ਸਾਈਬਰ ਹਮਲੇ ਪਿੱਛੋਂ ਕੇਂਦਰੀ ਏਜੰਸੀਆਂ ਮਦਦ ਲਈ ਅੱਗੇ ਆਈਆਂ

07/20/2017 2:16:04 AM

ਜਲੰਧਰ (ਧਵਨ) - ਰੀਅਲ ਅਸਟੇਟ (ਰੈਗੂਲੇਸ਼ਨ ਐਂਡ ਡਿਵੈੱਲਪਮੈਂਟ) ਐਕਟ 'ਤੇ ਹੋਏ ਸਾਈਬਰ ਹਮਲੇ ਨੂੰ ਦੇਖਦੇ ਹੋਏ ਕੇਂਦਰੀ ਏਜੰਸੀਆਂ ਚੌਕਸ ਹੋ ਗਈਆਂ ਹਨ । ਕੇਂਦਰੀ ਇਲੈਕਟ੍ਰਾਨਿਕਸ ਅਤੇ ਆਈ. ਟੀ. ਮੰਤਰਾਲਾ ਦੇ ਅਧੀਨ ਕੰਮ ਕਰ ਰਹੇ ਇੰਡੀਅਨ ਕੰਪਿਊਟਰ ਐਮਰਜੈਂਸੀ ਦੀ ਰਿਸਪਾਂਸ ਟੀਮ ਨੇ ਪੰਜਾਬ ਨੂੰ ਉਸ ਦੀ ਵੈੱਬਸਾਈਟ ਨੂੰ ਸਾਈਬਰ ਹਮਲੇ ਤੋਂ ਬਚਾਉਣ ਲਈ ਮਜ਼ਬੂਤੀ ਦੇਣ ਦਾ ਫੈਸਲਾ ਲਿਆ ਹੈ। ਸੋਮਵਾਰ ਨੂੰ ਪਾਕਿਸਤਾਨ ਦੇ ਹੈਕਰ ਹੁਸੈਨ ਜਾਵੇਦ ਨੇ ਰੀਅਲ ਅਸਟੇਟ ਐਕਟ (ਰੇਰਾ) ਦੀ ਵੈੱਬਸਾਈਟ ਨੂੰ ਹੈਕ ਕਰ ਲਿਆ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਕੇਂਦਰੀ ਏਜੰਸੀ ਵਲੋਂ ਹੁਣ ਸੂਬਾ ਸਰਕਾਰ ਨੂੰ ਸਾਫਟਵੇਅਰ ਸਕਿਓਰਿਟੀ ਕੋਡ ਲਾ ਕੇ ਵੈੱਬਸਾਈਟ ਨੂੰ ਭਵਿੱਖ 'ਚ ਕਿਸੇ ਵੀ ਸਾਈਬਰ ਹਮਲੇ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਅਧਿਕਾਰੀਆਂ ਨੇ ਦੱਸਿਆ ਕਿ ਜਿਹੜੀਆਂ ਵੈੱਬਸਾਈਟਾਂ ਅੱਗੇ ਡਾਟ ਇਨ ਲੱਗਦਾ ਹੈ ਉਨ੍ਹਾਂ 'ਤੇ ਵਧ ਸਾਈਬਰ ਹਮਲੇ ਹੁੰਦੇ ਹਨ। 2013 'ਚ ਵੀ ਅਜਿਹੇ ਹਮਲੇ ਦੇਸ਼ ਦੇ ਕਈ ਸੂਬਿਆਂ 'ਚ ਹੋਏ ਸਨ। ਹੈਕਰਸ ਤੋਂ ਵੈੱਬਸਾਈਟਾਂ ਨੂੰ ਬਚਾਉਣ ਦੇ ਯਤਨ ਸ਼ੁਰੂ ਕਰ ਲਏ ਗਏ ਹਨ।


Related News