ਨੋਟਬੰਦੀ ਨੇ ਦੇਸ਼ ਦੇ ਕਾਰੋਬਾਰ ਨੂੰ ਬਣਾਇਆ ਬਿਖੜੇ ਰਾਹ ਦਾ ਪਾਂਧੀ

Saturday, Nov 11, 2017 - 12:37 AM (IST)

ਜ਼ੀਰਾ(ਅਕਾਲੀਆਂ ਵਾਲਾ)—ਦੇਸ਼ ਭਰ ਵਿਚ ਨੋਟਬੰਦੀ ਸਾਲ ਪੂਰਾ ਕਰਦੀ ਹੋਈ ਅੱਜ ਦੂਸਰੇ ਸਾਲ ਵਿਚ ਸ਼ਾਮਲ ਹੋ ਗਈ ਹੈ। ਕੇਂਦਰੀ ਭਾਜਪਾ ਸਰਕਾਰ ਵੱਲੋਂ ਇਸ ਨੋਟਬੰਦੀ ਦੇ ਦਿਹਾੜੇ ਨੂੰ ਦੇਸ਼ ਦੇ ਹਿੱਤ ਵਿਚ ਦੱਸਿਆ ਗਿਆ, ਜਦਕਿ ਵਿਰੋਧੀ ਪਾਰਟੀ ਕਾਂਗਰਸ ਨੇ ਹਲਕੇ ਪੱਧਰ ਤੱਕ ਇਸ ਨੋਟਬੰਦੀ ਨੂੰ ਲੈ ਕੇ ਰੋਸ ਮਾਰਚ ਕੀਤੇ। ਜੇਕਰ ਸਿਆਸੀ ਹਿੱਤਾਂ ਤੋਂ ਦੂਰ ਰੱਖ ਕੇ ਨੋਟਬੰਦੀ ਦੇ ਫੈਸਲੇ ਨੂੰ ਵੇਖਿਆ ਜਾਵੇ ਤਾਂ ਕੁਝ ਕੁ ਲੋਕਾਂ ਨੂੰ ਲਾਭ ਦੇਣ ਵਾਲੇ ਇਸ ਫੈਸਲੇ ਨੇ ਸਾਡੇ ਦੇਸ਼ ਦੇ ਵਪਾਰਕ ਕਾਰੋਬਾਰ ਨੂੰ ਇਸ ਕਦਰ ਬਿਖੜੇ ਰਾਹ ਦਾ ਪਾਂਧੀ ਬਣਾ ਦਿੱਤਾ ਹੈ, ਇਸ ਨੂੰ ਲੀਹਾਂ 'ਤੇ ਲਿਆਉਣ ਲਈ ਅਜੇ ਬਹੁਤ ਸਮਾਂ ਲੱਗੇਗਾ। 97 ਫੀਸਦੀ ਨੋਟ ਬੈਂਕਾਂ ਵਿਚ ਜਮ੍ਹਾ ਹੋ ਚੁੱਕੇ ਹਨ, ਜਿਸ ਦਾ ਵੱਡਾ ਹਿੱਸਾ ਪਹਿਲਾਂ ਹੀ ਚਿੱਟਾ ਧਨ ਸੀ। ਜੇਕਰ ਇਸ ਵਿਚ ਕੋਈ ਕਾਲਾਧਨ ਵੀ ਸੀ ਤਾਂ ਉਹ ਵੀ ਚਿੱਟਾ ਧਨ ਬਣ ਗਿਆ ਹੈ। ਕੀ ਦੂਸਰਾ ਸਾਲ ਨੋਟਬੰਦੀ ਕਰ ਕੇ ਕਾਰੋਬਾਰੀਆਂ ਦੇ ਰਿਸਦੇ ਜ਼ਖਮਾਂ 'ਤੇ ਮੱਲ੍ਹਮ ਲਾਵੇਗਾ। ਇਸ ਸਬੰਧੀ ਕੁਝ ਲੋਕਾਂ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਆਪਣੇ ਵਿਚਾਰ ਪੇਸ਼ ਕੀਤੇ। 
ਮੈਂ ਇਕ ਸਾਧਾਰਨ ਕਿਸਾਨ ਘਿਰਾਣੇ ਨਾਲ ਸਬੰਧ ਰੱਖਦਾ ਹਾਂ। ਨੋਟਬੰਦੀ ਤੋਂ ਬਾਅਦ ਮੈਨੂੰ ਦੋ ਵਾਰ ਇਨਕਮ ਟੈਕਸ ਵਿਭਾਗ ਦੇ ਨੋਟਿਸ ਆ ਚੁੱਕੇ ਹਨ। 14 ਨਵੰਬਰ ਨੂੰ ਮੈਂ ਬਠਿੰਡਾ ਵਿਖੇ ਆਏ ਨੋਟਿਸਾਂ ਦਾ ਜਵਾਬ ਦੇਣਾ ਚਾਵਾਂਗਾ ਜਦਕਿ ਮੇਰਾ ਖੇਤੀਬਾੜੀ ਦਾ ਕਾਰੋਬਾਰ ਹੈ। ਮੋਦੀ ਸਰਕਾਰ ਨੇ ਜੋ ਨੋਟਬੰਦੀ ਦਾ ਫੈਸਲਾ ਲਿਆ ਹੈ, ਉਹ ਦੇਸ਼ ਦੇ ਹਿੱਤ ਵਿਚ ਨਹੀਂ ਹੈ। ਇਸ ਦੀ ਮਾਰ ਮੱਧਵਰਗੀ ਅਤੇ ਗਰੀਬ ਲੋਕਾਂ ਨੂੰ ਪਈ ਹੈ।  
ਦਲਵਿੰਦਰ ਸਿੰਘ ਗੋਸ਼ਾ ਮਰੂੜ 
ਨੋਟਬੰਦੀ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ। ਇਸ ਦੇ ਚੰਗੇ ਨਤੀਜੇ ਮਿਲਣ ਦੀ ਜਗ੍ਹਾ ਇਸ ਦਾ ਲਾਭ ਅਮੀਰ ਲੋਕਾਂ ਨੇ ਉਠਾਇਆ ਹੈ ਕਿਉਂਕਿ ਵਪਾਰੀ ਲੋਕਾਂ ਦੇ ਕਾਰੋਬਾਰ ਨੋਟਬੰਦੀ ਦੀ ਆੜ ਹੇਠ ਬਿਲਕੁਲ ਠੱਪ ਹੋ ਗਏ ਸਨ। ਵਪਾਰੀ ਲੋਕਾਂ ਦੀਆਂ ਲੈਣ ਦਾਰੀਆਂ ਅਜੇ ਤੱਕ ਨੋਟਬੰਦੀ ਕਾਰਨ ਲਟਕੀਆਂ ਪਈਆਂ ਹਨ। 
ਬੰਟੀ ਸੇਠੀ ਅਸ਼ਵਨੀ ਸੈਨੇਟਰੀ ਸਟੋਰ 


Related News