ਰਾਜਸਥਾਨ ਤੇ ਯੂ. ਪੀ. ’ਚ ਮਾਨਸੂਨ ਦੀ ਐਂਟਰੀ
Tuesday, Jun 25, 2024 - 10:59 PM (IST)
ਜੈਪੁਰ, (ਇੰਟ.)- ਮਾਨਸੂਨ ਮਿੱਥੇ ਸਮੇਂ ਅਨੁਸਾਰ ਮੰਗਲਵਾਰ ਰਾਜਸਥਾਨ ’ਚ ਦਾਖਲ ਹੋ ਗਿਆ। ਇਸ ਵਾਰ ਮਾਨਸੂਨ ਝਾਲਾਵਾੜ, ਬਾਂਸਵਾੜਾ, ਡੂੰਗਰਪੁਰ ਤੇ ਉਦੇਪੁਰ ਦੇ ਰਸਤੇ ਸੂਬੇ ’ਚ ਪਹੁੰਚਿਆ ਹੈ। ਰਾਜਸਥਾਨ ਦੇ 27 ਜ਼ਿਲਿਆਂ ’ਚ ਮੀਂਹ ਤੇ ਤੂਫ਼ਾਨ ਸਬੰਧੀ ਅਲਰਟ ਜਾਰੀ ਕੀਤਾ ਗਿਆ ਹੈ।
ਮੌਸਮ ਵਿਗਿਆਨੀਆਂ ਅਨੁਸਾਰ ਵੱਖ-ਵੱਖ ਜ਼ਿਲਿਆਂ ’ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਮਾਨਸੂਨ ਆਮ ਤੌਰ ’ਤੇ 25 ਜੂਨ ਦੇ ਆਸਪਾਸ ਹੀ ਰਾਜਸਥਾਨ ’ਚ ਦਾਖਲ ਹੁੰਦਾ ਹੈ।
ਪਿਛਲੇ 24 ਘੰਟਿਆਂ ਦੌਰਾਨ ਜੋਧਪੁਰ, ਬੀਕਾਨੇਰ, ਉਦੇਪੁਰ, ਭਰਤਪੁਰ, ਅਜਮੇਰ, ਕੋਟਾ ਤੇ ਜੈਪੁਰ ਡਿਵੀਜ਼ਨਾਂ ਦੇ ਕੁਝ ਹਿੱਸਿਆਂ 'ਚ ਗਰਜ-ਚਮਕ ਨਾਲ ਹਲਕੀ ਤੋਂ ਦਰਮਿਆਨੀ ਵਰਖਾ ਹੋਈ। ਪੱਛਮੀ ਰਾਜਸਥਾਨ ’ਚ ਸਭ ਤੋਂ ਵੱਧ ਮੀਂਹ ਰਾਏਪੁਰ ਤੇ ਪਾਲੀ ’ਚ ਪਿਅਾ ਜੋ 61 ਮਿਲੀਮੀਟਰ ਹੈ। ਪੂਰਬੀ ਰਾਜਸਥਾਨ ’ਚ ਸਭ ਤੋਂ ਵੱਧ ਮੀਂਹ ਝਾਲਾਵਾੜ ਦੇ ਪਚਪਹਾਰ ਤੇ ਚਿਤੌੜਗੜ੍ਹ ਦੇ ਮਾੜੀ ਸਾਦਰੀ ’ਚ 64 ਮਿਲੀਮੀਟਰ ਪਿਅਾ।
ਕੁਝ ਦਿਨਾਂ ਦੀ ਦੇਰੀ ਨਾਲ ਹੀ ਸਹੀ, ਮਾਨਸੂਨ ਉੱਤਰ ਪ੍ਰਦੇਸ਼ ’ਚ ਬੁੰਦੇਲਖੰਡ ਤੇ ਲਲਿਤਪੁਰ ਰਾਹੀਂ ਦਾਖਲ ਹੋ ਗਿਆ ਹੈ। ਇਸ ਕਾਰਨ ਅਗਲੇ 3-4 ਦਿਨਾਂ ਤੱਕ ਬੁੰਦੇਲਖੰਡ ਤੇ ਪੂਰਵਾਂਚਲ ਜ਼ਿਲਿਆਂ ’ਚ ਭਾਰੀ ਮੀਂਹ ਪਏਗਾ।
ਪੰਜਾਬ, ਦਿੱਲੀ ਤੇ ਹਰਿਆਣਾ ’ਚ ਕਲ ਹੋ ਸਕਦਾ ਹੈ ਦਾਖਲ
3-4 ਦਿਨਾਂ ’ਚ ਮਾਨਸੂਨ ਪੂਰੇ ਮੱਧ ਪ੍ਰਦੇਸ਼, ਬਿਹਾਰ, ਝਾਰਖੰਡ, ਪੱਛਮੀ ਬੰਗਾਲ ਤੇ ਉੱਤਰ ਪ੍ਰਦੇਸ਼ ਦੇ ਕਈ ਹਿੱਸਿਆਂ ਨੂੰ ਕਵਰ ਕਰ ਲਵੇਗਾ।
27 ਜੂਨ ਤੱਕ ਮਾਨਸੂਨ ਪੰਜਾਬ, ਦਿੱਲੀ ਤੇ ਹਰਿਆਣਾ ’ਚ ਦਾਖਲ ਹੋ ਸਕਦਾ ਹੈ । 3 ਜੁਲਾਈ ਤੱਕ ਇਹ ਇਨ੍ਹਾਂ ਸੂਬਿਆਂ ਨੂੰ ਪੂਰੀ ਤਰ੍ਹਾਂ ਕਵਰ ਕਰਦਾ ਹੋਇਆ ਅੱਗੇ ਵਧੇਗਾ।