ਚੰਡੀਗੜ੍ਹ ''ਚ ਥਾਰ ਚਾਲਕ ਨੇ ਦੋ ਸਕੀਆਂ ਭੈਣਾਂ ਨੂੰ ਮਾਰੀ ਟੱਕਰ, ਇੱਕ ਦੀ ਮੌਤ

Wednesday, Oct 15, 2025 - 10:46 PM (IST)

ਚੰਡੀਗੜ੍ਹ ''ਚ ਥਾਰ ਚਾਲਕ ਨੇ ਦੋ ਸਕੀਆਂ ਭੈਣਾਂ ਨੂੰ ਮਾਰੀ ਟੱਕਰ, ਇੱਕ ਦੀ ਮੌਤ

ਚੰਡੀਗੜ੍ਹ (ਸੁਸ਼ੀਲ) : ਸੈਕਟਰ-45 ਦੇਵ ਸਮਾਜ ਕਾਲਜ ਦੇ ਬਾਹਰ ਆਟੋ ਦੀ ਉਡੀਕ ਕਰ ਰਹੀਆਂ ਦੋ ਭੈਣਾਂ ਨੂੰ ਥਾਰ ਚਾਲਕ ਟੱਕਰ ਮਾਰ ਕੇ ਭੱਜ ਗਿਆ। ਖੂਨ ਨਾਲ ਲੱਥਪੱਥ ਦੋਵੇਂ ਭੈਣਾਂ ਨੂੰ ਲੋਕ ਜੀ.ਐੱਸ.ਸੀ.ਐੱਚ.-32 ਲੈ ਗਏ, ਜਿੱਥੇ ਡਾਕਟਰਾਂ ਨੇ ਇੱਕ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾ ਦੀ ਪਛਾਣ ਬੁੜੈਲ ਦੀ ਰਹਿਣ ਵਾਲੀ ਸੋਜੇਫ ਵਜੋਂ ਹੋਈ ਹੈ। ਉਸਦੀ ਭੈਣ ਈਸ਼ਾ ਦੀ ਹਾਲਤ ਗੰਭੀਰ ਬਣੀ ਹੋਈ ਹੈ। ਦੋਵੇਂ ਭੈਣਾਂ ਦੇਵ ਸਮਾਜ ਕਾਲਜ ਵਿਚ ਪੜ੍ਹਦੀਆਂ ਹਨ।

ਸੈਕਟਰ-34 ਥਾਣਾ ਪੁਲਸ ਨੇ ਫਰਾਰ ਥਾਰ ਚਾਲਕ ਵਿਰੁੱਧ ਲਾਪਰਵਾਹੀ ਅਤੇ ਗੈਰ-ਇਰਾਦਤਨ ਕਤਲ ਦਾ ਮਾਮਲਾ ਦਰਜ ਕੀਤਾ ਹੈ। ਪੁਲਸ ਸੀ.ਸੀ.ਟੀ.ਵੀ. ਕੈਮਰਿਆਂ ਦੀ ਮਦਦ ਨਾਲ ਮੁਲਜ਼ਮ ਦੀ ਭਾਲ ਕਰ ਰਹੀ ਹੈ।

ਬੁੜੈਲ ਵਾਸੀ ਸਾਵੇਦ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਕਿ ਬੁੱਧਵਾਰ ਨੂੰ ਉਸ ਦੀਆਂ ਬੇਟੀਆਂ ਸੋਜੇਫ ਅਤੇ ਈਸ਼ਾ ਸੈਕਟਰ-45 ਦੇਵ ਸਮਾਜ ਕਾਲਜ ਦੇ ਬਾਹਰ ਆਟੋ ਦੀ ਉਡੀਕ ਕਰ ਰਹੀਆਂ ਸਨ। ਇਸ ਦੌਰਾਨ ਇੱਕ ਕਾਲੇ ਰੰਗ ਦੀ ਥਾਰ ਆਈ ਅਤੇ ਦੋਵਾਂ ਬੇਟੀਆਂ ਨੂੰ ਟੱਕਰ ਮਾਰ ਦਿੱਤੀ। ਟੱਕਰ ਲੱਗਣ ’ਤੇ ਬੇਟੀਆਂ ਦੂਰ ਜਾ ਕੇ ਡਿੱਗ ਪਈਆਂ ਅਤੇ ਲਹੂਲੁਹਾਨ ਹੋ ਗਈਆਂ। ਲੋਕਾਂ ਨੇ ਖੂਨ ਨਾਲ ਲੱਥਪੱਥ ਈਸ਼ਾ ਅਤੇ ਸੋਜੇਫ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਸੋਜੇਫ ਨੂੰ ਮ੍ਰਿਤਕ ਐਲਾਨ ਦਿੱਤਾ। ਈਸ਼ਾ ਦਾ ਇਲਾਜ ਚੱਲ ਰਿਹਾ ਹੈ।

ਪਿਤਾ ਨੇ ਦੱਸਿਆ ਕਿ ਛੋਟੀ ਬੇਟੀ ਜੋਸੇਫ਼ ਸੈਕਟਰ 45 ਦੇਵ ਸਮਾਜ ਕਾਲਜ ਵਿਚ ਬੀ.ਏ. ਦੀ ਪੜਾਈ ਕਰ ਰਹੀ ਸੀ, ਜਦੋਂ ਕਿ ਈਸ਼ਾ ਬਿਊਟੀ ਪਾਰਲਰ ਦਾ ਕੰਮ ਸਿੱਖ ਰਹੀ ਹੈ। ਉਸ ਦਾ ਇੱਕ ਛੋਟਾ ਬੇਟਾ ਹੈ, ਜੋ ਘਟਨਾ ਸਮੇਂ ਘਰ ’ਤੇ ਸੀ।

ਸੈਕਟਰ 34 ਥਾਣਾ ਪੁਲਸ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਘਟਨਾ ਸਥਾਨ ਦੇ ਆਲੇ-ਦੁਆਲੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਹਾਦਸਾ ਕਰਨ ਵਾਲੀ ਥਾਰ ਸੈਕਟਰ-21 ’ਚ ਰਹਿਣ ਵਾਲੇ ਵਿਅਕਤੀ ਦੇ ਨਾਮ ’ਤੇ ਰਜਿਸਟਰਡ ਹੈ। ਜਦੋਂ ਪੁਲਸ ਟੀਮ ਜਾਂਚ ਲਈ ਕੋਠੀ ਪਹੁੰਚੀ, ਤਾਂ ਪਤਾ ਲੱਗਾ ਕਿ ਮੁਲਜ਼ਮ ਚਾਲਕ ਉੱਥੇ ਨਹੀਂ ਰਹਿੰਦਾ ਹੈ। ਕੁਝ ਸਮਾਂ ਪਹਿਲਾਂ ਕੋਠੀ ਵੇਚ ਦਿੱਤੀ ਸੀ। ਪੁਲਸ ਮੁਲਜ਼ਮ ਚਾਲਕ ਦੀ ਭਾਲ ਕਰ ਰਹੀ ਹੈ।


author

Inder Prajapati

Content Editor

Related News