ਸੂਬੇ ''ਚ ਪਹਿਲੀ ਵਾਰ ਕੈਮਰਿਆਂ ਦੀ ਮਦਦ ਨਾਲ ਚਲਾਨ ਕਰੇਗੀ ਲੁਧਿਆਣਾ ਪੁਲਸ

11/16/2019 5:02:12 PM

ਲੁਧਿਆਣਾ (ਸੁਰਿੰਦਰ ਸੰਨੀ) : ਲੁਧਿਆਣਾ ਪੁਲਸ ਹੁਣ ਕੈਮਰਿਆਂ ਦੀ ਮਦਦ ਨਾਲ ਚਲਾਨ ਕਰਨ ਜਾ ਰਹੀ ਹੈ। ਪੂਰੇ ਸੂਬੇ 'ਚ ਅਜਿਹਾ ਪਹਿਲੀ ਵਾਰ ਹੋਣ ਜਾ ਰਿਹਾ ਹੈ ਕਿ ਕੈਮਰਿਆਂ ਦੀ ਮਦਦ ਨਾਲ ਚਲਾਨ ਕੀਤਾ ਜਾਵੇਗਾ। ਹੁਣ ਜੇਕਰ ਵਾਹਨ ਚਾਲਕਾਂ ਨੇ ਰੈੱਡ ਲਾਈਟ ਜੰਪ ਜਾਂ ਚੌਕਾਂ ਵਿਚ ਜ਼ੈਬਰਾ ਕ੍ਰਾਸਿੰਗ ਦਾ ਉਲੰਘਣ ਕੀਤਾ ਤਾਂ ਟ੍ਰੈਫਿਕ ਪੁਲਸ ਵੱਲੋਂ ਵਾਹਨ ਮਾਲਕ ਦੇ ਘਰ ਚਲਾਨ ਭੇਜਿਆ ਜਾਵੇਗਾ। ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਪੁਲਸ ਲਾਈਨਸ ਸਥਿਤ ਟ੍ਰੈਫਿਕ ਪੁਲਸ ਦੇ ਦਫਤਰ ਤੋਂ ਕੈਮਰਿਆਂ ਦੀ ਮਦਦ ਨਾਲ ਈ-ਚਲਾਨ ਕਰਨ ਦੀ ਯੋਜਨਾ ਦੀ ਸ਼ੁਰੂਆਤ ਕੀਤੀ। ਪੁਲਸ ਵੱਲੋਂ ਰੋਜ਼ਾਨਾ ਘੱਟ ਤੋਂ ਘੱਟ 500 ਚਲਾਨ ਕਰਨ ਦਾ ਨਿਸ਼ਾਨਾ ਰੱਖਿਆ ਗਿਆ ਹੈ। ਕੈਮਰਿਆਂ ਦੀ ਮਦਦ ਨਾਲ ਕੀਤੇ ਗਏ ਆਨਲਾਈਨ ਚਲਾਨ ਨੂੰ ਲੁਧਿਆਣਾ ਪੁਲਸ ਦੀ ਵੈੱਬਸਾਈਟ 'ਤੇ ਆਨਲਾਈਨ ਤਰੀਕੇ ਨਾਲ ਜਾਂ ਨੇੜੇ ਦੇ ਸਾਂਝ ਕੇਂਦਰ ਵਿਖੇ ਜਾ ਕੇ ਭੁਗਤਿਆ ਜਾ ਸਕੇਗਾ।

PunjabKesari

ਈ-ਚਲਾਨ ਯੋਜਨਾ ਦਾ ਸ਼ੁੱਭ ਆਰੰਭ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਿਦਆਂ ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਸੇਫ ਸਿਟੀ ਪ੍ਰਾਜੈਕਟ ਅਧੀਨ 800 ਤੋਂ ਜ਼ਿਆਦਾ ਕੈਮਰੇ ਲਾਏ ਗਏ ਹਨ। ਇਨ੍ਹਾਂ 'ਚੋਂ ਕਈ ਚੌਕਾਂ 'ਚ ਆਟੋਮੈਟਿਕ ਨੰਬਰ ਪਲੇਟ ਰੀਡਰ ਕੈਮਰੇ ਵੀ ਲਾਏ ਗਏ ਹਨ। ਹਾਲ ਦੀ ਘੜੀ 6 ਚੌਕਾਂ 'ਚ ਈ-ਚਲਾਨ ਦੀ ਯੋਜਨਾ ਸ਼ੁਰੂ ਕੀਤੀ ਗਈ ਹੈ, ਜਿਸ ਅਧੀਨ ਕੈਮਰੇ ਰੈੱਡ ਲਾਈਟ ਜੰਪ ਅਤੇ ਜ਼ੈਬਰਾ ਕ੍ਰਾਸਿੰਗ ਦੀ ਉਲੰਘਣਾ ਕਰਨ 'ਤੇ ਆਟੋਮੈਟਿਕ ਤਰੀਕੇ ਨਾਲ ਵਾਹਨ ਦਾ ਚਲਾਨ ਕਰ ਦੇਣਗੇ। ਵਾਹਨ ਚਾਲਕ ਵੱਲੋਂ ਤੋੜੇ ਗਏ ਟ੍ਰੈਫਿਕ ਨਿਯਮ ਦੀ ਫੋਟੋ ਅਤੇ ਵੀਡੀਓ ਦੀ ਰਿਕਾਰਡਿੰਗ ਵੀ ਪੁਲਸ ਕੋਲ ਹੋਵੇਗੀ।

ਚਲਾਨ ਰਜਿਸਟਰਡ ਡਾਕ ਰਾਹੀਂ ਭੇਜਿਆ ਜਾਵੇਗਾ
ਕੈਮਰਿਆਂ ਵੱਲੋਂ ਆਟੋਮੈਟਿਕ ਤਰੀਕੇ ਨਾਲ ਚਲਾਨ ਕਰਨ ਤੋਂ ਬਾਅਦ ਟ੍ਰੈਫਿਕ ਪੁਲਸ ਵੱਲੋਂ ਉਕਤ ਵਾਹਨ ਮਾਲਕ ਦੇ ਪਤੇ 'ਤੇ ਚਲਾਨ ਰਜਿਸਟਰਡ ਡਾਕ ਰਾਹੀਂ ਭੇਜਿਆ ਜਾਵੇਗਾ। ਜੇਕਰ ਟ੍ਰਾਂਸਪੋਰਟ ਵਿਭਾਗ ਕੋਲ ਉਕਤ ਵਾਹਨ ਦੇ ਮਾਲਕ ਦਾ ਮੋਬਾਇਲ ਨੰਬਰ ਰਜਿਸਟਰਡ ਹੈ ਤਾਂ ਉਸ ਦੇ ਫੋਨ 'ਤੇ ਚਲਾਨ ਹੋਣ ਸਬੰਧੀ ਐੱਸ. ਐੱਮ. ਐੱਸ. ਵੀ ਜਾਵੇਗਾ। ਚਲਾਨ ਨਾਲ ਹੀ ਵਾਹਨ ਚਾਲਕ ਵੱਲੋਂ ਨਿਯਮ ਤੋੜਦੇ ਸਮੇਂ ਦੀ ਫੋਟੋ ਵੀ ਸਬੂਤ ਵਜੋਂ ਨਾਲ ਭੇਜੀ ਜਾਵੇਗੀ। ਇਸ ਲਈ ਇਕ ਵਿਸ਼ੇਸ਼ ਸਾਫਟਵੇਅਰ ਤਿਆਰ ਕਰਵਾਇਆ ਗਿਆ ਹੈ ਅਤੇ ਟ੍ਰੈਫਿਕ ਪੁਲਸ ਵੱਲੋਂ ਵਾਹਨ ਮਾਲਕਾਂ ਦਾ ਡਾਟਾ ਟ੍ਰਾਂਸਪੋਰਟ ਵਿਭਾਗ ਦੇ ਵਾਹਨ ਸਾਫਟਵੇਅਰ ਤੋਂ ਲਿਆ ਜਾਵੇਗਾ। ਈ-ਚਲਾਨ ਨੂੰ ਲੁਧਿਆਣਾ ਪੁਲਸ ਦੀ ਵੈੱਬਸਾਈਟ 'ਤੇ ਜਾਂ ਨੇੜੇ ਦੇ ਸਾਂਝ ਕੇਂਦਰ 'ਚ ਜਾ ਕੇ ਭੁਗਤਿਆ ਜਾ ਸਕੇਗਾ। ਲੁਧਿਆਣਾ ਪੁਲਸ ਦਾ ਨਿਸ਼ਾਨਾ ਘੱਟ ਤੋਂ ਘੱਟ ਰੋਜ਼ਾਨਾ ਅਜਿਹੇ 500 ਈ-ਚਲਾਨ ਕਰਨ ਦਾ ਹੈ। ਇਸ ਮੌਕੇ ਡੀ. ਸੀ. ਪੀ. ਹੈੱਡ ਕੁਆਰਟਰ ਅਖਿਲ ਚੌਧਰੀ, ਡੀ. ਸੀ. ਪੀ. ਟ੍ਰੈਫਿਕ ਸੁਖਪਾਲ ਸਿੰਘ ਬਰਾੜ, ਡੀ. ਸੀ. ਪੀ. ਲਾਅ ਐਂਡ ਆਰਡਰ ਅਸ਼ਵਨੀ ਕਪੂਰ, ਏ. ਡੀ. ਸੀ. ਪੀ. ਹੈੱਡ ਕੁਆਰਟਰ ਦੀਪਕ ਪਾਰਿਕ ਤੋਂ ਇਲਾਵਾ ਏ. ਸੀ. ਪੀ. ਟ੍ਰੈਫਿਕ ਗੁਰਦੇਵ ਸਿੰਘ ਵੀ ਹਾਜ਼ਰ ਰਹੇ।

ਪਹਿਲਾ ਚਲਾਨ ਗੁਰੂ ਹਰਗੋਬਿੰਦ ਨਗਰ ਦੇ ਸੰਜੇ ਕੁਮਾਰ ਦੇ ਨਾਂ 'ਤੇ
ਸ਼ੁੱਕਰਵਾਰ ਨੂੰ ਪੁਲਸ ਕਮਿਸ਼ਨਰੇਟ ਰਾਕੇਸ਼ ਅਗਰਵਾਲ ਵੱਲੋਂ ਸ਼ੁਰੂ ਕੀਤੇ ਗਏ ਈ-ਚਲਾਨ 'ਚ ਪਹਿਲਾ ਚਲਾਨ ਗੁਰੂ ਹਰਗੋਬਿੰਦ ਨਗਰ ਦੇ ਰਹਿਣ ਵਾਲੇ ਸੰਜੇ ਕੁਮਾਰ ਦੇ ਨਾਂ 'ਤੇ ਜਾਰੀ ਕੀਤਾ ਗਿਆ ਹੈ। ਸੰਜੇ ਕੁਮਾਰ ਦੇ ਨਾਂ 'ਤੇ ਰਜਿਸਟਰਡ ਭਾਰ ਢੋਣ ਵਾਲੇ ਇਕ ਲਾਲ ਰੰਗ ਦੇ ਥ੍ਰੀ-ਵ੍ਹੀਲਰ ਦੇ ਚਾਲਕ ਨੇ ਦੁਪਹਿਰ ਢਾਈ ਵਜੇ ਰੈੱਡ ਲਾਈਟ ਸਿਗਨਲ ਜੰਪ ਕੀਤਾ ਸੀ। ਈ-ਚਲਾਨ ਦੀ ਸ਼ੁਰੂਆਤ ਕਰਦੇ ਹੀ ਸੰਜੇ ਕੁਮਾਰ ਦੇ ਪਤੇ 'ਤੇ ਫੋਟੋ ਦੇ ਸਬੂਤ ਸਮੇਤ ਪਹਿਲਾ ਚਲਾਨ ਭੇਜਿਆ ਗਿਆ ਹੈ।

ਇਕ ਮਹੀਨੇ ਦੇ ਅੰਦਰ ਚਲਾਨ ਨਾ ਭੁਗਤਿਆ ਤਾਂ ਜਾਣਾ ਪਵੇਗਾ ਅਦਾਲਤ
ਇਸ ਯੋਜਨਾ ਦੀ ਖਾਸ ਗੱਲ ਇਹ ਹੈ ਕਿ ਚਲਾਨ ਦਾ ਭੁਗਤਾਨ ਕਰਨ ਲਈ ਲੋਕਾਂ ਨੂੰ ਇਕ ਮਹੀਨੇ ਦਾ ਸਮਾਂ ਦਿੱਤਾ ਜਾਵੇਗਾ। ਜੇਕਰ ਨਿਯਮ ਤੋੜਣ ਵਾਲਿਆਂ ਨੇ Îਇਕ ਮਹੀਨੇ ਦੇ ਅੰਦਰ ਚਲਾਨ ਦੀ ਜੁਰਮਾਨਾ ਰਾਸ਼ੀ ਜਮ੍ਹਾ ਨਾ ਕੀਤੀ ਤਾਂ ਉਸ ਦਾ ਚਲਾਨ ਅਦਾਲਤ 'ਚ ਭੇਜ ਦਿੱਤਾ ਜਾਵੇਗਾ। ਇਸ ਤੋਂ ਬਾਅਦ ਉਸ ਨੂੰ ਅਦਾਲਤ ਵੱਲੋਂ ਸੰਮਨ ਜਾਂ ਵਾਰੰਟ ਜਾਰੀ ਹੋਣਗੇ।

ਇਨ੍ਹਾਂ 6 ਚੌਕਾਂ 'ਚ ਸ਼ੁਰੂ ਕੀਤਾ ਗਿਆ ਹੈ ਈ-ਚਲਾਨ
ਢੋਲੇਵਾਲ ਚੌਕ, ਦੁਰਗਾ ਮਾਤਾ ਮੰਦਰ ਚੌਕ, ਮਾਲ ਰੋਡ 'ਤੇ ਐੱਚ. ਡੀ. ਐੱਫ. ਸੀ. ਬੈਂਕ, ਪਵੇਲੀਅਨ ਮਾਲ ਕੋਲ ਓਲਡ ਸੈਸ਼ਨ ਚੌਕ, ਹੀਰੋ ਬੈਕਰੀ ਚੌਕ ਅਤੇ ਮਿੰਨੀ ਸਕੱਤਰੇਤ ਚੌਕ।PunjabKesari

ਜੁਰਮਾਨਾ ਰਾਸ਼ੀ ਨਾਲ ਅਦਾ ਕਰਨਾ ਪਵੇਗਾ 50 ਰੁਪਏ ਡਾਕ ਖਰਚਾ
ਈ-ਚਲਾਨ ਦੇ ਭੁਗਤਾਨ ਦੇ ਸਮੇਂ ਬਿਨੇਕਰਤਾ ਨੂੰ ਚਲਾਨ ਦੀ ਜੁਰਮਾਨਾ ਰਾਸ਼ੀ ਅਦਾ ਕਰਨ ਨਾਲ ਹੀ 50 ਰੁਪਏ ਦਾ ਡਾਕ ਖਰਚਾ ਵੀ ਨਾਲ ਅਦਾ ਕਰਨਾ ਪਵੇਗਾ। ਜੁਰਮਾਨਾ ਰਾਸ਼ੀ ਸਰਕਾਰ ਦੇ ਵੱਖਰੇ ਖਾਤੇ 'ਚ ਅਤੇ ਡਾਕ ਖਰਚਾ ਵੱਖਰੇ ਖਾਤੇ 'ਚ ਜਾਣਗੇ। ਵੈੱਬਸਾਈਟ 'ਤੇ ਚਲਾਨ ਭੁਗਤਾਨ ਸਮੇਂ ਵੀ ਬਿਨੇਕਾਰ ਨੂੰ ਨਾਂ, ਪਤਾ, ਡ੍ਰਾਈਵਿੰਗ ਲਾਇਸੈਂਸ ਨੰਬਰ, ਮੋਬਾਇਲ ਨੰਬਰ, ਓ. ਟੀ. ਪੀ. ਸਣੇ ਆਪਣੇ ਡ੍ਰਾਈਵਿੰਗ ਲਾਇਸੈਂਸ ਦੀ ਫੋਟੋ ਕਾਪੀ ਵੀ ਅਪਲੋਡ ਕਰਨੀ ਪਵੇਗੀ। ਡ੍ਰਾਈਵਿੰਗ ਲਾਇਸੈਂਸ ਨਾ ਹੋਣ 'ਤੇ ਬਿਨੇਕਾਰ ਨੂੰ ਉਸ ਦੀ ਜੁਰਮਾਨਾ ਰਾਸ਼ੀ ਵੀ ਅਦਾ ਕਰਨੀ ਪਵੇਗੀ।

ਨੈਸ਼ਨਲ ਡਾਟਾ ਨਾਲ ਜੁੜੇਗਾ ਚਲਾਨ ਦਾ ਡਾਟਾ
ਕਿਸੇ ਵਾਹਨ ਚਾਲਕ ਦਾ ਇਕ ਵਾਰ ਚਲਾਨ ਹੋਣ ਤੋਂ ਬਾਅਦ ਉਸ ਦਾ ਡਾਟਾ ਨੈਸ਼ਨਲ ਡਾਟਾ ਦੇ ਨਾਲ ਜੁੜ ਜਾਵੇਗਾ। ਅਜਿਹੇ 'ਚ ਜੇਕਰ ਕੋਈ ਵਾਹਨ ਚਾਲਕ ਵਾਰ-ਵਾਰ ਨਿਯਮਾਂ ਦੀ ਉਲੰਘਣਾ ਕਰ ਰਿਹਾ ਹੈ ਤਾਂ ਉਸ ਦੀ ਪਛਾਣ ਕਰ ਕੇ ਉਸ ਦਾ ਡ੍ਰਾਈਵਿੰਗ ਲਾਇਸੈਂਸ ਸਸਪੈਂਡ ਕਰਨ ਜਾਂ ਪੁਆਇੰਟ ਕੱਟਣ ਵਿਚ ਆਸਾਨੀ ਹੋਵੇਗੀ। ਅਜਿਹੇ ਕੇਂਦਰ ਸਰਕਾਰ ਦੇ ਟ੍ਰਾਂਸਪੋਰਟ ਵਿਭਾਗ ਦੇ ਸਾਫਟਵੇਅਰ ਵਾਹਨ ਰਾਹੀਂ ਹੋਵੇਗਾ।

ਵਾਹਨ ਆਪਣੇ ਨਾਂ 'ਤੇ ਕਰਵਾਉਣ 'ਚ ਆਵੇਗੀ ਤੇਜ਼ੀ
ਖਾਸ ਗੱਲ ਇਹ ਹੈ ਕਿ ਈ-ਚਲਾਨ ਵਾਹਨ ਦੇ ਰਜਿਸਟਰਡ ਮਾਲਕ ਦੇ ਪਤੇ 'ਤੇ ਜਾਵੇਗਾ। ਜੇਕਰ ਕਿਸੇ ਨੇ ਕੋਈ ਵਾਹਨ ਵੇਚ ਦਿੱਤਾ ਹੈ ਅਤੇ ਖਰੀਦਦਾਰ ਨੇ ਉਕਤ ਵਾਹਨ ਨੂੰ ਹੁਣ ਤੱਕ ਆਪਣੇ ਨਾਂ 'ਤੇ ਟ੍ਰਾਂਸਫਰ ਨਹੀਂ ਕਰਵਾਇਆ ਤਾਂ ਚਲਾਨ ਵੇਚਣ ਵਾਲੇ ਦੇ ਪਤੇ 'ਤੇ ਜਾਵੇਗਾ। ਇਸੇ ਤਰ੍ਹਾਂ ਕਿਸੇ ਦਾ ਵਾਹਨ ਕੋਈ ਮੰਗ ਕੇ ਲੈ ਗਿਆ ਜਾਂ ਡ੍ਰਾਈਵਰ ਨੇ ਚਲਾਨ ਕਰਵਾਇਆ ਹੈ ਤਾਂ ਚਲਾਨ ਵਾਹਨ ਮਾਲਕ ਦੇ ਪਤੇ 'ਤੇ ਪੁੱਜੇਗਾ। ਅਜਿਹੇ ਵਿਚ ਯਕੀਨਣ ਸ਼ਹਿਰ 'ਚ ਆਰ. ਟੀ. ਏ. ਦਫਤਰ ਵਿਚ ਭੀੜ ਵਧ ਜਾਵੇਗੀ ਅਤੇ ਲੋਕ ਵਾਹਨਾਂ ਨੂੰ ਆਪਣੇ ਨਾਂ 'ਤੇ ਟ੍ਰਾਂਸਫਰ ਕਰਵਾਉਣਾ ਸ਼ੁਰੂ ਕਰ ਦੇਣਗੇ।

ਜਿਨ੍ਹਾਂ ਦੇ ਵਾਹਨਾਂ ਦਾ ਡਾਟਾ ਆਨਲਾਈਨ ਸਿਰਫ ਉਨ੍ਹਾਂ ਦੇ ਹੋਣਗੇ ਚਲਾਨ
ਇਸ ਯੋਜਨਾ ਵਿਚ ਕਮੀ ਇਹ ਹੈ ਕਿ ਈ-ਚਲਾਨ ਸਿਰਫ ਉਨ੍ਹਾਂ ਹੀ ਵਾਹਨਾਂ ਦਾ ਕੀਤਾ ਜਾ ਸਕਦਾ ਹੈ, ਜਿਨ੍ਹਾਂ ਦਾ ਡਾਟਾ ਆਨਲਾਈਨ ਹੈ। ਜਿਨ੍ਹਾਂ ਵਾਹਨਾਂ ਦਾ ਡਾਟਾ ਆਨਲਾਈਨ ਨਹੀਂ ਹੈ, ਉਨ੍ਹਾਂ ਦੇ ਈ-ਚਲਾਨ ਨਹੀਂ ਕੀਤੇ ਜਾ ਸਕੇ ਕਿਉਂਕਿ ਉਨ੍ਹਾਂ ਦਾ ਰਿਕਾਰਡ ਆਨਲਾਈਨ ਨਾ ਹੋ ਕੇ ਆਰ. ਟੀ. ਏ. ਦਤਫਰ ਦੇ ਰਜਿਸਟਰਾਂ ਵਿਚ ਦਰਜ ਹੈ। ਹਾਲਾਂਕਿ ਅਧਿਕਾਰੀਆਂ ਦਾ ਦਾਅਵਾ ਹੈ ਕਿ ਸ਼ਹਿਰ 'ਚ ਚੱਲਣ ਵਾਲੇ 80 ਫੀਸਦੀ ਤੋਂ ਜ਼ਿਆਦਾ ਵਾਹਨਾਂ ਦਾ ਡਾਟਾ ਆਨਲਾਈਨ ਮੁਹੱਈਆ ਹੈ ਤਾਂ ਉਨ੍ਹਾਂ ਦੀ ਮੁਹਿੰਮ 'ਤੇ ਕੋਈ ਅਸਰ ਨਹੀਂ ਪਵੇਗਾ।

ਪਹਿਲੇ ਦਿਨ ਈ-ਚਲਾਨ ਦਾ ਸੈਂਕੜਾ
ਟ੍ਰੈਫਿਕ ਪੁਲਸ ਵੱਲੋਂ ਸ਼ੁੱਕਰਵਾਰ ਦੁਪਹਿਰ ਨੂੰ ਈ-ਚਲਾਨ ਯੋਜਨਾ ਨੂੰ ਸ਼ੁਰੂ ਕਰਨ ਤੋਂ ਲੈ ਕੇ ਸ਼ਾਮ ਤੱਕ ਚਲਾਨ ਦਾ ਸੈਂਕੜਾ ਪੂਰਾ ਕਰ ਲਿਆ ਸੀ। ਪਹਿਲੇ ਦਿਨ 100 ਤੋਂ ਜ਼ਿਆਦਾ ਅਜਿਹੇ ਚਲਾਨ ਕੈਮਰਿਆਂ ਦੀ ਮਦਦ ਨਾਲ ਕੀਤੇ ਗਏ, ਜਿਨ੍ਹਾਂ ਵਿਚ ਵਾਹਨ ਚਾਲਕਾਂ ਨੇ ਰੈੱਡ ਲਾਈਟ ਸਿਗਨਲ ਜੰਪ ਜਾਂ ਜ਼ੈਬਰਾ ਕ੍ਰਾਸਿੰਗ ਦਾ ਉਲੰਘਣ ਕੀਤਾ ਸੀ। ਇਨ੍ਹਾਂ ਦੋਵਾਂ ਜੁਰਮਾਂ ਵਿਚ ਜੁਰਮਾਨਾ ਰਾਸ਼ੀ 300 ਰੁਪਏ ਹੈ। ਨਾਲ ਹੀ ਏ. ਸੀ. ਪੀ. ਟ੍ਰੈਫਿਕ ਗੁਰਦੇਵ ਸਿੰਘ ਨੇ ਦੱਸਿਆ ਕਿ ਪੁਲਸ ਰੋਜ਼ਾਨਾ 500 ਤੋਂ ਜ਼ਿਆਦਾ ਈ-ਚਲਾਨ ਕਰੇਗੀ।
 


Anuradha

Content Editor

Related News