ਜੇ. ਪੀ. ਹੀ ਚਲਾਏਗਾ ਗਾਰਬੇਜ ਪਲਾਂਟ

07/12/2017 8:08:19 AM

ਚੰਡੀਗੜ੍ਹ (ਰਾਏ) - ਨਗਰ ਨਿਗਮ ਤੇ ਡੱਡੂਮਾਜਰਾ 'ਚ ਜੇ. ਪੀ. ਐਸੋਸੀਏਟਸ ਵਲੋਂ ਸਥਾਪਿਤ ਕੀਤੇ ਗਾਰਬੇਜ ਪ੍ਰੋਸੈਸਿੰਗ ਪਲਾਂਟ ਵਿਚਕਾਰ ਚੱਲ ਰਹੇ ਵਿਵਾਦ ਦੀ ਸੁਣਵਾਈ ਦੌਰਾਨ ਅੱਜ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ. ਜੀ. ਟੀ.) 'ਚ ਨਿਗਮ ਸਦਨ ਵਲੋਂ ਲਿਆ ਗਿਆ ਫੈਸਲਾ ਮੂਧੇ ਮੂੰਹ ਡਿਗ ਗਿਆ। ਨਿਗਮ ਸਦਨ ਦੀ ਵਿਸ਼ੇਸ਼ ਬੈਠਕ 'ਚ ਜੇ. ਪੀ. ਐਸੋਸੀਏਟਸ ਦੇ ਵਿਰੁੱਧ ਨਿਗਮ ਨੇ ਜੋ ਫੈਸਲਾ ਲਿਆ ਸੀ, ਉਸ ਨੂੰ ਐੱਨ. ਜੀ. ਟੀ. ਨੇ ਮੰਨਣ ਤੋਂ ਸਾਫ ਇਨਕਾਰ ਕਰਦਿਆਂ ਕਿਹਾ ਕਿ ਜੋ ਫੈਸਲਾ ਹੋਵੇਗਾ, ਉਹ ਐੱਨ. ਜੀ. ਟੀ. ਦਾ ਹੋਵੇਗਾ। ਅੱਜ ਹੋਈ ਸੁਣਵਾਈ ਦੌਰਾਨ ਐੱਨ. ਜੀ. ਟੀ. ਦੇ ਤਿੰਨ ਮੈਂਬਰੀ ਬੈਂਚ ਨੇ ਨਾ ਤਾਂ ਸਦਨ 'ਚ ਲਿਆ ਗਿਆ ਫੈਸਲਾ ਮੰਨਿਆ, ਨਾ ਹੀ ਨਿਗਮ ਵਲੋਂ ਪਲਾਂਟ ਪ੍ਰਬੰਧਕਾਂ ਨੂੰ ਮਸ਼ੀਨਾਂ ਚੁੱਕਣ ਦੀ ਇਜਾਜ਼ਤ ਦਿੱਤੇ ਜਾਣ ਦੀ ਬੇਨਤੀ ਮੰਨੀ। ਅੱਜ ਐੱਨ. ਜੀ. ਟੀ. ਨੇ ਜੇ. ਪੀ. ਐਸੋਸੀਏਟਸ ਵਲੋਂ ਦਿੱਤੇ ਗਏ ਭਰੋਸੇ ਤੋਂ ਬਾਅਦ ਫੈਸਲਾ ਦਿੱਤਾ ਕਿ ਪਲਾਂਟ ਮੈਨੇਜਮੈਂਟ ਸ਼ਹਿਰ ਦਾ ਪੂਰਾ ਕੂੜਾ ਲਏਗੀ ਤੇ 9 ਮਹੀਨਿਆਂ 'ਚ ਨਵਾਂ ਕੰਪੋਜ਼ਿਟ ਪਲਾਂਟ ਤਿਆਰ ਕਰੇਗੀ।
ਨਿਗਮ ਨੇ ਕਰ ਦਿੱਤਾ ਸੀ ਬਲੈਕ ਲਿਸਟ
ਬੀਤੇ ਮਹੀਨੇ ਡੱਡੂਮਾਜਰਾ ਦੇ ਗਾਰਬੇਜ ਪਲਾਂਟ ਸਬੰਧੀ ਫੈਸਲਾ ਲੈਣ ਲਈ ਨਿਗਮ ਸਦਨ ਦੀ ਵਿਸ਼ੇਸ਼ ਬੈਠਕ ਬੁਲਾਈ ਗਈ ਸੀ, ਜਿਸ 'ਚ ਸਾਰੇ ਕੌਂਸਲਰਾਂ ਨੇ ਇਕਮਤ ਨਾਲ ਨਾ ਸਿਰਫ 2005 'ਚ ਉਕਤ ਪਲਾਂਟ ਨੂੰ ਲਾਉਣ ਲਈ ਜੇ. ਪੀ. ਨਾਲ ਹੋਏ ਕਰਾਰ ਨੂੰ ਰੱਦ ਕਰ ਦਿੱਤਾ ਸੀ, ਬਲਕਿ ਭਵਿੱਖ 'ਚ ਵੀ ਇਸ ਕੰਪਨੀ ਦੇ ਨਾਲ ਕੋਈ ਕੰਮ ਨਾ ਕਰਨ ਦਾ ਫੈਸਲਾ ਲਿਆ ਸੀ। ਸਦਨ ਨੇ ਜੇ. ਪੀ. ਐਸੋਸੀਏਟਸ ਨੂੰ ਬਲੈਕਲਿਸਟ ਕਰਨ ਦੀ ਵੀ ਸਿਫਾਰਿਸ਼ ਕੀਤੀ ਸੀ। 
ਐੱਨ. ਜੀ. ਟੀ. 'ਚ ਪਿਛਲੇ ਦਿਨੀਂ ਹੋਈ ਸੁਣਵਾਈ ਦੌਰਾਨ ਦਿੱਤੇ ਗਏ ਹੁਕਮਾਂ ਅਨੁਸਾਰ ਅੱਜ ਸੁਣਵਾਈ 'ਤੇ ਨਿਗਮ ਕਮਿਸ਼ਨਰ ਬੀ. ਪੁਰਸ਼ਾਰਥ, ਮੇਅਰ ਆਸ਼ਾ ਜਾਇਸਵਾਲ ਤੇ ਕਾਂਗਰਸੀ ਕੌਂਸਲਰ ਦਵਿੰਦਰ ਸਿੰਘ ਬਬਲਾ ਵੀ ਦਿੱਲੀ 'ਚ ਮੌਜੂਦ ਸਨ। ਇਸ ਤੋਂ ਪਹਿਲਾਂ ਨਗਰ ਨਿਗਮ ਦੇ ਵਕੀਲ ਨੇ ਮੰਗ ਕੀਤੀ ਕਿ ਪਲਾਂਟ ਦਾ ਕਬਜ਼ਾ ਨਿਗਮ ਨੂੰ ਸੌਂਪਿਆ ਜਾਵੇ ਕਿਉਂਕਿ ਉਹ ਲਗਭਗ ਬੰਦ ਹੈ। 


Related News