ਲਾਡਾਂ ਨਾਲ ਪਾਲੀਆਂ ਧੀਆਂ ਦੀ ਉਡੀਕ ਕਰਦੇ ਰਹਿ ਗਏ ਮਾਪੇ, ਅੱਗ ਨੇ ਸੁਆਹ ਕੀਤੇ ਸਾਰੇ ਸੁਪਨੇ
Sunday, Feb 23, 2020 - 05:05 PM (IST)
ਚੰਡੀਗੜ੍ਹ : ਬੀਤੇ ਦਿਨ ਚੰਡੀਗੜ੍ਹ ਦੇ ਸੈਕਟਰ 32 'ਚ ਸਥਿਤ ਇਕ ਪੀ.ਜੀ. 'ਚ ਆਚਾਨਕ ਅੱਗ ਲੱਗਣ ਕਾਰਨ ਤਿੰਨ ਕੁੜੀਆਂ ਦੀ ਮੌਤ ਹੋ ਗਈ ਸੀ। ਜਾਣਕਾਰੀ ਮੁਤਾਬਕ ਇਹ ਕੁੜੀਆਂ ਸੁਪਨੇ ਪੂਰੇ ਕਰਨ ਲਈ ਆਪਣੇ ਪਰਿਵਾਰਾਂ ਤੋਂ ਦੂਰ ਇਥੇ ਰਹਿ ਰਹੀਆਂ ਸਨ ਪਰ ਉਨ੍ਹਾਂ ਨੂੰ ਨਹੀਂ ਸੀ ਪਤਾ ਕਿ ਉਨ੍ਹਾਂ ਦੇ ਸੁਪਨੇ ਅੱਗ 'ਚ ਸੜ ਕੇ ਸੁਆਹ ਹੋ ਜਾਣਗੇ। ਕੋਟਕਪੁਰਾ ਦੇ ਸਿਗਰੇਟ ਦੇ ਥੋਕ ਵਪਾਰੀ ਨਵਦੀਪ ਗਰੋਵਰ ਦੀ ਬੇਟੀ ਪਾਕਸ਼ੀ ਗਰੋਵਰ ਨੇ 2019 'ਚ 12ਵੀਂ ਕਮਰਸ 'ਚੋਂ 97.6 ਫੀਸਦੀ ਨੰਬਰਾਂ ਨਾਲ ਪਹਿਲਾਂ ਸਥਾਨ ਹਾਸਲ ਕੀਤਾ ਸੀ। ਆਲ ਇੰਡੀਆ ਕਾਮਰਸ ਟੈਲੇਂਟ ਸਰਚ ਪ੍ਰੀਖਿਆ 'ਚੋਂ ਪਾਕਸ਼ੀ ਦੇਸ਼ ਭਰ 'ਚੋਂ ਦੂਜੇ ਸਥਾਨ 'ਤੇ ਰਹੀ। ਇਸ ਸਾਲ ਭਾਰਤ ਸਰਕਾਰ ਵਲੋਂ ਗਣਤੰਤਰ ਦਿਵਸ 'ਤੇ ਸਨਮਾਨਿਤ ਕੀਤੇ ਜਾਣ ਲਈ ਮੰਗੀ ਗਈ ਸਕੂਲ ਟਾਪਰ ਵਿਦਿਆਰਥੀਆਂ ਦੀ ਲਿਸਟ 'ਚ ਵੀ ਉਸ ਦਾ ਨਾਮ ਭੇਜਿਆ ਗਿਆ ਸੀ। ਪਾਕਸ਼ੀ ਦੇ ਪਿਤਾ ਨੇ ਦੱਸਿਆ ਕਿ ਉਹ ਆਈਲੈਟਸ ਕਲੀਅਰ ਕਰਨ ਤੋਂ ਬਾਅਦ ਕੈਨੇਡਾ ਜਾਣ ਲਈ ਚੰਡੀਗੜ੍ਹ 'ਚ ਕੋਰਸ ਕਰ ਰਹੀ ਸੀ। ਉਥੇ ਹੀ ਕਪੂਰਥਲਾ ਦੀ ਰੀਆ ਨੂੰ ਉਸ ਦੀ ਮਾਂ ਕਾਂਤਾ ਅਰੋੜਾ ਨੇ 6 ਮਹੀਨੇ ਪਹਿਲਾਂ ਚੰਡੀਗੜ੍ਹ 'ਚ ਫਰੈਂਚ ਭਾਸ਼ਾ ਸਿੱਖਣ ਲਈ ਭੇਜਿਆ ਸੀ। ਉਸ ਦੀ ਮਾਂ ਯੂਰਪ 'ਚ ਹੈ ਜਦਕਿ ਪਿਤਾ ਦੀ ਮੌਤ ਹੋ ਚੁੱਕੀ ਹੈ। ਵੱਡੀ ਭੈਣ ਲੰਡਨ 'ਚ ਹੈ ਤੇ ਰੀਆ ਨੇ ਵੀ 27 ਮਾਰਚ ਨੂੰ ਲੰਡਨ ਜਾਣਾ ਸੀ।
ਇਸ ਦੇ ਨਾਲ ਹੀ ਹਰਿਆਣਾ ਦੇ ਹਿਸਾਰ ਦੀ ਮੁਸਕਾਨ ਚੰਡੀਗੜ੍ਹ 'ਚ ਐੱਮ. ਕਾਮ ਦੀ ਪੜ੍ਹਾਈ ਕਰ ਰਹੀ ਸੀ। ਜਦੋਂ ਇਹ ਹਾਦਸਾ ਵਾਪਰਿਆ ਤਾਂ ਉਸ ਸਮੇਂ ਮੁਸਕਾਨ ਨੇ ਆਪਣੇ ਪਿਤਾ ਐਡਵੋਕੇਟ ਰਾਜੀਵ ਮਹਿਤਾ ਨੂੰ ਫੋਨ ਕੀਤਾ। ਮੁਸਕਾਨ ਦੇ ਮੂੰਹੋ ਨਿਕਲੇ ਸ਼ਬਦ ਉਸ ਸਮੇਂ ਦੇ ਵਾਪਰੇ ਭਿਆਨਕ ਅਗਨੀਕਾਂਡ ਦਾ ਦ੍ਰਿਸ਼ ਬਿਆਨ ਕਰ ਰਹੇ ਸੀ। ਮੁਸਕਾਨ ਨੇ ਦੱਸਿਆ ਕਿ ਪਾਪਾ! ਇੱਥੇ ਬਹੁਤ ਜ਼ਿਆਦਾ ਅੱਗ ਲੱਗ ਗਈ ਹੈ ਪਰ ਪਿੱਛੋ ਕਾਫੀ ਆਵਾਜ਼ਾ ਆ ਰਹੀਆਂ ਸੀ ਕਿ ਗਿੱਲਾ ਕੰਬਲ ਲਿਆਓ। ਇੰਨੀ ਦੇਰ ਨੂੰ ਫੋਨ ਕੱਟਿਆ ਗਿਆ ਅਤੇ ਕੁਝ ਸਮੇਂ ਬਾਅਦ ਮੁਸਕਾਨ ਦੀ ਇਸ ਦੁਨੀਆ ਤੋਂ ਅਲਵਿਦਾ ਕਹਿਣ ਦੀ ਖਬਰ ਉਸ ਦੇ ਮਾਪਿਆਂ ਤੱਕ ਪਹੁੰਚ ਗਈ।