ਲੁਧਿਆਣਾ : ਜੇਲ ''ਚ ਦੋ ਕੈਦੀ ਗਰੁੱਪਾਂ ''ਚ ਖੂਨੀ ਟਕਰਾਅ

02/21/2018 6:10:36 AM

ਲੁਧਿਆਣਾ (ਸਿਆਲ)-ਤਾਜਪੁਰ ਰੋਡ ਕੇਂਦਰੀ ਜੇਲ ਅੰਦਰ ਦੋ ਬੰਦੀ ਗਰੁੱਪਾਂ ਦੇ ਵਿਚਕਾਰ ਖੂਨੀ ਟਕਰਾਅ ਹੋਣ ਦਾ ਸਮਾਚਾਰ ਮਿਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਸ਼ਾਮ 5.15 ਵਜੇ ਦੇ ਲਗਭਗ ਜੇਲ ਦੇ ਅੰਦਰ ਮੇਨ ਕੰਟਰੋਲ 'ਤੇ ਜੇਲ ਦੀ ਬੰਦੀ ਖੁੱਲ੍ਹੀ ਹੋਣ ਕਾਰਨ ਦੋ ਗਰੁੱਪਾਂ ਦੇ ਕੈਦੀ ਉਥੇ ਖੜ੍ਹੇ ਸਨ। ਉਨ੍ਹਾਂ ਦੀ ਕਿਸੇ ਗੱਲ ਨੂੰ ਲੈ ਕੇ ਆਪਸੀ ਤਕਰਾਰ ਹੋ ਗਈ। ਦੋਵੇਂ ਗਰੁੱਪ ਆਪਸ ਵਿਚ ਬੁਰੀ ਤਰ੍ਹਾਂ ਉਲਝ ਗਏ। ਕੈਦੀਆਂ ਨੇ ਇਕ-ਦੂਜੇ 'ਤੇ ਘਾਤਕ ਹਥਿਆਰਾਂ ਨਾਲ ਖੁੱਲ੍ਹ ਕੇ ਹਮਲਾ ਕੀਤਾ। ਇਕ ਗਰੁੱਪ ਦੇ ਮਨਜੀਤ ਸਿੰਘ ਦੇ ਸਿਰ 'ਚ, ਰਵੀ ਕੁਮਾਰ ਦੀ ਧੌਣ 'ਤੇ ਅਤੇ ਲਵਪ੍ਰੀਤ ਸਿੰਘ ਦੇ ਨੱਕ 'ਤੇ ਡੂੰਘੀਆਂ ਸੱਟਾਂ ਲੱਗੀਆਂ। ਖੂਨੀ ਟਕਰਾਅ ਕਾਰਨ ਜੇਲ ਅੰਦਰ ਸਥਿਤੀ ਇੰਨੀ ਤਣਾਅਪੂਰਨ ਹੋ ਗਈ ਕਿ ਜੇਲ ਹੂਟਰ ਦਾ ਦਾ ਇਸਤੇਮਾਲ ਕਰਨਾ ਪਿਆ। ਮੇਨ ਕੰਟਰੋਲ 'ਤੇ ਭਾਰੀ ਪੁਲਸ ਗਾਰਦ ਇਕੱਠੇ ਹੋ ਗਈ ਅਤੇ ਸਥਿਤੀ ਨੂੰ ਕਾਬੂ ਕੀਤਾ। ਗੰਭੀਰ ਰੂਪ 'ਚ ਜ਼ਖ਼ਮੀ ਕੈਦੀਆਂ ਨੂੰ ਜੇਲ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਹਾਲਾਤ ਨੂੰ ਦੇਖਦੇ ਹੋਏ ਸਿਵਲ ਹਸਪਤਾਲ ਰੈਫਰ ਕਰ ਦਿੱਤਾ। ਪੁਲਸ ਗਾਰਦ ਲੱਗਣ ਦੇ ਉਪਰੰਤ ਭਾਰੀ ਸੁਰੱਖਿਆ ਵਿਚਕਾਰ ਰਾਤ 8.30 ਦੇ ਲਗਭਗ ਜ਼ਖ਼ਮੀ ਕੈਦੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ। ਹਸਪਤਾਲ ਪਹੁੰਚੇ ਮਨਜੀਤ ਸਿਘ ਨੇ ਦੱਸਿਆ ਕਿ ਉਨ੍ਹਾਂ ਦਾ ਇਕ ਸਾਥੀ ਬੈਰਕ ਦੀ ਗਿਣਤੀ ਕਟਵਾਉਣ ਲਈ ਪਰਚੀ ਲੈ ਕੇ ਜਾ ਰਿਹਾ ਸੀ। ਦੂਜੇ ਗਰੁੱਪ ਦੇ ਕੈਦੀਆਂ ਨੇ ਉਸ 'ਤੇ ਹਮਲਾ ਕਰ ਦਿੱਤਾ। ਜਦ ਅਸੀਂ ਬਚਾਅ ਕਰਨ ਲਈ ਪਹੁੰਚੇ ਤਾਂ ਸਾਨੂੰ ਵੀ ਬੁਰੀ ਤਰ੍ਹਾਂ ਤਿੱਖੇ ਲੋਹੇ ਦੇ ਹਥਿਆਰਾਂ ਨਾਲ ਜ਼ਖ਼ਮੀ ਕਰ ਦਿੱਤਾ। ਦੂਜੇ ਗਰੁੱਪ ਦੇ ਕੈਦੀਆਂ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਕਤ ਗਰੁੱਪ ਨੇ ਸਾਡੇ ਸਾਥੀਆਂ 'ਤੇ ਹਮਲਾ ਕਰ ਕੇ ਜ਼ਖ਼ਮੀ ਕੀਤਾ ਹੈ। ਇਸ ਸਬੰਧ ਵਿਚ ਜੇਲ ਦੇ ਡਿਪਟੀ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਨੇ ਦੱਸਿਆ ਕਿ ਮੇਨ ਕੰਟਰੋਲ 'ਤੇ ਦੋਵੇਂ ਗਰੁੱਪਾਂ ਵਿਚਕਾਰ ਹੋਏ ਖੂਨੀ ਟਕਰਾਅ ਦੀ ਜਾਂਚ ਕੀਤੀ ਜਾ ਰਹੀ ਹੈ। ਜੇਲ ਪ੍ਰਸ਼ਾਸਨ ਵੱਲੋਂ ਮਾਮਲਾ ਪੁਲਸ ਨੂੰ ਵੀ ਭੇਜਿਆ ਗਿਆ ਹੈ। ਮੈਡੀਕਲ ਰਿਪੋਰਟ ਆਉਣ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ। ਟਿਵਾਣਾ ਨੇ ਕਿਹਾ ਕਿ ਜੇਲ ਅੰਦਰ ਕਿਸੇ ਤਰ੍ਹਾਂ ਦੇ ਘਾਤਕ ਹਥਿਆਰਾਂ ਦਾ ਇਸਤੇਮਾਲ ਨਹੀਂ ਹੋਇਆ। ਫਿਰ ਵੀ ਜੇਲ ਪ੍ਰਸ਼ਾਸਨ ਇਸ ਦੀ ਗੰਭੀਰਤਾ ਨਾਲ ਜਾਂਚ ਕਰ ਰਿਹਾ ਹੈ।


Related News