ਕੇਂਦਰ ਸਰਕਾਰ ਦੀ ਪੰਜਾਬ ’ਤੇ ਟੇਕ, ਕਣਕ ਦੀ ਫ਼ਸਲ ਨੂੰ ਲੈ ਕੇ ਲਿਆ ਇਹ ਵੱਡਾ ਫ਼ੈਸਲਾ

Monday, Apr 10, 2023 - 06:31 PM (IST)

ਕੇਂਦਰ ਸਰਕਾਰ ਦੀ ਪੰਜਾਬ ’ਤੇ ਟੇਕ, ਕਣਕ ਦੀ ਫ਼ਸਲ ਨੂੰ ਲੈ ਕੇ ਲਿਆ ਇਹ ਵੱਡਾ ਫ਼ੈਸਲਾ

ਚੰਡੀਗੜ੍ਹ : ਕੇਂਦਰ ਸਰਕਾਰ ਨੇ ਪੰਜਾਬ ਦੇ ਖ਼ਰੀਦ ਕੇਂਦਰਾਂ ਵਿਚੋਂ ਦੂਜੇ ਸੂਬਿਆਂ ਨੂੰ ਕਣਕ ਦੀ ਸਿੱਧੀ ਡਲਿਵਰੀ ਕਰਨ ਦਾ ਫ਼ੈਸਲਾ ਲਿਆ ਹੈ। ਪਹਿਲੀ ਵਾਰ ਹੈ ਜਦੋਂ ਪੰਜਾਬ ’ਚ ਕਣਕ ਦੇ ਗੁਦਾਮ ਲਗਪਗ ਖ਼ਾਲੀ ਹੋ ਗਏ ਹਨ ਅਤੇ ਦੂਜੇ ਸੂਬਿਆਂ ਨੂੰ ਕਣਕ ਪੰਜਾਬ ਵਿਚੋਂ ਸਿੱਧੀ ਜਾਵੇਗੀ। ਭਾਰਤੀ ਖ਼ੁਰਾਕ ਨਿਗਮ ਨੇ ਇਸ ਬਾਰੇ ਬਕਾਇਦਾ ਪੱਤਰ ਜਾਰੀ ਕੀਤਾ ਹੈ ਕਿ ਕਣਕ ਦੀ ਫ਼ਸਲ ਨੂੰ ਕਵਰਡ ਗੁਦਾਮਾਂ ਵਿਚ ਹੀ ਭੰਡਾਰ ਕੀਤਾ ਜਾਵੇ ਅਤੇ ਇਸ ਬਾਰੇ ਵਿਸਥਾਰਤ ਐਕਸ਼ਨ ਪਲਾਨ ਤਿਆਰ ਕਰਨ ਲਈ ਵੀ ਆਖਿਆ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਖ਼ੁਰਾਕ ਨਿਗਮ ਨੇ ਮੰਡੀਆਂ ਵਿਚੋਂ ਸਿੱਧੀ ਡਲਿਵਰੀ ਦੂਸਰੇ ਰਾਜਾਂ ਨੂੰ ਦੇਣ ਲਈ ਵੀ ਪਲਾਨ ਬਣਾਉਣ ਲਈ ਕਿਹਾ ਹੈ। ਸੂਤਰ ਦੱਸਦੇ ਹਨ ਕਿ ਭਾਰਤੀ ਖ਼ੁਰਾਕ ਨਿਗਮ ਵੱਲੋਂ ਜੋ ਪੰਜਾਬ ਵਿਚ ਕਣਕ ਦਾ ਭੰਡਾਰਨ ਵੀ ਕੀਤਾ ਜਾਣਾ ਹੈ, ਉਹ ਸਟੇਟ ਏਜੰਸੀਆਂ ਦੀ ਥਾਂ ਖ਼ੁਰਾਕ ਨਿਗਮ ਆਪਣੇ ਕਵਰਡ ਗੁਦਾਮਾਂ ਵਿਚ ਕਰ ਸਕਦੀ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਕਦਮ, ਪੀ. ਆਰ. ਟੀ. ਸੀ. ਬੱਸ ਨੂੰ ਲੈ ਕੇ ਜਾਰੀ ਕੀਤੇ ਨਵੇਂ ਹੁਕਮ

ਅਗਲੇ ਵਰ੍ਹੇ ਲੋਕ ਸਭਾ ਚੋਣਾਂ ਹਨ ਅਤੇ ਦੇਸ਼ ਅਨਾਜ ਦੇ ਸੰਕਟ ਵੱਲ ਵਧ ਰਿਹਾ ਹੈ ਜਿਸ ਕਰਕੇ ਕੇਂਦਰ ਦੀ ਟੇਕ ਹੁਣ ਪੰਜਾਬ ’ਤੇ ਲੱਗੀ ਹੋਈ ਹੈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ‘ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ’ ਤਹਿਤ ਵੀ ਮੁਫ਼ਤ ਅਨਾਜ ਦਿੱਤਾ ਜਾਣਾ ਹੈ ਅਤੇ ਉੱਪਰੋਂ ਚਾਰ ਸੂਬਿਆਂ ਵਿਚ ਕਣਕ ਦੀ ਪੈਦਾਵਾਰ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ ਜਿਸ ਦੇ ਮੱਦੇਨਜ਼ਰ ਕੇਂਦਰ ਪਹਿਲਾਂ ਤੋਂ ਹੀ ਚੌਕਸ ਹੋ ਗਿਆ ਹੈ। ਦੇਖਣ ਵਾਲੀ ਗੱਲ ਹੈ ਕਿ ਥੋੜ੍ਹਾ ਅਰਸਾ ਪਹਿਲਾਂ ਕੇਂਦਰ ਸਰਕਾਰ ਵੱਲੋਂ ਨਵੇਂ ਖੇਤੀ ਕਾਨੂੰਨ ਲਿਆ ਕੇ ਕਿਸਾਨੀ ਨੂੰ ਨਿਸ਼ਾਨੇ ’ਤੇ ਲਿਆ ਜਾ ਰਿਹਾ ਸੀ, ਉਹੀ ਭਾਰਤ ਸਰਕਾਰ ਹੁਣ ਅਨਾਜ ਦੀ ਥੁੜ੍ਹ ਦੇ ਦਿਨਾਂ ਵਿਚ ਪੰਜਾਬ ਦੇ ਮੂੰਹ ਵੱਲ ਦੇਖਣ ਲੱਗੀ ਹੈ। 

ਇਹ ਵੀ ਪੜ੍ਹੋ : ਵੱਡੀ ਖ਼ਬਰ : ਅੰਮ੍ਰਿਤਪਾਲ ਦਾ ਸਾਥੀ ਪਪਲਪ੍ਰੀਤ ਸਿੰਘ ਗ੍ਰਿਫ਼ਤਾਰ

ਸੂਤਰਾਂ ਮੁਤਬਾਕ ਪੰਜਾਬ ਵਿਚ ਇਸ ਵੇਲੇ ਕਰੀਬ ਦੋ ਲੱਖ ਟਨ ਅਨਾਜ ਹੀ ਗੁਦਾਮਾਂ ਵਿਚ ਬਚਿਆ ਹੈ ਜਦੋਂ ਕਿ ਇਕ ਵਰ੍ਹਾ ਪਹਿਲਾਂ ਇਨ੍ਹਾਂ ਦਿਨਾਂ ਵਿਚ 40 ਲੱਖ ਟਨ ਦੇ ਕਰੀਬ ਸੀ। ਪੰਜਾਬ ਨੂੰ ਲੰਘੇ ਦੋ ਵਰ੍ਹਿਆਂ ਵਿਚੋਂ ਸਭ ਤੋਂ ਵੱਧ ਰੇਲਵੇ ਰੈਕ ਮਿਲੇ ਹਨ ਅਤੇ ਤੇਜ਼ੀ ਨਾਲ ਸੂਬੇ ਵਿਚੋਂ ਅਨਾਜ ਦੀ ਸਪਲਾਈ ਹੋਈ ਹੈ। ਪਿਛਲੇ ਵਰ੍ਹੇ ਪੰਜਾਬ ਵਿਚ 96.45 ਲੱਖ ਟਨ ਕਣਕ ਦੀ ਖ਼ਰੀਦ ਹੋਈ ਸੀ ਜੋ 2021-22 ਵਿਚ 127.14 ਲੱਖ ਟਨ ਸੀ। ਕਰੀਬ 36 ਲੱਖ ਟਨ ਪੈਦਾਵਾਰ ਵਿਚ ਕਟੌਤੀ ਹੋਈ ਸੀ। ਹਰਿਆਣਾ ਵਿਚ 43 ਲੱਖ ਟਨ ਅਤੇ ਮੱਧ ਪ੍ਰਦੇਸ਼ ਵਿਚ 82 ਲੱਖ ਟਨ ਕਣਕ ਦੇ ਉਤਪਾਦਨ ਵਿਚ ਕਮੀ ਹੋਈ ਸੀ। ਇਸ ਵਾਰ ਪੰਜਾਬ, ਹਰਿਆਣਾ ਅਤੇ ਮੱਧ ਪ੍ਰਦੇਸ਼ ਵਿਚ ਬਾਰਸ਼ਾਂ ਅਤੇ ਝੱਖੜ ਕਰਕੇ ਕਣਕ ਦੀ ਫ਼ਸਲ ਝੰਬੀ ਗਈ ਹੈ ਅਤੇ ਕੇਂਦਰ ਨੂੰ ਪੈਦਾਵਾਰ ਵਿਚ ਕਟੌਤੀ ਹੋਣ ਦਾ ਡਰ ਹੈ ਜਿਸ ਵਜੋਂ ਪੰਜਾਬ ਦੇ ਅੰਨਦਾਤਾ ਦੀ ਵੁੱਕਤ ਕਾਫ਼ੀ ਵਧ ਗਈ ਹੈ। ਇੱਧਰ ਪੰਜਾਬ ਨੇ ਐਤਕੀਂ ਕਣਕ ਦੀ 132 ਲੱਖ ਮੀਟਰਿਕ ਟਨ ਕਣਕ ਦੀ ਖ਼ਰੀਦ ਦਾ ਟੀਚਾ ਮਿੱਥਿਆ ਹੈ। ਪੰਜਾਬ ਦੇ 16 ਜ਼ਿਲ੍ਹਿਆਂ ਵਿੱਚ ਫ਼ਸਲ ਦਾ ਮੀਂਹ ਕਾਰਨ ਨੁਕਸਾਨ ਹੋਇਆ ਹੈ। 

ਇਹ ਵੀ ਪੜ੍ਹੋ : ਲੁਧਿਆਣਾ ਵਾਸੀਆਂ ਲਈ ਅਹਿਮ ਖ਼ਬਰ, ਧਾਰਾ 144 ਲਗਾਈ ਗਈ, ਜਾਰੀ ਹੋਏ ਸਖ਼ਤ ਹੁਕਮ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News