ਮਹਿੰਗਾਈ ਨੂੰ ਲੈ ਕੇ ਕੇਂਦਰ ਖ਼ਿਲਾਫ਼ ਸੰਗਰੂਰ ’ਚ ਕਾਂਗਰਸ ਦਾ ਵੱਡਾ ਧਰਨਾ, ਵਿਜੈ ਸਿੰਗਲਾ ਨੇ ਸਾਂਭਿਆ ਮੋਰਚਾ

Saturday, Aug 06, 2022 - 11:25 AM (IST)

ਮਹਿੰਗਾਈ ਨੂੰ ਲੈ ਕੇ ਕੇਂਦਰ ਖ਼ਿਲਾਫ਼ ਸੰਗਰੂਰ ’ਚ ਕਾਂਗਰਸ ਦਾ ਵੱਡਾ ਧਰਨਾ, ਵਿਜੈ ਸਿੰਗਲਾ ਨੇ ਸਾਂਭਿਆ ਮੋਰਚਾ

ਸੰਗਰੂਰ (ਦਲਜੀਤ ਸਿੰਘ ਬੇਦੀ) : ਮਹਿੰਗਾਈ ਨੂੰ ਲੈ ਕੇ ਕਾਂਗਰਸ ਵੱਲੋਂ ਸਮੁੱਚੇ ਦੇਸ਼ ਵਿਚ ਕੇਂਦਰ ਸਰਕਾਰ ਵਿਰੁੱਧ ਵੱਡੇ ਰੋਸ ਪ੍ਰਦਰਸ਼ਨ ਕੀਤੇ ਗਏ। ਇਸੇ ਤਰ੍ਹਾਂ ਸੰਗਰੂਰ ਵਿਖੇ ਵੀ ਕਾਂਗਰਸ ਵੱਲੋਂ ਇਕ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਵਿਚ ਜ਼ਿਲ੍ਹਾ ਸੰਗਰੂਰ ਦੇ ਵੱਖ-ਵੱਖ ਬਲਾਕਾਂ ਵਿਚੋਂ ਕਾਂਗਰਸੀਆਂ ਨੇ ਸ਼ਮੂਲੀਅਤ ਕਰਕੇ ਕੇਂਦਰ ਸਰਕਾਰ ਵਿਰੁੱਧ ਰੋਸ ਵਿਖਾਵਾ ਕੀਤਾ। ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸਾਹਮਣੇ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਜਦੋਂ ਤੋਂ ਦੇਸ਼ ਵਿਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਬਣੀ ਹੈ, ਉਦੋਂ ਤੋਂ ਹੀ ਦੇਸ਼ ਵਿਚ ਹਾਹਾਕਾਰ ਮਚੀ ਹੋਈ ਹੈ। ਕਿਸੇ ਨੂੰ ਕੋਈ ਰੋਜ਼ਗਾਰ ਨਹੀਂ ਮਿਲ ਰਿਹਾ, ਆਮ ਵਰਤੋਂ ਦੀਆਂ ਚੀਜ਼ਾਂ ਵਿਚ ਹੋ ਰਹੀ ਮਹਿੰਗਾਈ ਨੇ ਹਰੇਕ ਵਰਗ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਦੇਸ਼ ਦੇ ਵਿਕਾਸ ਦਾ ਬੇੜਾ ਡੋਬ ਕੇ ਰੱਖ ਦਿੱਤਾ ਹੈ। 

ਇਹ ਵੀ ਪੜ੍ਹੋ : ਡੇਰਾ ਰਾਧਾ ਸੁਆਮੀ ਸਤਿਸੰਗ ਘਰ ’ਚ ਸੇਵਾਦਾਰਾਂ ਨਾਲ ਵਾਪਰਿਆ ਵੱਡਾ ਹਾਦਸਾ, ਦੇਖਣ ਵਾਲਿਆਂ ਦੀ ਕੰਬ ਗਈ ਰੂਹ

ਸਿੰਗਲਾ ਨੇ ਕਿਹਾ ਕਿ ਯੂ. ਪੀ. ਏ. ਸਰਕਾਰ ਸਮੇਂ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਸਨ ਤਾਂ ਉਨ੍ਹਾਂ ਨੇ ਦੇਸ਼ ਦੀ ਅਰਥ ਵਿਵਸਥਾ ਨੂੰ ਵਿਗੜਣ ਨਹੀਂ ਦਿੱਤਾ ਜਦਕਿ ਪੂਰੇ ਵਿਸ਼ਵ ਵਿਚ ਆਰਥਿਕ ਮੰਦੀ ਆਈ ਹੋਈ ਸੀ ਪਰ ਦੂਜੇ ਪਾਸੇ ਭਾਜਪਾ ਸਰਕਾਰ ਨੇ ਪਿਛਲੇ ਦਸ ਸਾਲਾਂ ਵਿਚ ਦੇਸ਼ ਨੂੰ ਅਜਿਹੀ ਸਥਿਤੀ ਵਿਚ ਲਿਆ ਕੇ ਖੜ੍ਹਾ ਕਰ ਦਿੱਤਾ ਜਿੱਥੋਂ ਨਿੱਕਲਣਾ ਬੇਹੱਦ ਔਖਾ ਹੈ। ਅੱਜ ਦਾਲਾਂ, ਸਬਜ਼ੀਆਂ, ਤੇਲ ਤੇ ਹਰ ਆਮ ਵਰਤੋਂ ਵਾਲੀ ਚੀਜ਼ ਦੇ ਭਾਅ ਅਸਮਾਨ ਨੂੰ ਛੂਹ ਰਹੇ ਹਨ, ਪ੍ਰਧਾਨ ਮੰਤਰੀ ਸਿਰਫ਼ ਵਪਾਰੀਆਂ ਬਾਰੇ ਸੋਚ ਰਹੇ ਹਨ, ਆਮ ਲੋਕ ਅਜਿਹੇ ਹਾਲਾਤ ਵਿਚ ਕਿਸ ਤਰ੍ਹਾਂ ਆਪਣਾ ਗੁਜ਼ਾਰਾ ਕਰ ਰਹੇ ਹਨ, ਇਸ ਬਾਰੇ ਉਨ੍ਹਾਂ ਨੂੰ ਕੁਝ ਨਹੀਂ ਪਤਾ।

ਇਹ ਵੀ ਪੜ੍ਹੋ : ਐੱਨ.ਆਰ. ਆਈਜ਼ ਲਈ ਅਹਿਮ ਖ਼ਬਰ, ਵੱਡੇ ਕਦਮ ਚੁੱਕਣ ਜਾ ਰਹੀ ਭਗਵੰਤ ਮਾਨ ਸਰਕਾਰ

ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇਸ਼ ਭਗਤਾਂ ਦੀ ਪਾਰਟੀ ਹੈ, ਉਹ ਹਰ ਮੁੱਦੇ ’ਤੇ ਸਰਕਾਰ ਵਿਰੁੱਧ ਆਪਣੀ ਆਵਾਜ਼ ਉਠਾਵੇਗੀ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਸਰਕਾਰ ਦੀਆਂ ਨੀਤੀਆਂ ਵਿਰੁੱਧ ਜ਼ੋਰਦਾਰ ਸੰਘਰਸ਼ ਆਰੰਭੇ ਜਾਣਗੇ। ਇਸ ਦੌਰਾਨ ਉਨ੍ਹਾਂ ਵੱਲੋਂ ਨਰਿੰਦਰ ਮੋਦੀ ਤੇ ਭਾਜਪਾ ਸਰਕਾਰ ਵਿਰੁੱਧ ਜਮ ਕੇ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਹਲਕਾ ਧੂਰੀ ਦੇ ਸਾਬਕਾ ਵਿਧਾਇਕ ਦਲਬੀਰ ਸਿੰਘ ਗੋਲਡੀ, ਸੁਭਾਸ਼ ਗਰੋਵਰ, ਪਰਮਿੰਦਰ ਸ਼ਰਮਾ, ਬਲਵੀਰ ਕੌਰ ਸੈਣੀ, ਮਹੇਸ਼ ਕੁਮਾਰ ਮੇਸ਼ੀ, ਬਿੰਦਰ ਬਾਂਸਲ, ਨਰੇਸ਼ ਗਾਬਾ, ਰੌਕੀ ਬਾਂਸਲ, ਹਰਪਾਲ ਸੋਨੂੰ, ਦਰਸ਼ਨ ਕਾਂਗੜਾ, ਚਮਕੌਰ ਸਿੰਘ ਜੱਸੀ, ਸਨਮੀਕ ਹੈਨਰੀ, ਮੈਡਮ ਨਰੇਸ਼ ਸ਼ਰਮਾ ਤੋਂ ਇਲਾਵਾ ਸੰਗਰੂਰ ਜ਼ਿਲ੍ਹੇ ਦੇ ਪਿੰਡਾਂ ਦੇ ਸਰਪੰਚ, ਬਲਾਕ ਸੰਮਤੀ ਮੈਂਬਰ, ਬਲਾਕ ਪ੍ਰਧਾਨ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ  ਮੌਜੂਦ ਸਨ। 

ਇਹ ਵੀ ਪੜ੍ਹੋ : ਪਟਿਆਲਾ ’ਚ ਹੈਰਾਨ ਕਰਨ ਵਾਲੀ ਘਟਨਾ, ਐੱਸ. ਬੀ. ਆਈ. ਦੀ ਮੇਨ ਬ੍ਰਾਂਚ ’ਚੋਂ 35 ਲੱਖ ਕੈਸ਼ ਲੈ ਗਿਆ ਬੱਚਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
 


author

Gurminder Singh

Content Editor

Related News