ਲੁਧਿਆਣਵੀ ਜਿਮਨਾਸਟਿਕ ਅੰਡਰ–19 ''ਚ ਬਣੇ ਚੈਂਪੀਅਨ
Sunday, Nov 05, 2017 - 03:52 AM (IST)
ਲੁਧਿਆਣਾ(ਵਿੱਕੀ)-ਗੁਰਦਾਸਪੁਰ 'ਚ ਆਯੋਜਿਤ 63ਵੀਂ ਪੰਜਾਬ ਸਕੂਲ ਸਟੇਟ ਜਿਮਨਾਸਟਿਕ ਪ੍ਰਤੀਯੋਗਤਾ 'ਚ ਲੁਧਿਆਣਾ ਦੇ ਜਿਮਨਾਸਟਿਕ ਦੇ ਖਿਡਾਰੀਆਂ ਨੇ ਵਧੀਆ ਪ੍ਰਦਰਸ਼ਨ ਕਰਦਿਆਂ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਹੈ। ਖੇਡ ਵਿਭਾਗ ਵੱਲੋਂ ਮਲਟੀਪਰਪਸ ਹਾਲ 'ਚ ਚਲਾਏ ਜਾ ਰਹੇ ਜਿਮਨਾਸਟਿਕ ਸੈਂਟਰ ਦੇ ਕੋਚ ਪ੍ਰੇਮ ਸਿੰਘ ਦੇ ਤਰਾਸ਼ੇ ਖਿਡਾਰੀਆਂ ਨੇ ਇਸ ਪ੍ਰਤੀਯੋਗਤਾ 'ਚ ਬਿਹਤਰੀਨ ਪ੍ਰਦਰਸ਼ਨ ਦੇ ਨਾਲ ਦੇਖਣ ਵਾਲਿਆਂ ਨੂੰ ਦੰਦਾਂ ਥੱਲੇ ਉਂਗਲਾਂ ਦਬਾਉਣ ਲਈ ਮਜਬੂਰ ਕਰ ਦਿੱਤਾ। ਕੋਚ ਪ੍ਰੇਮ ਸਿੰਘ ਨੇ ਦੱਸਿਆ ਕਿ ਲੁਧਿਆਣਾ ਦੀ ਅੰਡਰ-19 ਲੜਕਿਆਂ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਉਥੇ ਕੇਸ਼ਵ ਠਾਕੁਰ ਨੇ 8 ਗੋਲਡ ਮੈਡਲ ਹਾਸਲ ਕਰ ਕੇ ਆਲ ਰਾਊਂਡ ਬੈਸਟ ਜਿਮਨਾਸਟ ਆਫ ਪੰਜਾਬ ਦਾ ਖਿਤਾਬ ਆਪਣੇ ਨਾਂ ਕੀਤਾ। ਇਸ ਤੋਂ ਇਲਾਵਾ ਲੜਕੀਆਂ ਦੇ ਅੰਡਰ-19 ਵਰਗ 'ਚ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਕੋਚ ਪ੍ਰੇਮ ਸਿੰਘ ਨੇ ਦੱਸਿਆ ਕਿ ਕੇਸ਼ਵ ਠਾਕੁਰ ਨੇ ਲੋਅਰ ਐਕਸਾਈਜ਼, ਮੈਮੋਲ ਹਾਰਸ, ਰੋਮਨ ਰਿੰਗਸ, ਟੇਬਲ ਬਾਲਟ, ਪੈਰਲਲ ਬਾਰ, ਹਾਈ ਬਾਰ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ। ਵਿਨੋਦ ਭੱਟ ਨੇ 3 ਮੈਡਲ ਹਾਸਲ ਕਰ ਕੇ 5ਵਾਂ ਆਲ ਰਾਊਂਡ ਬੈਸਟ ਜਿਮਨਾਸਟ ਆਫ ਪੰਜਾਬ ਦਾ ਖਿਤਾਬ ਆਪਣੇ ਨਾਂ ਕੀਤਾ। ਮੁਕੇਸ਼ ਕੁਮਾਰ ਨੇ 1 ਮੈਡਲ ਜਿੱਤਿਆ। ਅੰਡਰ–17 'ਚ ਅਲੀ ਰਾਣਾ ਨੇ 1 ਮੈਡਲ ਆਪਣੇ ਨਾਂ ਕੀਤਾ। ਲੜਕੀਆਂ ਦੇ ਅੰਡਰ-19 ਵਰਗ 'ਚ ਮੰਜੂ ਸ਼ਰਮਾ ਨੇ 2 ਮੈਡਲ ਪ੍ਰਾਪਤ ਕਰ ਕੇ 5ਵੀਂ ਜਿਮਨਾਸਟ ਆਫ ਪੰਜਾਬ ਬਣਨ ਦਾ ਮਾਣ ਹਾਸਲ ਕੀਤਾ। ਪ੍ਰਿਯਾ ਸ਼ਰਮਾ ਅਤੇ ਖੁਸ਼ਪ੍ਰੀਤ ਕੌਰ ਨੇ ਅੰਡਰ-19 ਵਰਗ 'ਚ ਮੈਡਲ ਲਏ।
