ਕੇਂਦਰੀ ਜੇਲ੍ਹ ’ਚ 2 ਹਵਾਲਾਤੀਆਂ ਕੋਲੋਂ ਮੋਬਾਈਲ-ਸਿਮ ਤੇ ਇਕ ਕੋਲੋਂ ਨਸ਼ੀਲਾ ਪਦਾਰਥ ਬਰਾਮਦ

Saturday, Oct 03, 2026 - 06:29 PM (IST)

ਕੇਂਦਰੀ ਜੇਲ੍ਹ ’ਚ 2 ਹਵਾਲਾਤੀਆਂ ਕੋਲੋਂ ਮੋਬਾਈਲ-ਸਿਮ ਤੇ ਇਕ ਕੋਲੋਂ ਨਸ਼ੀਲਾ ਪਦਾਰਥ ਬਰਾਮਦ

ਫਰੀਦਕੋਟ (ਰਾਜਨ) : ਕੇਂਦਰੀ ਜੇਲ੍ਹ ਫਰੀਦਕੋਟ ਵਿਚ ਜੇਲ੍ਹ ਪ੍ਰਸ਼ਾਸਨ ਵੱਲੋਂ ਕੀਤੀਆਂ ਵੱਖ-ਵੱਖ ਤਲਾਸ਼ੀਆਂ ਦੌਰਾਨ 2 ਹਵਾਲਾਤੀਆਂ ਕੋਲੋਂ 2 ਟੱਚ ਸਕਰੀਨ ਮੋਬਾਈਲ ਤੇ ਸਿਮ ਕਾਰਡ ਬਰਾਮਦ ਹੋਣ ਤੋਂ ਇਲਾਵਾ ਇਕ ਹੋਰ ਹਵਾਲਾਤੀ ਕੋਲੋਂ 41 ਗ੍ਰਾਮ ਚਿੱਟੇ ਵਰਗਾ ਜਾਪਦਾ ਨਸ਼ੀਲਾ ਪਦਾਰਥ ਬਰਾਮਦ ਹੋਇਆ ਹੈ। ਇਨ੍ਹਾਂ ਮਾਮਲਿਆਂ ਸਬੰਧੀ ਥਾਣਾ ਸਿਟੀ ਕੋਤਵਾਲੀ ਫਰੀਦਕੋਟ ਦੀ ਪੁਲਸ ਨੇ ਸਬੰਧਤ ਐਕਟ ਤਹਿਤ ਮਾਮਲੇ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਮਿਲੀ ਸ਼ਿਕਾਇਤ ਅਨੁਸਾਰ ਜੇਲ੍ਹ ਕਰਮਚਾਰੀਆਂ ਵੱਲੋਂ ਬਲਾਕ ਨੰਬਰ 5 ਦੀ ਬੈਰਕ ਨੰਬਰ 9 ਦੀ ਅਚਨਚੇਤ ਤਲਾਸ਼ੀ ਲਈ ਗਈ। ਇਸ ਦੌਰਾਨ ਹਵਾਲਾਤੀ ਅਮਰਜੀਤ ਸਿੰਘ ਵਾਸੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਪਹਿਨੀ ਹੋਈ ਲੋਅਰ ਵਿੱਚੋਂ ਇਕ ਟੱਚ ਸਕਰੀਨ ਮੋਬਾਈਲ ਫੋਨ ਸਮੇਤ ਸਿਮ ਕਾਰਡ ਬਰਾਮਦ ਹੋਇਆ।

ਇਸੇ ਤਰ੍ਹਾਂ ਦੂਜੇ ਹਵਾਲਾਤੀ ਰਾਹੁਲ ਸੰਧੂ ਵਾਸੀ ਜ਼ਿਲ੍ਹਾ ਫਿਰੋਜ਼ਪੁਰ ਦੀ ਤਲਾਸ਼ੀ ਲੈਣ ’ਤੇ ਉਸ ਕੋਲੋਂ ਵੀ ਇਕ ਟੱਚ ਸਕਰੀਨ ਮੋਬਾਈਲ ਫੋਨ ਸਮੇਤ ਸਿਮ ਕਾਰਡ ਬਰਾਮਦ ਕੀਤਾ ਗਿਆ। ਜੇਲ੍ਹ ਦੇ ਸਹਾਇਕ ਸੁਪਰਡੈਂਟ ਵੱਲੋਂ ਇਸ ਸਬੰਧੀ ਥਾਣਾ ਸਿਟੀ ਕੋਤਵਾਲੀ ਪੁਲਸ ਨੂੰ ਸ਼ਿਕਾਇਤ ਪੱਤਰ ਭੇਜਿਆ ਗਿਆ। ਸ਼ਿਕਾਇਤ ਦੇ ਆਧਾਰ ’ਤੇ ਸਹਾਇਕ ਥਾਣੇਦਾਰ ਗੁਰਪਾਲ ਸਿੰਘ ਵੱਲੋਂ ਦੋਵਾਂ ਹਵਾਲਾਤੀਆਂ ਖ਼ਿਲਾਫ਼ ਜੇਲ੍ਹ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਇਕ ਹੋਰ ਮਾਮਲੇ ਵਿਚ ਜੇਲ੍ਹ ਕਰਮਚਾਰੀਆਂ ਵੱਲੋਂ ਬਲਾਕ ਨੰਬਰ 5 ਦੀ ਬੈਰਕ ਨੰਬਰ 16 ਦੀ ਤਲਾਸ਼ੀ ਲਈ ਜਾ ਰਹੀ ਸੀ। ਇਸ ਦੌਰਾਨ ਇਕ ਹਵਾਲਾਤੀ ਦੇ ਖੱਡੇ ਅਤੇ ਸਾਮਾਨ ਦੀ ਤਲਾਸ਼ੀ ਲੈਣ ਸਮੇਂ ਉਸ ਦੇ ਕੱਪੜਿਆਂ ਵਾਲੇ ਬੈਗ ਵਿੱਚੋਂ ਇਕ ਮੋਮੀ ਲਿਫ਼ਾਫ਼ਾ ਬਰਾਮਦ ਹੋਇਆ, ਜਿਸ ਵਿੱਚੋਂ 41 ਗ੍ਰਾਮ ਚਿੱਟੇ ਵਰਗਾ ਜਾਪਦਾ ਨਸ਼ੀਲਾ ਪਦਾਰਥ ਮਿਲਿਆ। ਉਕਤ ਹਵਾਲਾਤੀ ਦੀ ਪਛਾਣ ਪਵਨਪਾਲ ਸਿੰਘ ਵਾਸੀ ਸੰਗਤਪੁਰਾ, ਅੰਮ੍ਰਿਤਸਰ ਸਾਹਿਬ ਵਜੋਂ ਹੋਈ ਹੈ। ਜੇਲ੍ਹ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਥਾਣਾ ਸਿਟੀ ਕੋਤਵਾਲੀ ਫਰੀਦਕੋਟ ਨੂੰ ਪੱਤਰ ਭੇਜਿਆ ਗਿਆ। ਇਸ ’ਤੇ ਸਹਾਇਕ ਥਾਣੇਦਾਰ ਹਰਚਰਨ ਸਿੰਘ ਵੱਲੋਂ ਸਬੰਧਤ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


author

Gurminder Singh

Content Editor

Related News