''ਕਾਹਦਾ ਇੰਟਰਨੈਸ਼ਨਲ ਏਅਰਪੋਰਟ'', ਚੰਡੀਗੜ੍ਹ ਨੂੰ ਮਿਲੀ ਸਿਰਫ਼ ਇਕ ਇੰਟਰਨੈਸ਼ਨਲ ਫਲਾਈਟ

01/20/2020 3:54:25 PM

ਚੰਡੀਗੜ੍ਹ (ਲਲਨ) : ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਦਾ ਸ਼ੁਭ ਆਰੰਭ ਕੀਤਾ ਸੀ ਤਾਂ ਸ਼ਹਿਰਵਾਸੀਆਂ ਨੂੰ ਲੱਗਿਆ ਕਿ ਹੁਣ ਵਿਦੇਸ਼ ਜਾਣ ਲਈ ਦਿੱਲੀ ਏਅਰਪੋਰਟ ਨਹੀਂ ਜਾਣਾ ਪਵੇਗਾ ਪਰ ਸਾਢੇ ਚਾਰ ਸਾਲ ਬਾਅਦ ਵੀ ਚੰਡੀਗੜ੍ਹ ਏਅਰਪੋਰਟ ਤੋਂ ਸਿਰਫ਼ ਇਕ ਹੀ ਇੰਟਰਨੈਸ਼ਨਲ ਫਲਾਈਟ ਆਪ੍ਰੇਟ ਹੋ ਸਕੀ। ਅਜਿਹੇ 'ਚ ਏਵੀਏਸ਼ਨ ਮਨਿਸਟਰੀ ਵਲੋਂ ਸਿਰਫ਼ ਪਬਲਿਕ ਦੇ ਪੈਸੇ ਦੀ ਬਰਬਾਦੀ ਕੀਤੀ ਗਈ। ਏਅਰਲਾਈਨਜ਼ ਕੰਪਨੀਆਂ ਇੰਟਰਨੈਸ਼ਨਲ ਫਲਾਈਟਸ ਦੀ ਬਜਾਏ ਡੋਮੈਸਟਿਕ ਫਲਾਈਟਸ 'ਤੇ ਜ਼ਿਆਦਾ ਜ਼ੋਰ ਦੇ ਰਹੀਆਂ ਹਨ। ਇਨ੍ਹਾਂ ਦੀ ਗਿਣਤੀ 'ਚ 7 ਫਲਾਈਟਸ ਹੋਰ ਵਧ ਗਈਆਂ ਹਨ। ਇੰਟਰਨੈਸ਼ਨਲ ਫਲਾਈਟਸ ਨੂੰ ਲੈ ਕੇ ਹਾਈਕੋਰਟ ਕਈ ਵਾਰ ਏਅਰਪੋਰਟ ਅਥਾਰਟੀ ਨੂੰ ਫਟਕਾਰ ਵੀ ਲਗਾ ਚੁੱਕਿਆ ਹੈ ਪਰ ਇਸ ਤੋਂ ਬਾਅਦ ਵੀ ਇੰਟਰਨੈਸ਼ਨਲ ਫਲਾਈਟਸ ਦੀ ਗਿਣਤੀ 'ਚ ਵਾਧਾ ਨਹੀਂ ਹੋ ਸਕਿਆ। ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ 'ਚ ਹਰਿਆਣਾ ਦਾ 24.5 ਫ਼ੀਸਦੀ, ਪੰਜਾਬ ਦਾ 24.5 ਫ਼ੀਸਦੀ ਅਤੇ ਏਅਰਪੋਰਟ ਅਥਾਰਟੀ ਆਫ਼ ਇੰਡੀਆ ਦਾ 51 ਫ਼ੀਸਦੀ ਸ਼ੇਅਰ ਹੈ। ਇਸਦਾ ਉਦਘਾਟਨ 11 ਸਤੰਬਰ, 2015 ਨੂੰ ਕੀਤਾ ਗਿਆ ਸੀ।

ਹਾਈਕੋਰਟ ਦੀ ਫਟਕਾਰ ਤੋਂ ਬਾਅਦ ਵੀ ਨਹੀਂ ਵਧੀਆਂ ਫਲਾਈਟਸ
ਚੰਡੀਗੜ੍ਹ ਏਅਰਪੋਰਟ ਤੋਂ ਇੰਟਰਨੈਸ਼ਨਲ ਫਲਾਈਟਸ ਦੀ ਗਿਣਤੀ ਵਧਾਉਣ ਲਈ ਹਾਈਕੋਰਟ ਦੀ ਫਟਕਾਰ ਵੀ ਕੰਮ ਨਹੀਂ ਆਈ। ਚੰਡੀਗੜ੍ਹ ਤੋਂ ਸਤੰਬਰ, 2019 'ਚ 44 ਡੋਮੈਸਟਿਕ ਫਲਾਈਟਸ ਆਪ੍ਰੇਟ ਹੁੰਦੀਆਂ ਸਨ ਪਰ ਜੈੱਟ ਏਅਰਵੇਜ਼ ਨੂੰ ਘਾਟਾ ਹੋਣ ਕਾਰਨ ਉਸ ਦੀਆਂ 12 ਫਲਾਈਟਸ ਆਪ੍ਰੇਟ ਹੋਣਾ ਬੰਦ ਹੋ ਗਈਆਂ। ਇਸ ਕਾਰਨ ਹੁਣ ਇੰਟਰਨੈਸ਼ਨਲ ਏਅਰਪੋਰਟ ਤੋਂ 32 ਫਲਾਈਟਸ ਆਪ੍ਰੇਟ ਹੋ ਰਹੀਆਂ ਹਨ। ਸਾਲ 2015 'ਚ ਸਿਰਫ਼ 25 ਫਲਾਈਟਸ ਆਪ੍ਰੇਟ ਹੁੰਦੀਆਂ ਸਨ।

ਤਿੰਨ ਇੰਟਰਨੈਸ਼ਨਲ ਫਲਾਈਟਸ ਚੱਲੀਆਂ, ਜਿਸ 'ਚੋਂ ਦੋ ਬੰਦ
ਚੰਡੀਗੜ੍ਹ ਏਅਰਪੋਰਟ ਤੋਂ ਤਿੰਨ ਇੰਟਰਨੈਸ਼ਨਲ ਫਲਾਈਟਸ ਦਾ ਸੰਚਾਲਨ ਸ਼ੁਰੂ ਹੋਇਆ ਪਰ ਇਹ ਤਿੰਨੇ ਫਲਾਈਟਸ ਜ਼ਿਆਦਾ ਦੇਰ ਤੱਕ ਨਹੀਂ ਚੱਲ ਸਕੀਆਂ। ਏਅਰ ਇੰਡੀਆ ਏਅਰਲਾਈਨਜ਼ ਤੋਂ ਬੈਂਕਾਕ ਦੀ ਫਲਾਈਟ ਨੂੰ ਸਾਲ 2018 'ਚ ਇਹ ਕਹਿ ਕੇ ਬੰਦ ਕਰ ਦਿੱਤਾ ਗਿਆ ਕਿ ਏਅਰਲਾਈਨਜ਼ ਨੂੰ ਘਾਟਾ ਪੈ ਰਿਹਾ ਹੈ। ਇਸ ਤੋਂ ਬਾਅਦ ਕੋਈ ਦੂਜੀ ਫਲਾਈਟ ਆਪ੍ਰੇਟ ਨਹੀਂ ਹੋ ਸਕੀ। ਏਅਰਪੋਰਟ ਤੋਂ ਇਨ੍ਹੀਂ ਦਿਨੀਂ ਸਿਰਫ ਸ਼ਾਰਜਾਹ ਦੀ ਫਲਾਈਟ ਏਅਰ ਇੰਡੀਆ ਐਕਸਪ੍ਰੈੱਸ ਵਲੋਂ ਆਪ੍ਰੇਟ ਕੀਤੀ ਜਾ ਰਹੀ ਹੈ। ਤੀਜੀ ਫਲਾਈਟ ਇੰਡੀਗੋ ਏਅਰਲਾਈਨਜ਼ ਦੁਬਈ ਦੀ ਚੱਲਦੀ ਹੈ, ਜੋ ਇਨ੍ਹੀਂ ਦਿਨੀਂ ਧੁੰਦ ਅਤੇ ਕੋਹਰੇ ਕਾਰਨ ਹਰ ਸਾਲ ਦੋ ਮਹੀਨੇ ਲਈ ਬੰਦ ਕਰ ਦਿੱਤੀ ਜਾਂਦੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਫਲਾਈਟ 16 ਫਰਵਰੀ ਤੋਂ ਚੱਲੇਗੀ।

ਯੂ. ਡੀ. ਐੱਫ. 'ਚ ਛੋਟ ਵੀ ਨਹੀਂ ਰਿਝਾ ਸਕੀ ਕੰਪਨੀਆਂ ਨੂੰ
ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਲਿਮਿਟਡ ਨੇ ਦੇਰ ਰਾਤ ਨੈਸ਼ਨਲ ਤੇ ਇੰਟਰਨੈਸ਼ਨਲ ਫਲਾਈਟਸ ਸ਼ੁਰੂ ਕਰਨ ਲਈ ਕੰਪਨੀਆਂ ਨੂੰ ਯੂਜ਼ਰ ਡਿਵੈੱਲਪਮੈਂਟ ਫ਼ੀਸ (ਯੂ. ਡੀ. ਐੱਫ.) 'ਚ ਛੋਟ ਦੇਣ ਦਾ ਐਲਾਨ ਕੀਤਾ ਸੀ। ਡੋਮੈਸਟਿਕ ਫਲਾਈਟਸ (165 ਨਾਟੀਕਲ ਮਾਈਲਸ ਤੱਕ) ਤੱਕ 100 ਰੁਪਏ ਪ੍ਰਤੀ ਪੈਸੇਂਜਰ, ਡੋਮੈਸਟਿਕ ਫਲਾਈਟਸ (165 ਨਾਟੀਕਲ ਮਾਈਲਸ ਤੋਂ ਜ਼ਿਆਦਾ ਦੂਰੀ 'ਤੇ) ਤੱਕ 150 ਰੁਪਏ ਪ੍ਰਤੀ ਪੈਸੇਂਜਰ ਅਤੇ ਇੰਟਰਨੈਸ਼ਨਲ ਫਲਾਈਟਸ 'ਤੇ 300 ਰੁਪਏ ਪ੍ਰਤੀ ਪੈਸੇਂਜਰ 'ਤੇ ਛੋਟ ਮਿਲਣੀ ਸੀ। ਯੂ.ਡੀ.ਐੱਸ. 'ਚ ਦਿੱਤੀ ਗਈ ਛੋਟ ਦੇ ਬਾਵਜੂਦ ਵੀ ਕੋਈ ਇੰਟਰਨੈਸ਼ਨਲ ਫਲਾਈਟ ਸ਼ੁਰੂ ਨਹੀਂ ਹੋਈ।

ਕੈਟ-3 ਨਹੀਂ ਹੋਇਆ ਇੰਸਟਾਲ
ਹਾਈਕੋਰਟ ਨੇ ਲੈਂਡਿੰਗ ਇਕਿਊਪਮੈਂਟ ਸਿਸਟਮ ਕੈਟ-3 ਲਗਾਉਣ ਲਈ ਕਈ ਵਾਰ ਫਟਕਾਰ ਲਗਾਈ ਪਰ ਅਜੇ ਤੱਕ ਇਸ ਦਾ ਨਿਰਮਾਣ ਸ਼ੁਰੂ ਨਹੀਂ ਹੋ ਸਕਿਆ। ਏਅਰਪੋਰਟ ਅਥਾਰਟੀ ਵਲੋਂ ਕਿਹਾ ਜਾਂਦਾ ਹੈ ਕਿ ਕੈਟ-3 ਦੀ ਚੰਡੀਗੜ੍ਹ ਏਅਰਪੋਰਟ 'ਤੇ ਜ਼ਰੂਰਤ ਨਹੀਂ ਹੈ ਪਰ ਇਹ ਉਹ ਸਿਸਟਮ ਹੈ ਜਿਸ 'ਚ ਜ਼ੀਰੋ ਵਿਜ਼ੀਬਿਲਟੀ 'ਚ ਵੀ ਫਲਾਈਟਸ ਟੇਕ ਆਫ਼ ਅਤੇ ਲੈਂਡਿੰਗ ਕਰ ਸਕਦੀਆਂ ਹਨ।

ਵੱਡੀ ਆਬਾਦੀ ਨੂੰ ਹੋਵੇਗਾ ਫਾਇਦਾ
ਚੰਡੀਗੜ੍ਹ ਏਅਰਪੋਰਟ ਦੇ ਦਾਇਰੇ 'ਚ 50 ਮਿਲੀਅਨ ਆਬਾਦੀ ਆਉਂਦੀ ਹੈ। ਇਸ 'ਚ 2.1 ਮਿਲੀਅਨ ਆਬਾਦੀ ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ ਦੀ ਹੈ। 7.8 ਮਿਲੀਅਨ ਆਬਾਦੀ ਹਿਮਾਚਲ ਪ੍ਰਦੇਸ਼ ਦੀ, 3.6 ਮਿਲੀਅਨ ਆਬਾਦੀ ਉਤਰਾਖੰਡ ਦੀ, 29 ਮਿਲੀਅਨ ਆਬਾਦੀ ਪੰਜਾਬ ਦੀ ਹੈ। ਇਸ 'ਚ ਪੰਜਾਬ ਦੇ ਦੁਆਬਾ ਇਲਾਕੇ 'ਚ ਹਰ ਘਰ ਤੋਂ ਲੋਕ ਵਿਦੇਸ਼ 'ਚ ਰਹਿੰਦੇ ਹਨ। ਇਕੱਲੇ ਪੰਜਾਬ ਤੋਂ ਡੇਢ ਲੱਖ ਵਿਦਿਆਰਥੀ ਹਰ ਸਾਲ ਪੜ੍ਹਾਈ ਲਈ ਵਿਦੇਸ਼ ਜਾ ਰਹੇ ਹਨ। ਉਥੇ ਹੀ 6.2 ਮਿਲੀਅਨ ਆਬਾਦੀ ਹਰਿਆਣਾ ਦੇ ਕੁਝ ਜ਼ਿਲਿਆਂ ਦੀ ਅਤੇ 1.8 ਮਿਲੀਅਨ ਆਬਾਦੀ ਜੰਮੂ ਤੇ ਕਸ਼ਮੀਰ ਦੀ ਹੈ। ਕਰੀਬ 250 ਕਿਲੋਮੀਟਰ ਦੇ ਦਾਇਰੇ 'ਚ ਰਹਿਣ ਵਾਲੇ ਲੋਕ ਲੋਕਲ ਅਤੇ ਅੰਤਰਰਾਸ਼ਟਰੀ ਫਲਾਈਟਸ ਲਈ ਚੰਡੀਗੜ੍ਹ ਏਅਰਪੋਰਟ 'ਤੇ ਹੀ ਨਿਰਭਰ ਹਨ। ਸਾਰੇ ਮਾਪਦੰਡਾਂ ਨੂੰ ਪੂਰਾ ਕਰਨ ਦੇ ਬਾਵਜੂਦ ਵੀ ਚੰਡੀਗੜ੍ਹ ਏਅਰਪੋਰਟ ਤੋਂ ਨਵੀਂ ਇੰਟਰਨੈਸ਼ਨਲ ਫਲਾਈਟਸ ਸ਼ੁਰੂ ਨਾ ਹੋ ਸਕਣਾ ਲੋਕਾਂ ਦੀ ਸਮਝ ਤੋਂ ਪਰ੍ਹੇ ਹੈ।

ਇੰਟਰਨੈਸ਼ਨਲ ਫਲਾਈਟਸ ਆਪ੍ਰੇਟ ਕਰਨ ਲਈ ਜੋ ਮਾਪਦੰਡ ਹੁੰਦੇ ਹਨ, ਉਹ ਸਾਰੇ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਪੂਰਾ ਕਰਦਾ ਹੈ। ਇਸ ਦੇ ਨਾਲ ਹੀ ਏਅਰਪੋਰਟ ਅਥਾਰਟੀ ਵਲੋਂ ਕਈ ਏਅਰਲਾਈਨਜ਼ ਨੂੰ ਇੰਟਰਨੈਸ਼ਨਲ ਫਲਾਈਟਸ ਆਪ੍ਰੇਟ ਕਰਨ ਲਈ ਪੱਤਰ ਵੀ ਲਿਖਿਆ ਗਿਆ ਹੈ। -ਪ੍ਰਿੰਸ ਕੁਮਾਰ, ਪਬਲਿਕ ਰਿਲੇਸ਼ਨ ਅਫ਼ਸਰ, ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ।
 


Anuradha

Content Editor

Related News