ਬਠਿੰਡਾ ''ਚ ਏਮਜ਼ ਅਸੀਂ ਨਹੀਂ, ਬਾਦਲਾਂ ਨੇ ਲੇਟ ਕਰਵਾਇਆ : ਬ੍ਰਹਮ ਮਹਿੰਦਰਾ

Tuesday, Mar 26, 2019 - 01:18 PM (IST)

ਬਠਿੰਡਾ ''ਚ ਏਮਜ਼ ਅਸੀਂ ਨਹੀਂ, ਬਾਦਲਾਂ ਨੇ ਲੇਟ ਕਰਵਾਇਆ : ਬ੍ਰਹਮ ਮਹਿੰਦਰਾ

ਚੰਡੀਗੜ੍ਹ(ਸ਼ਰਮਾ) : ਸਿਹਤ ਤੇ ਪਰਿਵਾਰ ਕਲਿਆਣ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਹੈ ਕਿ ਕਾਂਗਰਸ ਸਰਕਾਰ ਨੇ ਨਹੀ ਸਗੋਂ ਬਾਦਲਾਂ ਨੇ ਆਪਣੇ ਵਿਸ਼ੇਸ਼ ਹਿੱਤਾਂ ਬਠਿੰਡਾ ਵਿਚ ਏਮਜ਼ ਪ੍ਰਾਜੈਕਟ ਵਿਚ ਦੇਰੀ ਕਰਵਾਈ ਹੈ। ਇਸ ਤੋਂ ਇਲਾਵਾ ਇਨ੍ਹਾਂ ਕਾਰਨਾਂ ਕਰਕੇ ਮੋਹਾਲੀ ਮੈਡੀਕਲ ਕਾਲਜ ਨੂੰ ਇਜਾਜ਼ਤ ਨਹੀਂ ਮਿਲਣ ਦਿੱਤੀ। ਉਨ੍ਹਾਂ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ ਲਾਏ ਗਏ ਦੋਸ਼ਾਂ ਕਿ ਪੰਜਾਬ ਸਰਕਾਰ ਵਲੋਂ ਲੇਟ ਕੀਤੇ ਜਾਣ ਕਾਰਨ ਬਠਿੰਡਾ ਏਮਜ਼ ਵਿਚ ਕਲਾਸਾਂ ਨਹੀਂ ਸ਼ੁਰੂ ਹੋਣ ਸਕੀਆਂ, ਦੇ ਜਵਾਬ ਵਿਚ ਕਿਹਾ ਕਿ ਕੇਂਦਰੀ ਮੰਤਰੀ ਇਸ ਗੱਲ ਤੋਂ ਪੂਰੀ ਤਰ੍ਹਾਂ ਅਣਜਾਣ ਲੱਗਦੀ ਹੈ ਕਿ ਬਠਿੰਡਾ ਵਿਚ ਜਮਾਤਾਂ ਸ਼ੁਰੂ ਨਹੀਂ ਹੋਈਆਂ, ਜਦਕਿ ਉਨ੍ਹਾਂ ਲਈ ਫਰੀਦਕੋਟ ਵਿਚ ਪਹਿਲਾਂ ਤੋਂ ਮਨਜ਼ੂਰੀ ਮਿਲ ਚੁੱਕੀ ਹੈ।

ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਪ੍ਰਾਜੈਕਟ ਵਿਚ ਦੇਰੀ ਦੀ ਜ਼ਿੰਮੇਵਾਰੀ ਸੂਬਾ ਸਰਕਾਰ 'ਤੇ ਸੁੱਟਣ ਦੀ ਕੋਸ਼ਿਸ਼ ਕਰ ਰਹੇ ਨੇ, ਬਾਵਜੂਦ ਇਸ ਦੇ ਕਿ ਇਹ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਸੀ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਦੀ ਸਾਡੇ ਤੋਂ ਉਮੀਦਾਂ ਦਾ ਸਵਾਗਤ ਕਰਦੇ ਹਾਂ ਕਿ ਜਿਹੜੇ ਕੰਮ ਉਨ੍ਹਾਂ ਦੀ ਸਰਕਾਰ ਵਲੋਂ 3 ਸਾਲਾਂ ਵਿਚ ਨਹੀਂ ਕਰ ਸਕੀ, ਉਹ ਸਾਡੇ ਕੋਲੋਂ ਰਾਤ ਭਰ ਵਿਚ ਪੂਰਾ ਕੀਤੇ ਜਾਣ ਦੀ ਉਮੀਦ ਕਰਦੇ ਹਨ। ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 'ਤੇ ਜਾਣ-ਬੁੱਝ ਕੇ ਵਿਸ਼ੇਸ਼ ਹਿੱਤਾਂ ਖਾਤਰ ਭਾਰਤ ਸਰਕਾਰ ਦੇ ਮੋਹਾਲੀ ਵਿਚ ਇਕ ਮੈਡੀਕਲ ਕਾਲਜ ਸਥਾਪਤ ਕਰਨ ਸਬੰਧੀ ਪ੍ਰਸਤਾਵ ਤੋਂ ਇਨਕਾਰ ਕਰਨ ਦਾ ਦੋਸ਼ ਲਾਇਆ ਤਾਂ ਜੋ ਉਸ ਦਾ ਫਾਇਦਾ ਇਲਾਕੇ ਦੇ ਕੁਝ ਨਿੱਜੀ ਹਸਪਤਾਲਾਂ ਨੂੰ ਮਿਲ ਸਕੇ।

ਮਹਿੰਦਰਾ ਨੇ ਕਿਹਾ ਕਿ ਕੇਂਦਰੀ ਮੰਤਰੀ ਨੂੰ ਜੇਕਰ ਪੰਜਾਬ 'ਚ ਡਾਕਟਰਾਂ ਦੀ ਚਿੰਤਾ ਹੁੰਦੀ ਤਾਂ ਉਹ ਮੋਹਾਲੀ ਮੈਡੀਕਲ ਕਾਲਜ 'ਤੇ ਜ਼ੋਰ ਦਿੰਦੇ, ਜਿੱਥੇ ਏਮਜ਼ ਦੀ ਬਜਾਏ ਸੂਬੇ ਦੇ ਜ਼ਿਆਦਾ ਵਿਦਿਆਰਥੀ ਪੜ੍ਹਦੇ ਹਨ। ਹਰਸਿਮਰਤ ਵਲੋਂ ਲਾਏ ਗਏ ਦੋਸ਼ਾਂ ਕਿ ਏਮਜ਼ ਬਠਿੰਡਾ ਵਿਚ ਸਮੇਂ 'ਤੇ ਕਲਾਸਾਂ ਨਾ ਸ਼ੁਰੂ ਹੋਣ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੈ, ਦੇ ਜਵਾਬ ਵਿਚ ਮਹਿੰਦਰਾ ਨੇ ਕਿਹਾ ਕਿ ਏਮਜ਼ ਬਠਿੰਡਾ ਤੇ ਮੋਹਾਲੀ ਮੈਡੀਕਲ ਕਾਲਜ ਇਹ ਦੋਵੇਂ ਪ੍ਰਾਜੈਕਟ ਸਾਲ 2014 ਵਿਚ ਮਨਜ਼ੂਰ ਹੋਏ ਸਨ ਪਰ ਬਾਦਲ ਸਰਕਾਰ ਜਾਣਬੁੱਝ ਕੇ ਚੁੱਪ ਬੈਠੀ ਹੈ, ਜਦਕਿ ਦੂਜੇ ਨੂੰ ਨਿੱਜੀ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ਨੂੰ ਫਾਇਦਾ ਪਹੁੰਚਾਉਣ ਖਾਤਰ ਰੱਦ ਕਰ ਦਿੱਤਾ। ਸਿਹਤ ਮੰਤਰੀ ਨੇ ਖੁਲਾਸਾ ਕੀਤਾ ਕਿ ਏਮਜ਼ ਬਠਿੰਡਾ ਨੂੰ 2014 ਵਿਚ ਮਨਜ਼ੂਰੀ ਮਿਲੀ ਸੀ। ਅਕਾਲੀ-ਭਾਜਪਾ ਸਰਕਾਰ ਕੋਲ ਇਸ ਨੂੰ ਪੂਰਾ ਕਰਨ ਲਈ 3 ਸਾਲ ਸਨ ਪਰ ਇਨ੍ਹਾਂ ਨੇ ਇਸ ਪ੍ਰਾਜੈਕਟ ਨੂੰ ਨਾ ਸਿਰਫ ਬਹੁਤ ਲੇਟ ਕੀਤਾ ਸਗੋਂ ਇਸ ਦਾ ਨੀਂਹ ਪੱਥਰ ਵੀ 2017 ਵਿਧਾਨ ਸਭਾ ਚੋਣਾਂ ਲਈ ਚੋਣ ਜ਼ਾਬਤਾ ਲਾਗੂ ਹੋਣ ਤੋਂ ਸਿਰਫ ਇਕ ਮਹੀਨਾ ਪਹਿਲਾਂ 11 ਨਵੰਬਰ 2016 ਨੂੰ ਰੱਖਿਆ ਗਿਆ। ਜਿਸ ਤੋਂ ਸਾਫ ਹੁੰਦਾ ਹੈ ਕਿ ਪ੍ਰਾਜੈਕਟ ਬਾਰੇ ਇਨ੍ਹਾਂ ਦੇ ਇਰਾਦੇ ਗੰਭੀਰ ਨਹੀਂ ਸਨ।


author

cherry

Content Editor

Related News