''ਪੰਜਾਬ ’ਚ ਪੈਟਰੋਲ ਤੇ ਡੀਜ਼ਲ ’ਤੇ ਵੈਟ ਕਿਉਂ ਨਹੀਂ ਘਟਾ ਰਹੀ ਚੰਨੀ ਸਰਕਾਰ''

Saturday, Nov 06, 2021 - 10:07 PM (IST)

ਚੰਡੀਗੜ੍ਹ(ਸ਼ਰਮਾ)- ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦੇਸ਼ ਵਾਸੀਆਂ ਨੂੰ ਦੀਵਾਲੀ ਤੋਂ ਇਕ ਦਿਨ ਪਹਿਲਾਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਤੇ 5 ਰੁਪਏ ਅਤੇ 10 ਰੁਪਏ ਐਕਸਾਈਜ ਡਿਊਟੀ ਘਟਾ ਕੇ ਦਿੱਤੀ ਗਈ ਰਾਹਤ ਦਾ ਜਿਥੇ ਸਵਾਗਤ ਕੀਤਾ ਉਥੇ ਹੀ ਪੰਜਾਬ ਦੀ ਕਾਂਗਰਸ ਸਰਕਾਰ ’ਤੇ ਸਵਾਲ ਖੜ੍ਹੇ ਕੀਤੇ ਹਨ। ਸ਼ਰਮਾ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਪੈਟਰੋਲ ਅਤੇ ਡੀਜਲ ’ਤੇ ਆਪਣੇ ਹਿੱਸੇ ਦੀ ਐਕਸਾਈਜ਼ ਡਿਊਟੀ ’ਚ ਆਪਣਾ ਹਿੱਸਾ ਘਟਾਉਣ ਤੋਂ ਬਾਅਦ ਭਾਜਪਾ ਸ਼ਾਸਿਤ ਰਾਜਾਂ ਦੀਆਂ ਸਰਕਾਰਾਂ ਨੇ ਵੀ ਵੈਟ ’ਚ ਕਟੌਤੀ ਕਰਕੇ ਜਨਤਾ ਨੂੰ ਬੜੀ ਵੱਡੀ ਰਾਹਤ ਦਿੱਤੀ ਹੈ, ਜਿਸ ਕਾਰਨ ਉਥੇ ਪੈਟਰੋਲ ਅਤੇ ਡੀਜ਼ਲ ਕੀਮਤ 95 ਰੁਪਏ ਤੋਂ ਹੇਠਾਂ ਪੁੱਜ ਗਈ ਹੈ।

ਇਹ ਵੀ ਪੜ੍ਹੋ : ਬੇਅਦਬੀ ਦੇ ਦੋਸ਼ੀਆਂ ਤੇ ਨਸ਼ੇ ਦੇ ਸੌਦਾਗਰਾਂ ਖ਼ਿਲਾਫ਼ ਜਲਦ ਹੋਵੇਗੀ ਕਾਰਵਾਈ : ਚੰਨੀ
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਕੰਟਰੋਲ ਵਾਲੇ ਚੰਡੀਗੜ੍ਹ ’ਚ ਵੀ ਉੱਥੋਂ ਦੇ ਪ੍ਰਸ਼ਾਸਨ ਨੇ ਆਪਣੇ ਕੋਟੇ ਦਾ ਵੈਟ ਘਟਾ ਕੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ, ਜਿਸ ਨਾਲ ਹੁਣ ਚੰਡੀਗੜ੍ਹ ’ਚ ਪੈਟਰੋਲ ਦੀ ਕੀਮਤ 94.23 ਰੁਪਏ ਅਤੇ ਡੀਜ਼ਲ ਦੀ ਕੀਮਤ 82.64 ਰੁਪਏ ਹੋ ਗਈ ਹੈ। ਜਦੋਂ ਕਿ ਪੰਜਾਬ ’ਚ ਇਸ ਸਮੇਂ ਪੈਟਰੋਲ ਦੀ ਕੀਮਤ 106.20 ਰੁਪਏ ਅਤੇ ਡੀਜ਼ਲ ਦੀ ਕੀਮਤ 89.83 ਰੁਪਏ ਹੈ। ਅਸ਼ਵਨੀ ਸ਼ਰਮਾ ਨੇ ਪੰਜਾਬ ਸਰਕਾਰ ਨੂੰ ਸਵਾਲ ਕੀਤਾ ਕਿ ਪੰਜਾਬ ਸਰਕਾਰ ਆਪਣੇ ਹਿੱਸੇ ਦਾ ਵੈਟ ਘਟਾ ਕੇ ਸੂਬੇ ਦੇ ਲੋਕਾਂ ਨੂੰ ਰਾਹਤ ਕਿਉਂ ਨਹੀਂ ਦੇ ਰਹੀ? ਸ਼ਰਮਾ ਨੇ ਕਿਹਾ ਕਿ ਭਾਜਪਾ ਸ਼ਾਸਿਤ ਸੂਬਿਆਂ ਉੱਤਰ ਪ੍ਰਦੇਸ਼, ਹਰਿਆਣਾ, ਗੋਆ, ਉੱਤਰਾਖੰਡ, ਗੁਜਰਾਤ, ਅਸਾਮ, ਹਿਮਾਚਲ ਪ੍ਰਦੇਸ਼ ਅਤੇ ਉੜੀਸਾ ਆਦਿ ਦੀਆਂ ਸਰਕਾਰਾਂ ਨੇ ਆਪਣੇ ਹਿੱਸੇ ਦੇ ਵੈਟ ਨੂੰ ਘਟਾ ਕੇ ਸੂਬੇ ਦੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਪੰਜਾਬ ਸਰਕਾਰ ਸਿਰਫ਼ ਜਨਤਾ ਨੂੰ ਲੁੱਟਣਾ ਅਤੇ ਮੂਰਖ ਬਣਾਉਣਾ ਜਾਣਦੀ ਹੈ, ਰਾਹਤ ਦੇਣਾ ਨਹੀਂ। ਸ਼ਰਮਾ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਚੰਡੀਗੜ੍ਹ ਪ੍ਰਸ਼ਾਸਨ ਵਾਂਗ ਪੰਜਾਬ ’ਚ ਵੀ ਪੈਟਰੋਲ ਅਤੇ ਡੀਜ਼ਲ ’ਤੇ ਵੈਟ ਦੀ ਦਰ ਘੱਟ ਕੀਤੀ ਜਾਵੇ।


Bharat Thapa

Content Editor

Related News