5178 ਅਧਿਆਪਕ 2 ਸਾਲ ਬੇਸਿਕ ਪੇਅ ''ਤੇ ਹੀ ਕਰਨਗੇ ਕੰਮ
Friday, Mar 08, 2019 - 09:25 AM (IST)

ਚੰਡੀਗੜ੍ਹ(ਭੁੱਲਰ)— ਪੰਜਾਬ ਸਰਕਾਰ ਵਲੋਂ ਬੀਤੇ ਦਿਨੀਂ ਮੰਤਰੀ ਮੰਡਲ ਦੀ ਬੈਠਕ ਵਿਚ ਜਿਹੜੇ 5178 ਅਧਿਆਪਕਾਂ ਨੂੰ ਰੈਗੂਲਰ ਕਰਨ ਦਾ ਫੈਸਲਾ ਕੀਤਾ ਗਿਆ ਸੀ, ਨੂੰ 2 ਸਾਲ ਦੇ ਸਮੇਂ ਤੱਕ ਬੇਸਿਕ ਪੇਅ 'ਤੇ ਹੀ ਕੰਮ ਕਰਨਾ ਪਏਗਾ। ਇਨ੍ਹਾਂ ਅਧਿਆਪਕਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਸਬੰਧੀ ਵੀਰਵਾਰ ਨੂੰ ਪੰਜਾਬ ਸਰਕਾਰ ਵਲੋਂ ਮੰਤਰੀ ਮੰਡਲ ਦੇ ਫੈਸਲੇ ਮੁਤਾਬਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।
ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਵਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਇਨ੍ਹਾਂ ਅਧਿਆਪਕਾਂ ਨੂੰ ਰੈਗੂਲਰ ਕਰਕੇ ਦੋ ਸਾਲ ਪ੍ਰੋਬੇਸ਼ਨ ਪੀਰੀਅਡ ਤਹਿਤ ਰੱਖਿਆ ਜਾਵੇਗਾ। ਇਨ੍ਹਾਂ ਅਧਿਆਪਕਾਂ ਦੀ ਭਰਤੀ 2014, 15 ਤੇ 16 ਵਿਚ ਠੇਕੇ ਦੇ ਆਧਾਰ 'ਤੇ ਕੀਤੀ ਗਈ ਸੀ ਅਤੇ ਨਿਯੁਕਤੀ ਪੱਤਰ ਦੀ ਸ਼ਰਤ ਅਨੁਸਾਰ ਠੇਕੇ ਦਾ ਸਮਾਂ ਖਤਮ ਹੁੰਦਿਆਂ ਹੀ ਰੈਗੂਲਰ ਕਰਕੇ ਦੋ ਸਾਲ ਦਾ ਪ੍ਰੋਬੇਸ਼ਨ ਪੀਰੀਅਡ ਰੱਖਿਆ ਜਾਵੇਗਾ। ਇਸ ਤਰ੍ਹਾਂ ਸਪੱਸ਼ਟ ਕੀਤਾ ਗਿਆ ਹੈ ਕਿ ਪ੍ਰੋਬੇਸ਼ਨ ਪੀਰੀਅਡ ਦੌਰਾਨ ਇਨ੍ਹਾਂ ਅਧਿਆਪਕਾਂ ਨੂੰ ਆਪਣੇ ਕਾਡਰ ਵਿਚ ਬੇਸਿਕ ਪੇਅ ਤੇ ਗ੍ਰੇਡ ਪੇਅ ਮਿਲੇਗੀ ਅਤੇ ਪੂਰੀ ਤਨਖਾਹ ਦੋ ਸਾਲ ਦਾ ਪ੍ਰੋਬੇਸ਼ਨ ਪੀਰੀਅਡ ਖਤਮ ਹੋਣ ਤੋਂ ਬਾਅਦ ਹੀ ਮਿਲੇਗੀ। ਪ੍ਰੋਬੇਸ਼ਨ ਖਤਮ ਹੋਣ ਤੋਂ ਬਾਅਦ ਜ਼ਿਲਾ ਸਿੱਖਿਆ ਅਧਿਕਾਰੀ ਇਨ੍ਹਾਂ ਅਧਿਆਪਕਾਂ ਦੀਆਂ ਤਨਖਾਹਾਂ ਤੇ ਸਕੇਲ ਸਰਕਾਰੀ ਵਿਭਾਗਾਂ ਦੇ ਨਿਯਮਾਂ ਅਨੁਸਾਰ ਤੈਅ ਕਰਨਗੇ। ਇਨ੍ਹਾਂ ਦੀ ਸੀਨੀਓਰਿਟੀ ਵੀ ਰੈਗੂਲਰ ਹੋਣ ਦੀ ਮਿਤੀ ਤੋਂ ਹੀ ਤੈਅ ਹੋਵੇਗੀ। ਜ਼ਿਕਰਯੋਗ ਹੈ ਕਿ ਸਰਕਾਰ ਵਲੋਂ ਰੈਗੂਲਰ ਕੀਤੇ ਜਾਣ ਵਾਲੇ ਹੋਰਨਾਂ ਅਧਿਆਪਕਾਂ ਦਾ ਪ੍ਰੋਬੇਸ਼ਨ ਪੀਰੀਅਡ 3 ਸਾਲ ਤੋਂ ਘਟਾ ਕੇ ਦੋ ਸਾਲ ਤੋਂ ਕਰਨ ਦਾ ਨੋਟੀਫਿਕੇਸ਼ਨ ਵੀ ਅੱਜ ਹੀ ਜਾਰੀ ਹੋਇਆ ਹੈ।