...ਤੇ ਹੁਣ ''ਚੰਡੀਗੜ੍ਹ'' ਅੱਗੇ ਨਹੀਂ ਲਿਖਿਆ ਜਾਵੇਗਾ ''ਸਿਟੀ ਬਿਊਟੀਫੁੱਲ''!
Friday, Mar 29, 2019 - 10:13 AM (IST)
ਚੰਡੀਗੜ੍ਹ : ਸ਼ਹਿਰ ਦੀ ਖੂਬਸੂਰਤੀ ਨੂੰ ਦਰਸਾਉਣ ਵਾਲਾ 'ਸਿਟੀ ਬਿਊਟੀਫੁੱਲ' ਦਾ ਟੈਗ ਹੁਣ ਸ਼ਾਇਦ 'ਚੰਡੀਗੜ੍ਹ' ਦੇ ਅੱਗੇ ਲੱਗਣਾ ਬੰਦ ਹੋ ਜਾਵੇਗਾ ਕਿਉਂਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਇਸ ਟੈਗ ਨੂੰ ਹਟਾਉਣ ਦੀ ਮੰਗ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਸਵੈਮ ਸੇਵੀ ਸੰਸਥਾ 'ਦਿ ਰਨ ਕਲੱਬ' ਵਲੋਂ ਹਾਈਕੋਰਟ 'ਚ ਪਟੀਸ਼ਨ ਪਾਈ ਗਈ ਸੀ, ਜਿਸ 'ਚ ਕਿਹਾ ਗਿਆ ਸੀ ਕਿ ਸ਼ਹਿਰ 'ਚ ਸਫਾਈ ਵਿਵਸਥਾ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ। ਪਟੀਸ਼ਨ 'ਚ ਦੱਸਿਆ ਗਿਆ ਕਿ 'ਸਾਲਿਡ ਵੇਸਟ ਮੈਨਜਮੈਂਟ ਰੂਲਜ਼-2016' ਤਹਿਤ ਸ਼ਹਿਰ ਦੇ ਕੂੜੇ ਦਾ ਸੈਗ੍ਰੀਗੇਸ਼ਨ, ਕੁਲੈਕਸ਼ਨ ਅਤੇ ਡਿਸਪੋਜ਼ਲ ਕਰਨ ਦਾ ਜ਼ਿੰਮਾ ਨਗਰ ਨਿਗਮ ਦਾ ਹੈ ਅਤੇ ਨਿਗਮ ਨੇ ਸਾਲ 2018 'ਚ ਸਾਲਿਡ ਵੇਸਟ ਬਾਇਲਾਜ ਬਣਾ ਕੇ ਉਸ ਦੀ ਨੋਟੀਫਿਕੇਸ਼ਨ ਵੀ ਕਰ ਦਿੱਤੀ ਸੀ। ਨਿਗਮ ਨੇ ਜੇ. ਪੀ. ਐਸੋਸੀਏਟਸ ਨੂੰ ਦਿਸ਼ਾ-ਨਿਰਦੇਸ਼ ਦਿੰਦੇ ਹੋਏ 'ਸਾਲਿਡ ਵੇਸਟ ਮੈਨਜਮੈਂਟ' ਪਲਾਂਟ ਡੱਡੂਮਾਜਰਾ 'ਚ ਸਥਾਪਿਤ ਕਰਨ ਲਈ ਕਿਹਾ ਸੀ ਪਰ ਅਜਿਹਾ ਨਹੀਂ ਹੋਇਆ।
ਸੰਸਥਾ ਦੇ ਸੰਚਾਲਕ ਗਗਨ ਛਾਬੜਾ ਵਲੋਂ ਦਾਖਲ ਪਟੀਸ਼ਨ 'ਚ ਦੱਸਿਆ ਗਿਆ ਕਿ 'ਵਾਤਵਾਰਣ ਐਕਟ 1986' ਤਹਿਤ ਸੁੱਕੇ ਪੱਤਿਆਂ ਨੂੰ ਸਾੜਨ 'ਤੇ ਰੋਕ ਲਾਈ ਜਾਣੀ ਸੀ ਅਤੇ ਕਾਨੂੰਨ ਦੀ ਉਲੰਘਣਾ ਕਰਨ ਵਾਲੇ 'ਤੇ ਸਖਤ ਕਾਰਵਾਈ ਕੀਤੀ ਜਾਣੀ ਸੀ, ਪਰ ਸਹੀ ਤਰੀਕੇ ਨਾਲ ਅਜਿਹਾ ਕੁਝ ਨਹੀਂ ਕੀਤਾ ਗਿਆ, ਜਿਸ ਕਾਰਨ ਚੰਡੀਗੜ੍ਹ ਦਾ ਪ੍ਰਦੂਸ਼ਣ ਪੱਧਰ ਵਿਗੜਦਾ ਚਲਾ ਗਿਆ ਅਤੇ ਚੰਡੀਗੜ੍ਹ ਸਵੱਛਤਾ ਦੀ ਰੈਂਕਿੰਗ 'ਚ 20ਵੇਂ ਸਥਾਨ 'ਤੇ ਪੁੱਜ ਗਿਆ। ਇਸ ਲਈ ਪਟੀਸ਼ਨ 'ਚ ਕਿਹਾ ਗਿਆ ਹੈ ਕਿ 'ਸਿਟੀ ਬਿਊਟੀਫੁੱਲ' ਦਾ ਟੈਗ ਇਸਤੇਮਾਲ ਕਰਨ 'ਤੇ ਰੋਕ ਲਾਉਂਦੇ ਹੋਏ ਸਫਾਈ ਵਿਵਸਥਾ ਨੂੰ ਦਰੁੱਸਤ ਕਰਨ ਦੇ ਨਿਰਦੇਸ਼ ਦਿੱਤੇ ਜਾਣ। ਹਾਈਕੋਰਟ ਨੇ ਪਟੀਸ਼ਨ 'ਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਨੋਟਿਸ ਜਾਰੀ ਕੀਤਾ ਹੈ ਅਤੇ ਇਸ ਮਾਮਲੇ ਦੀ ਅਗਲੀ ਸੁਣਵਾਈ 29 ਅਪ੍ਰੈਲ ਨੂੰ ਤੈਅ ਕੀਤੀ ਹੈ।