ ਲੋਕਾਂ ਤੋਂ ਪੁੱਛਿਆ। ਉਮੀਦਵਾਰਾਂ ਅਤੇ ਵਰਕਰਾਂ, ਵਰਕਿੰਗ ਕਮੇਟੀ ਦੇ ਮੈਂਬਰਾਂ ਤੋਂ ਪੁੱਛਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਖੁਦ ਆਪਣਾ ਨੇਤਾ ਚੁਨਣਾ ਚਾਹੀਦਾ ਹੈ। ਮੈਂ ਸਿਰਫ ਸਲਾਹ ਦੇ ਸਕਦਾ ਹਾਂ ਪਰ ਪੰਜਾਬ ਦਾ ਫ਼ੈਸਲਾ ਜ਼ਿਆਦਾ ਜ਼ਰੂਰੀ ਹੈ। ਪੰਜਾਬ ਨੇ ਕਿਹਾ ਕਿ ਸਾਨੂੰ ਗਰੀਬ ਘਰ ਦਾ ਮੁੱਖ ਮੰਤਰੀ ਚਾਹੀਦਾ ਹੈ। ਜਿਹੜਾ ਭੁੱਖ ਅਤੇ ਗਰੀਬੀ ਨੂੰ ਸਮਝੇ, ਪੰਜਾਬ ਨੂੰ ਅਜਿਹੇ ਵਿਅਕਤੀ ਦੀ ਜ਼ਰੂਰਤ ਹੈ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਨਵਜੋਤ ਸਿੱਧੂ ਨਾਲ ਹੋਈ ਪਹਿਲੀ ਮੁਲਾਕਾਤ ਨੂੰ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਦੇ ਖੂਨ ਵਿਚ ਪੰਜਾਬ ਹੈ। ਉਹ ਸਿੱਧੂ ਨੂੰ ਸਕੂਲ ਵਿਚ ਮਿਲੇ ਸਨ। ਰਾਜਵਿੰਦਰ ਪਬਲਿਕ ਸਕੂਲ ਵਿਚ ਸਵੇਰੇ 8 ਵਜੇ ਕ੍ਰਿਕਟ ਮੈਚ ਦੌਰਾਨ ਉਨ੍ਹਾਂ ਨੇ ਪਹਿਲੀ ਵਾਰ ਸਿੱਧੂ ਨੂੰ ਦੇਖਿਆ ਸੀ। ਉਨ੍ਹਾਂ ਨੇ ਉਦੋਂ ਹੀ ਅੰਦਾਜ਼ਾ ਲਗਾ ਲਿਆ ਸੀ ਕਿ ਇਸ ਵਿਅਕਤੀ ਵਿਚ ਗੱਲਬਾਤ ਹੈ।

ਇਹ ਵੀ ਪੜ੍ਹੋ : ਕਾਂਗਰਸ ਦੇ ਮੁੱਖ ਮੰਤਰੀ ਚਿਹਰੇ ਦੇ ਐਲਾਨ ਤੋਂ ਪਹਿਲਾਂ ਨਵਜੋਤ ਸਿੱਧੂ ਦਾ ਵੱਡਾ ਬਿਆਨ

ਕੀ ਕਿਹਾ ਸੀ ਨਵਜੋਤ ਸਿੱਧੂ ਨੇ
ਰਾਹੁਲ ਗਾਂਧੀ ਦੇ ਲੁਧਿਆਣਾ ਪਹੁੰਚਣ ਤੋਂ ਪਹਿਲਾਂ ਨਵਜੋਤ ਸਿੱਧੂ ਨੇ ਟਵੀਟ ਕਰਦੇ ਹੋਏ ਕਿਹਾ ਸੀ ਕਿ ਬਿਨਾਂ ਕਿਸੇ ਫ਼ੈਸਲੇ ਦੇ ਕੁਝ ਵੱਡਾ ਨਹੀਂ ਕੀਤਾ ਜਾ ਸਕਦਾ। ਪੰਜਾਬ ਨੂੰ ਸਪੱਸ਼ਟਤਾ ਦੇਣ ਆਏ ਸਾਡੇ ਮੋਹਰੀ ਰਾਹੁਲ ਗਾਂਧੀ ਦਾ ਨਿੱਘਾ ਸਵਾਗਤ ਹੈ। ਰਾਹੁਲ ਗਾਂਧੀ ਜਿਹੜਾ ਵੀ ਫ਼ੈਸਲਾ ਲੈਣਗੇ ਉਸ ਦੀ ਪਾਲਣਾ ਕੀਤੀ ਜਾਵੇਗੀ। ਸਿੱਧੂ ਨੇ ਇਹ ਵੀ ਆਖਿਆ ਸੀ ਕਿ ਉਸ ਸ਼ਖਸ ਨੂੰ ਹੀ ਮੁੱਖ ਮਤੰਰੀ ਬਣਾਇਆ ਜਾਣਾ ਚਾਹੀਦਾ ਹੈ ਜੋ 60 ਵਿਧਾਇਕ ਬਣਾ ਸਕਣ ਦੇ ਸਮਰੱਥ ਹੋਵੇ ਅਤੇ ਜਿਸ ਕੋਲ ਵਿਕਾਸ ਲਈ ਰੋਡ ਮੈਪ ਅਤੇ ਲੋਕਾਂ ਦਾ ਵਿਸ਼ਵਾਸ ਹੋਵੇ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਚੋਣ ਕਮਿਸ਼ਨ ਵਲੋਂ ਸੰਯੁਕਤ ਸਮਾਜ ਮੋਰਚੇ ਨੂੰ ਚੋਣ ਨਿਸ਼ਾਨ ਜਾਰੀ

ਸਿੱਧੂ ਅਤੇ ਚੰਨੀ ਠੋਕ ਰਹੇ ਸੀ ਦਾਅਵਾ
ਪੰਜਾਬ ਕਾਂਗਰਸ ਦੇ ਮੁੱਖ ਮੰਤਰੀ ਚਿਹਰੇ ਲਈ ਨਵਜੋਤ ਸਿੱਧੂ ਅਤੇ ਚਰਨੀਤ ਚੰਨੀ ਦਾਅਵਾ ਠੋਕ ਰਹੇ ਸਨ। ਸਿੱਧੂ ਦਾ ਕਹਿਣਾ ਹੈ ਕਿ ਪੰਜਾਬ ਜੇ ਇਸ ਉਲਝਣ ਤੋਂ ਬਾਹਰ ਨਿਕਲਿਆ ਤਾਂ ਕਾਂਗਰਸ ਨੂੰ 60 ਤੋਂ 70 ਸੀਟਾਂ ਮਿਲਣੀਆਂ ਤੈਅ ਹਨ। ਚਰਨਜੀਤ ਚੰਨੀ ਨੇ ਮੁੱਖ ਮੰਤਰੀ ਦੀ ਕੁਰਸੀ ਨੂੰ ਅਲਾਦੀਨ ਦਾ ਚਿਰਾਗ ਦੱਸਦੇ ਹੋਏ 111 ਦਿਨ ਤੋਂ ਬਾਅਦ ਪੂਰੇ ਪੰਜ ਸਾਲ ਮੰਗ ਰਹੇ ਸਨ। ਚੰਨੀ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਆਪਣੇ 111 ਦਿਨਾਂ ਵਿਚ ਬਿਹਤਰ ਕੰਮ ਕੀਤਾ ਹੈ, ਲਿਹਾਜ਼ਾ ਉਨ੍ਹਾਂ ਨੂੰ ਪੂਰੇ ਪੰਜ ਸਾਲ ਕੰਮ ਕਰਨ ਦਾ ਮੌਕਾ ਦੇਣਾ ਚਾਹੀਦਾ ਹੈ। ਉਂਝ ਦੋਵੇਂ ਆਗੂ ਆਖ ਚੁੱਕੇ ਸਨ ਕਿ ਪਾਰਟੀ ਹਾਈਕਮਾਨ ਜਿਹੜਾ ਵੀ ਫ਼ੈਸਲਾ ਲਵੇਗੀ, ਉਹ ਸਾਰਿਆਂ ਨੂੰ ਮਨਜ਼ੂਰ ਹੋਵੇਗਾ।

ਇਹ ਵੀ ਪੜ੍ਹੋ : ਧੀ ਦੇ ਵਿਆਹ ਤੋਂ ਇਕ ਦਿਨ ਪਹਿਲਾਂ ਵਾਪਰਿਆ ਵੱਡਾ ਹਾਦਸਾ, ਘਰ ’ਚ ਮਚ ਗਿਆ ਚੀਕ-ਚਿਹਾੜਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News