ਚੰਡੀਗੜ੍ਹ ''ਚ ਜੀ-20 ਬੈਠਕ ਦੀਆਂ ਤਿਆਰੀਆਂ ਸ਼ੁਰੂ, ਸਲਾਹਕਾਰ ਨੇ ਦੌਰਾ ਕਰਕੇ ਦਿੱਤੇ ਨਿਰਦੇਸ਼
Saturday, Nov 12, 2022 - 11:37 AM (IST)
ਚੰਡੀਗੜ੍ਹ (ਰਜਿੰਦਰ) : ਯੂ. ਟੀ. ਪ੍ਰਸ਼ਾਸਨ ਨੇ ਜੀ-20 ਬੈਠਕਾਂ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਨੇ ਅਧਿਕਾਰੀਆਂ ਨਾਲ ਰਾਕ ਗਾਰਡਨ ਦਾ ਦੌਰਾ ਕੀਤਾ ਅਤੇ ਫੇਜ਼-3 ਦੇ ਪੈਂਡਿੰਗ ਕੰਮਾਂ ਨੂੰ 2 ਮਹੀਨਿਆਂ 'ਚ ਪੂਰਾ ਕਰਨ ਦੇ ਹੁਕਮ ਦਿੱਤੇ। ਸ਼ਹਿਰ ਨੂੰ ਜੀ-20 ਦੀਆਂ ਦੋ ਮੀਟਿੰਗਾਂ ਦੀ ਮੇਜ਼ਬਾਨੀ ਮਿਲੀ ਹੈ। ਇਹ ਮੀਟਿੰਗਾਂ ਜਨਵਰੀ ਅਤੇ ਮਾਰਚ 'ਚ ਹੋਣੀਆਂ ਹਨ, ਜਿਸ ਕਾਰਨ ਪ੍ਰਸ਼ਾਸਨ ਤਿਆਰੀਆਂ 'ਚ ਰੁੱਝਿਆ ਹੋਇਆ ਹੈ। ਪਹਿਲੀ ਮੀਟਿੰਗ 30-31 ਜਨਵਰੀ ਨੂੰ ਇੰਟਰਨੈਸ਼ਨਲ ਫਾਈਨੈਂਸ਼ੀਅਲ ਆਰਕੀਟੈਕਚਰ ਦੀ ਅਤੇ ਦੂਜੀ ਐਗਰੀਕਲਚਰ ਵਰਕਿੰਗ ਗਰੁੱਪ ਦੀ ਕੀਤੀ ਜਾਵੇਗੀ।
ਦੋਹਾਂ ਮੀਟਿੰਗਾਂ 'ਚ ਦੇਸ਼ ਭਰ ਤੋਂ ਕਈ ਡੈਲੀਗੇਟ ਹਿੱਸਾ ਲੈਣਗੇ। ਸਾਰਿਆਂ ਲਈ ਪ੍ਰਸ਼ਾਸਨ ਸੁਖ਼ਨਾ ਝੀਲ, ਲੇਕ ਕਲੱਬ, ਰਾਕ ਗਾਰਡਨ ਅਤੇ ਹੋਰ ਥਾਵਾਂ ’ਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਏਗਾ। ਇਸ ਲਈ ਝੀਲ ਦੇ ਆਲੇ-ਦੁਆਲੇ ਦੇ ਖੇਤਰ ਨੂੰ ਵਿਕਸਿਤ ਕੀਤਾ ਜਾ ਰਿਹਾ ਹੈ। ਸਲਾਹਕਾਰ ਧਰਮਪਾਲ ਨੇ ਰਾਕ ਗਾਰਡਨ ਦੇ ਦੌਰੇ ਦੌਰਾਨ ਦੇਖਿਆ ਕਿ ਪਿਛਲੇ 10 ਸਾਲਾਂ ਤੋਂ ਰਾਕ ਗਾਰਡਨ 'ਚ ਕੋਈ ਖ਼ਾਸ ਸੁਧਾਰ ਨਹੀਂ ਹੋਇਆ, ਜਿਸ ਕਾਰਨ ਉਹ ਨਾਰਾਜ਼ ਵੀ ਹੋਏ। ਉਨ੍ਹਾਂ ਸਬੰਧਿਤ ਅਧਿਕਾਰੀਆਂ ਨੂੰ ਹੁਕਮ ਦਿੱਤੇ ਹਨ ਕਿ ਰਾਕ ਗਾਰਡਨ ਦੇ ਫੇਜ਼-3 ਲਈ ਜੋ ਵੀ ਕੰਮ ਬਾਕੀ ਹੈ, ਉਸ ਨੂੰ 2 ਮਹੀਨਿਆਂ 'ਚ ਪੂਰਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੀ-20 ਬੈਠਕ ਤੋਂ ਪਹਿਲਾਂ ਕੰਮ ਖ਼ਤਮ ਕੀਤਾ ਜਾਵੇ।
ਝੀਲ ਅਤੇ ਬਰਡ ਪਾਰਕ ਨੂੰ ਵੀ ਵਿਕਸਿਤ ਕਰੇਗਾ ਪ੍ਰਸ਼ਾਸਨ
ਯੂ. ਟੀ. ਪ੍ਰਸ਼ਾਸਨ ਨੇ ਝੀਲ ਅਤੇ ਸਪੋਰਟਸ ਕਲੱਬ ਅਤੇ ਬਰਡ ਪਾਰਕ ਦੇ ਖੇਤਰ ਨੂੰ ਦੋ ਪੜਾਵਾਂ 'ਚ ਵਿਕਸਿਤ ਕਰਨ ਦਾ ਫ਼ੈਸਲਾ ਕੀਤਾ ਹੈ। ਪਹਿਲੇ ਪੜਾਅ 'ਚ ਝੀਲ ਅਤੇ ਸਪੋਰਟਸ ਕਲੱਬ ਦਾ ਸੁੰਦਰੀਕਰਨ ਕੀਤਾ ਜਾਵੇਗਾ। ਇਸ ਲਈ ਸਲਾਹਕਾਰ ਧਰਮਪਾਲ ਨੇ ਜਨਵਰੀ ਤੋਂ ਪਹਿਲਾਂ ਕੰਮ ਮੁਕੰਮਲ ਕਰਨ ਦੇ ਹੁਕਮ ਦਿੱਤੇ ਹਨ। ਕੁੱਝ ਦਿਨ ਪਹਿਲਾਂ ਸਲਾਹਕਾਰ ਨੇ ਅਧਿਕਾਰੀਆਂ ਨਾਲ ਦੌਰਾ ਵੀ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਝੀਲ ਅਤੇ ਸਪੋਰਟਸ ਕਲੱਬ ਅਤੇ ਬਰਡ ਪਾਰਕ ਦੇ ਸੁੰਦਰੀਕਰਨ ਦਾ ਕੰਮ ਜੀ-20 ਮੀਟਿੰਗਾਂ ਲਈ ਹੀ ਕੀਤਾ ਜਾ ਰਿਹਾ ਹੈ।