ਵਿਦਿਆਰਥਣਾਂ ਦੇ ਹੋਸਟਲ ''ਚ ਸੌਣ ਵਾਲਾ ਚੇਅਰਮੈਨ ਗ੍ਰਿਫਤਾਰ

Thursday, Feb 08, 2018 - 07:58 AM (IST)

ਵਿਦਿਆਰਥਣਾਂ ਦੇ ਹੋਸਟਲ ''ਚ ਸੌਣ ਵਾਲਾ ਚੇਅਰਮੈਨ ਗ੍ਰਿਫਤਾਰ

ਸ੍ਰੀ ਗੋਇੰਦਵਾਲ ਸਾਹਿਬ, (ਪੰਛੀ)- ਵਿਦਿਆਰਥਣਾਂ ਦੇ ਹੋਸਟਲ 'ਚ ਰਾਤ ਨੂੰ ਸੌਣ ਵਾਲਾ ਕੈਨੇਡੀਅਨ ਸਕੂਲ ਦਾ ਚੇਅਰਮੈਨ ਐੱਨ. ਆਰ. ਆਈ. ਆਖਿਰ ਪੁਲਸ ਦੇ ਅੜਿੱਕੇ ਆ ਹੀ ਗਿਆ। ਸ੍ਰੀ ਗੋਇੰਦਵਾਲ ਸਾਹਿਬ ਵਿਖੇ ਗੁਰੂ ਅਮਰਦਾਸ ਕੈਨੇਡੀਅਨ ਪਬਲਿਕ ਸਕੂਲ ਚਲਾ ਰਹੇ ਚੇਅਰਮੈਨ ਕਸ਼ਮੀਰਾ ਸਿੰਘ ਰੰਧਾਵਾ ਖਿਲਾਫ ਪੁਲਸ ਪ੍ਰਸ਼ਾਸਨ ਨੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਕਥਿਤ ਦੋਸ਼ੀ ਨੂੰ ਦੇਰ ਰਾਤ ਹੋਸਟਲ 'ਚੋਂ ਗ੍ਰਿਫਤਾਰ ਕਰ ਲਿਆ ਹੈ। 
ਇਸ ਸਬੰਧੀ ਸ਼ਿਕਾਇਤਕਰਤਾ ਅਮਰਜੀਤ ਸਿੰਘ ਪੁੱਤਰ ਮੁਖਤਾਰ ਸਿੰਘ ਵਾਸੀ ਮੋਗਾ ਨੇ ਦੱਸਿਆ ਕਿ ਉਕਤ ਐੱਨ. ਆਰ. ਆਈ. ਜੋ ਕਿ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸਕੂਲ ਚਲਾ ਰਿਹਾ ਹੈ, ਵੱਲੋਂ ਅਖਬਾਰਾਂ ਵਿਚ ਇਸ਼ਤਿਹਾਰ ਦਿੱਤੇ ਗਏ ਕਿ ਉਹ ਬੱਚਿਆਂ ਨੂੰ ਪੜ੍ਹਾਈ, ਰਿਹਾਇਸ਼ ਅਤੇ ਖਾਣੇ ਦੇ ਘੱਟ ਖਰਚੇ 'ਤੇ ਵਿਦੇਸ਼ਾਂ 'ਚ ਸੈਟਲ ਕਰਵਾ ਰਿਹਾ ਹੈ ਜਿਸ ਤੋਂ ਬਾਅਦ ਅਸੀਂ 10 ਪਰਿਵਾਰਾਂ ਨੇ ਆਪਣੇ ਬੱਚੇ ਉਕਤ ਸਕੂਲ 'ਚ ਦਾਖਲ ਕਰਵਾ ਦਿੱੱਤੇ। ਸਕੂਲ 'ਚ ਦਾਖਲ ਹੋਣ ਤੋਂ ਬਾਅਦ ਬੱਚਿਆਂ ਨੂੰ ਪਤਾ ਲੱਗਾ ਕਿ ਸਕੂਲ ਦਾ ਚੇਅਰਮੈਨ ਵਿਦਿਆਰਥਣਾਂ ਦੇ ਹੋਸਟਲ 'ਚ ਰਾਤ ਗੁਜ਼ਾਰਦਾ ਹੈ। ਸਕੂਲ 'ਚ ਚੰਗੀ ਪੜ੍ਹਾਈ ਦਾ ਕੋਈ ਪ੍ਰਬੰਧ ਨਹੀਂ ਹੈ। ਯੋਗ ਅਧਿਆਪਕ ਨਾ ਹੋਣ ਤੋਂ ਇਲਾਵਾ ਸਕੂਲ ਮੁੱਢਲੀਆਂ ਸਹੂਲਤਾਂ ਤੋਂ ਵੀ ਸੱਖਣਾ ਹੈ। 
ਉਕਤ ਦੋਸ਼ੀ ਵੱਲੋਂ ਕਿਰਾਏ ਦੀਆਂ ਇਮਾਰਤਾਂ 'ਚ ਆਪਣਾ ਕਾਰੋਬਾਰ ਚਲਾਇਆ ਜਾ ਰਿਹਾ ਹੈ ਜਿਸ ਤੋਂ ਬਾਅਦ ਅਸੀਂ ਕਈ ਵਾਰ ਸਕੂਲ ਦੇ ਚੇਅਰਮੈਨ ਨੂੰ ਮਿਲੇ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਜਿਸ 'ਤੇ ਅਸੀਂ ਮਾਣਯੋਗ ਅਦਾਲਤ ਦਾ ਦਰਵਾਜ਼ਾ ਖੜਕਾਇਆ। ਸਾਡੀਆਂ ਅਪੀਲਾਂ ਅਤੇ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਵੱਲੋਂ ਉਕਤ ਦੋਸ਼ੀ ਖਿਲਾਫ ਮਾਮਲਾ ਦਰਜ ਕਰਨ ਦਾ ਹੁਕਮ ਮਿਲਣ ਉਪਰੰਤ ਪੁਲਸ ਥਾਣਾ ਮੋਗਾ ਸਿਟੀ ਵੱਲੋਂ ਚੇਅਰਮੈਨ ਕਸ਼ਮੀਰਾ ਸਿੰਘ ਰੰਧਾਵਾ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ। ਦੇਰ ਸ਼ਾਮ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਪੁੱਜੀ ਪੁਲਸ ਪਾਰਟੀ ਵੱਲੋਂ ਉਕਤ ਦੋਸ਼ੀ ਨੂੰ ਸਕੂਲ ਦੇ ਹੋਸਟਲ 'ਚੋਂ ਗ੍ਰਿਫਤਾਰ ਕਰ ਲਿਆ ਗਿਆ। 
ਕੁਝ ਸਮਾਜ ਸੇਵੀ ਆਗੂਆਂ ਨੇ ਸਕੂਲ ਚਲਾ ਰਹੇ ਉਕਤ ਚੇਅਰਮੈਨ ਦੀਆਂ ਕਰਤੂਤਾਂ ਦੀ ਤਿੱਖੇ ਸ਼ਬਦਾਂ 'ਚ ਨਿਖੇਧੀ ਕਰਦਿਆਂ ਸਰਕਾਰ ਨੂੰ ਅਪੀਲ ਕੀਤੀ ਕਿ ਅਧਿਆਪਕ ਅਤੇ ਵਿਦਿਆਰਥੀ ਦੇ ਰਿਸ਼ਤੇ ਨੂੰ ਤਾਰ-ਤਾਰ ਕਰਨ ਵਾਲੇ ਦੋਸ਼ੀ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਕੈਨੇਡੀਅਨ ਸਕੂਲ ਦੇ ਚੇਅਰਮੈਨ ਵੱਲੋਂ ਕੀਤੀਆਂ ਜਾਂਦੀਆਂ ਹਰਕਤਾਂ ਸਾਹਮਣੇ ਆਉਣ 'ਤੇ ਇਹ ਘਟਨਾ ਇਲਾਕੇ 'ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। 


Related News