ਅਰਵਿੰਦ ਕੇਜਰੀਵਾਲ ਨੂੰ ਕਾਲ਼ਾ ਅੰਗ੍ਰੇਜ਼ ਕਹਿ ਕੇ ਪੰਜਾਬ ਦੇ ਲੋਕਾਂ ਦਾ ਅਪਮਾਨ ਕਰ ਰਹੇ ਹਨ ਮੁੱਖ ਮੰਤਰੀ ਚੰਨੀ : ਰਾਘਵ ਚੱਢਾ
Wednesday, Dec 01, 2021 - 09:04 PM (IST)
ਚੰਡੀਗੜ੍ਹ-ਆਮ ਆਦਮੀ ਪਾਰਟੀ (ਆਪ) ਦੇ ਕੌਮੀ ਬੁਲਾਰੇ, ਦਿੱਲੀ ਤੋਂ ਵਿਧਾਇਕ ਤੇ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ‘ਕਾਲ਼ਾ ਅੰਗ੍ਰੇਜ਼’ ਕਹੇ ਜਾਣ ਦਾ ਸਖ਼ਤ ਨੋਟਿਸ ਲੈਂਦੇ ਹੋਏ ਕਿਹਾ ਕਿ ਇੱਕ ਜ਼ਿੰਮੇਵਾਰ ਕੁਰਸੀ ’ਤੇ ਬੈਠ ਕੇ ਮੁੱਖ ਮੰਤਰੀ ਚੰਨੀ ਨੇ ਬਦਜ਼ੁਬਾਨੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ, ਜੋ ਸ਼ਰਮ ਵਾਲੀ ਗੱਲ ਹੈ। ਬੁੱਧਵਾਰ ਨੂੰ ਜਾਰੀ ਬਿਆਨ ਅਤੇ ਵੀਡੀਓ ਰਾਹੀਂ ਰਾਘਵ ਚੱਢਾ ਨੇ ਕਿਹਾ ਕਿ ਪੰਜਾਬ ਦੇ ਲੋਕ ਅਰਵਿੰਦ ਕੇਜਰੀਵਾਲ ਨੂੰ ਅਥਾਹ ਪਿਆਰ ਕਰਦੇ ਹਨ। ਚੰਨੀ ਨੇ ਲੋਕਾਂ ਦੇ ਹਰਮਨ ਪਿਆਰੇ ਆਗੂ ਅਰਵਿੰਦ ਕੇਜਰੀਵਾਲ ਨੂੰ ਅੱਜ ‘ਕਾਲ਼ਾ ਅੰਗ੍ਰੇਜ਼’ ਕਿਹਾ ਹੈ। ਇਸ ਤੋਂ ਪਹਿਲਾਂ ਵੀ ਉਹ (ਚੰਨੀ ਅਤੇ ਕਾਂਗਰਸੀ) ਅਰਵਿੰਦ ਕੇਜਰੀਵਾਲ ਨੂੰ ਰੋਜ਼ ਗਾਲਾਂ ਕੱਢਦੇ ਹਨ। ਲੋਕਾਂ ਦੇ ਹੀਰੋ ਲਈ ਅਜਿਹੀ ਹੇਠਲੇ ਦਰਜ਼ੇ ਦੀ ਭਾਸ਼ਾ ਵਰਤ ਕੇ ਚੰਨੀ ਅਤੇ ਉਸ ਦੇ ਸਾਥੀ ਪੰਜਾਬੀਆਂ ਸਮੇਤ ਉਨ੍ਹਾਂ ਸਾਰੇ ਲੋਕਾਂ ਦਾ ਅਪਮਾਨ ਕਰ ਰਹੇ ਹਨ, ਅਰਵਿੰਦ ਕੇਜਰੀਵਾਲ ਨੂੰ ਇੱਕ ਲੋਕ ਹਿਤੈਸ਼ੀ ਆਗੂ ਵਜੋਂ ਪਸੰਦ ਕਰਦੇ ਹਨ।
ਇਹ ਵੀ ਪੜ੍ਹੋ : ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਮੁਕੰਮਲ ਕਰਜ਼ਾ ਮੁਆਫ਼ੀ ਤੋਂ ਭੱਜੀਆਂ ਪੰਜਾਬ ਅਤੇ ਕੇਂਦਰ ਸਰਕਾਰਾਂ : 'ਆਪ'
ਰਾਘਵ ਚੱਢਾ ਨੇ ਕਿਹਾ, ‘‘ਅੱਜ ਤੁਸੀਂ ਕਾਲ਼ਾ ਅੰਗ੍ਰੇਜ਼ ਕਹਿ ਰਹੇ ਹੋ, ਕੱਲ਼ ਤੁਸੀਂ ਕਹਿੰਦੇ ਸੀ, ਕੇਜਰੀਵਾਲ ਦੇ ਕੱਪੜੇ ਮਾੜੇ ਹਨ। ਜੋ ਸਖ਼ਸ਼ (ਕੇਜਰੀਵਾਲ) ਪੰਜਾਬ ’ਚ ਬਿਹਤਰੀਨ ਸਿੱਖਿਆ ਦੇਣਾ, ਮੁਫ਼ਤ ਅਤੇ ਵਧੀਆ ਸਿਹਤ ਸੇਵਾਵਾਂ, ਘਰ- ਘਰ ਮੁਫ਼ਤ ਅਤੇ ਨਿਰਵਿਘਨ ਬਿਜਲੀ, ਸਪਲਾਈ ਦੇਣ ਅਤੇ ਮਹਿਲਾਵਾਂ ਨੂੰ ਪ੍ਰਤੀ ਮਹੀਨਾ ਇੱਕ ਹਜ਼ਾਰ ਰੁਪਏ ਆਰਥਿਕ ਮਦਦ ਦੇਣ ਦੀਆਂ ਗੱਲਾਂ ਕਰ ਰਿਹਾ ਹੈ, ਮੁੱਖ ਮੰਤਰੀ ਚੰਨੀ ਕਦੇ ਉਸ ਦੇ ਸਾਦੇ ਪਹਿਰਾਵੇ ਅਤੇ ਕਦੇ ਉਸ ਦੇ ਰੰਗ ਉਤੇ ਘਟੀਆ ਅੰਦਾਜ਼ ’ਚ ਟਿੱਪਣੀਆਂ ਕਰ ਰਹੇ ਹਨ, ਇਹ ਮੰਦਭਾਗਾ ਹੈ।’’
ਇਹ ਵੀ ਪੜ੍ਹੋ : ਖੇਤੀਬਾੜੀ ਕਾਨੂੰਨ ਵਾਪਸੀ 'ਤੇ ਰਾਸ਼ਟਰਪਤੀ ਨੇ ਲਾਈ ਮੋਹਰ
ਰਾਘਵ ਚੱਢਾ ਨੇ ਕਿਹਾ ਕਿ ਕੇਜਰੀਵਾਲ ਦੇ ਕੱਪੜਿਆਂ ਅਤੇ ਰੰਗ ’ਤੇ ਟਿੱਪਣੀਆਂ ਕਰਨ ਦੀ ਬਜਾਏ ਮੁੱਖ ਮੰਤਰੀ ਚੰਨੀ ਨੂੰ ਪੰਜਾਬ ਦੇ ਤਰਸਯੋਗ ਅਤੇ ਮਾੜੇ ਹਾਲਾਤ ਕਿਉਂ ਨਹੀਂ ਨਜ਼ਰ ਆ ਰਹੇ? ਰਾਘਵ ਚੱਢਾ ਅਨੁਸਾਰ, ‘‘ਕਾਂਗਰਸ ਨੇ 5 ਸਾਲ ਪੰਜਾਬ ਨੂੰ ਬਾਦਲਾਂ ਵਾਂਗ ਰੱਜ ਕੇ ਲੁੱਟਿਆ ਅਤੇ ਕੁੱਟਿਆ। ਝੂਠ ’ਤੇ ਝੂਠ ਬੋਲਿਆ। ਵਾਅਦੇ ਵਫ਼ਾ ਕਰਨ ਦੀ ਥਾਂ ਪੈਰ-ਪੈਰ ’ਤੇ ਧੋਖ਼ੇ ਕੀਤੇ। ਦੂਜੇ ਪਾਸੇ ਦਿਨ ਰਾਤ ਲੋਕਾਂ ਦੀ ਸੇਵਾ ਕਰਨ ਵਾਲੇ ਅਰਵਿੰਦ ਕੇਜਰੀਵਾਲ ਦਾ ਕੀ ਗੁਨਾਹ ਹੈ ਕਿ ਇੱਕ ਇਮਾਨਦਾਰ ਬੰਦੇ ਨੂੰ ਤੁਸੀਂ ਬਾਰੇ ਮਿਲ ਕੇ (ਚੰਨੀ, ਕਾਂਗਰਸ, ਕੈਪਟਨ, ਬਾਦਲ ਅਤੇ ਭਾਜਪਾ) ਰੋਜ਼ ਮੋਟੀਆਂ- ਮੋਟੀਆਂ ਗਾਲ਼ਾਂ ਕੱਢਦੇ ਹੋ। ‘‘ਰਾਘਵ ਚੱਢਾ ਨੇ ਕਿਹਾ ਕੇਜਰੀਵਾਲ ਪੰਜਾਬ ਦੇ ਲੋਕਾਂ ਦੇ ਦਿਲਾਂ ’ਚ ਵਸਦੇ ਹਨ, ਇਸ ਕਰਕੇ ਅਜਿਹੀ ਬਦਜ਼ੁਬਾਨੀ ਪੰਜਾਬ ਦੇ ਲੋਕਾਂ ਦਾ ਅਪਮਾਨ ਹੈ।’’
ਇਹ ਵੀ ਪੜ੍ਹੋ : ਪੰਜਾਬ ਦੇ ਲੋਕ ਕੈਪਟਨ ਤੇ ਭਾਜਪਾ ਨੂੰ 2022 ਦੀਆਂ ਚੋਣਾਂ 'ਚ ਸਬਕ ਸਿਖਾਉਣਗੇ : ਰਾਜਾ ਵੜਿੰਗ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।