ਸ਼ਹਿਰ ''ਚ ਸੜਕ ਹਾਦਸਿਆਂ ''ਚ ਪਿਛਲੇ ਸਾਲ ਦੇ ਮੁਕਾਬਲੇ 21 ਫੀਸਦੀ ਆਈ ਕਮੀ

Friday, Nov 08, 2019 - 10:34 AM (IST)

ਸ਼ਹਿਰ ''ਚ ਸੜਕ ਹਾਦਸਿਆਂ ''ਚ ਪਿਛਲੇ ਸਾਲ ਦੇ ਮੁਕਾਬਲੇ 21 ਫੀਸਦੀ ਆਈ ਕਮੀ

ਚੰਡੀਗੜ੍ਹ (ਰਾਜਿੰਦਰ)— ਸਿਟੀ ਬਿਊਟੀਫੁਲ 'ਚ ਹੋਏ ਸੜਕ ਹਾਦਸਿਆਂ 'ਚ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ 21 ਫੀਸਦੀ ਦੀ ਕਮੀ ਆਈ ਹੈ। ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਨਵੀਂ ਦਿੱਲੀ ਦੇ ਵਿਗਿਆਨ ਭਵਨ 'ਚ ਕੇਂਦਰੀ ਰੋਡ ਸੇਫਟੀ ਕਮੇਟੀ ਦੀ ਬੈਠਕ 'ਚ ਇਹ ਜਾਣਕਾਰੀ ਦਿੱਤੀ ਹੈ। ਰੋਡ ਸੇਫਟੀ ਦੀ ਸੁਪਰੀਮ ਕੋਰਟ ਦੀ ਕਮੇਟੀ ਦੀ ਇਸ ਬੈਠਕ ਦੀ ਪ੍ਰਧਾਨਗੀ ਰਿਟਾਇਰਡ ਜੱਜ ਜਸਟਿਸ ਕੇ. ਐੱਸ. ਰਾਧਾਕ੍ਰਿਸ਼ਣਨ ਨੇ ਕੀਤੀ। ਇਸ 'ਚ ਕਈ ਰਾਜਾਂ ਦੇ ਅਧਿਕਾਰੀਆਂ ਨੇ ਹਿੱਸਾ ਲਿਆ।
ਬੈਠਕ ਦੌਰਾਨ ਪ੍ਰਸ਼ਾਸਨ ਨੇ ਸ਼ਹਿਰ 'ਚ ਪਿਛਲੇ ਪੰਜ ਸਾਲਾਂ 'ਚ ਸੜਕ ਹਾਦਸੇ 'ਚ ਹੋਈਆਂ ਮੌਤਾਂ ਦੀ ਗਿਣਤੀ ਦਿੱਤੀ। ਚੰਡੀਗੜ੍ਹ 'ਚ ਸਾਲ ਦਰ ਸਾਲ ਸੜਕ ਹਾਦਸਿਆਂ 'ਚ ਹੋ ਰਹੀਆਂ ਮੌਤਾਂ ਦੀ ਗਿਣਤੀ 'ਚ ਕਮੀ ਆ ਰਹੀ ਹੈ। ਕਈ ਤਰ੍ਹਾਂ ਦੇ ਕਦਮ ਚੁੱਕੇ ਜਾ ਰਹੇ ਹਨ। ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਹ ਹਾਦਸੇ 'ਚ ਮੌਤਾਂ ਦੀ ਗਿਣਤੀ ਸਿਫ਼ਰ ਕਰਨ ਲਈ ਯਤਨਸ਼ੀਲ ਹਨ।
 

200 ਕਿਲੋਮੀਟਰ ਦੇ ਸਾਈਕਲ ਟ੍ਰੈਕ ਬਣਾਏ
ਚੀਫ ਇੰਜਨੀਅਰ ਮੁਕੇਸ਼ ਆਨੰਦ ਨੇ ਦੱਸਿਆ ਕਿ ਚੰਡੀਗੜ੍ਹ 'ਚ ਨਾਨ-ਮੋਟਰਾਈਜ਼ਡ ਗੱਡੀਆਂ ਨੂੰ ਪ੍ਰਮੋਟ ਕਰਨ ਲਈ ਕਰੀਬ 200 ਕਿਲੋਮੀਟਰ ਦੇ ਸਾਈਕਲ ਟ੍ਰੈਕਸ ਦਾ ਨਿਰਮਾਣ ਕੀਤਾ ਗਿਆ ਹੈ, ਜੋ ਪੂਰੇ ਦੇਸ਼ 'ਚ ਸਭ ਤੋਂ ਜ਼ਿਆਦਾ ਹੈ। ਸ਼ਹਿਰ ਦੇ ਮੁੱਖ ਸਥਾਨਾਂ 'ਤੇ ਪੈਲਿਕਨ ਲਾਈਟਸ ਅਤੇ ਰੋਡ ਸੇਫਟੀ ਸਿੰਬਲ ਲਾਏ ਗਏ ਹਨ।ਟਰਾਂਸਪੋਰਟ ਸੈਕਟਰੀ ਅਜੇ ਕੁਮਾਰ ਸਿੰਗਲਾ ਨੇ ਦੱਸਿਆ ਕਿ ਟ੍ਰੈਫਿਕ ਪੁਲਸ ਅਤੇ ਐੱਸ. ਸੀ. ਈ. ਆਰ. ਟੀ.) ਨੇ ਮਿਲ ਕੇ ਰੋਡ ਸੇਫਟੀ 'ਤੇ ਪ੍ਰਾਇਮਰੀ, ਮਿਡਲ ਅਤੇ ਸੀਨੀਅਰ ਲੈਵਲ ਦੇ ਬੱਚਿਆਂ ਲਈ ਕਿਤਾਬਾਂ ਤਿਆਰ ਕੀਤੀਆਂ ਹਨ, ਜਿਨ੍ਹਾਂ ਨੂੰ ਸਕੂਲਾਂ 'ਚ ਵੰਡਿਆ ਗਿਆ ਹੈ। ਸਕੂਲਾਂ 'ਚ ਅਵੇਅਰਨੈੱਸ ਕੈਂਪ ਲਾਏ ਜਾਂਦੇ ਹਨ ਅਤੇ ਉਨ੍ਹਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਨਵੀਂ ਦਿੱਲੀ 'ਚ ਹੋਈ ਇਸ ਬੈਠਕ 'ਚ ਟਰਾਂਸਪੋਰਟ ਸੈਕਟਰੀ ਡਾ. ਅਜੇ ਕੁਮਾਰ ਸਿੰਗਲਾ, ਐਡੀਸ਼ਨਲ ਟਰਾਂਸਪੋਰਟ ਸੈਕਟਰੀ ਉਮਾਸ਼ੰਕਰ ਗੁਪਤਾ ਅਤੇ ਡੀ. ਐੱਸ. ਪੀ. ਟ੍ਰੈਫਿਕ ਜਸਵਿੰਦਰ ਸਿੰਘ ਮੌਜੂਦ ਸਨ।
 

ਕਿਸ ਸਾਲ ਕਿੰਨੀਆਂ ਮੌਤਾਂ
ਸਾਲ                               ਮੌਤਾਂ
2019 (3 ਨਵੰਬਰ ਤੱਕ)       67
2018                             98
2017                            107
2016                            151


author

Shyna

Content Editor

Related News