ਪੰਜਾਬ ''ਚ ਹੋਵੇਗੀ ਨਸ਼ਾ ਕਰਨ ਵਾਲਿਆਂ ਦੀ ਮਰਦਮਸ਼ੁਮਾਰੀ, ਘਰ-ਘਰ ਜਾਣਗੇ ਅਧਿਕਾਰੀ
Wednesday, Mar 19, 2025 - 02:59 PM (IST)

ਪੰਜਾਬ ਡੈਸਕ : ਪੰਜਾਬ ਸਰਕਾਰ ਵਲੋਂ ਸੂਬੇ ਅੰਦਰ ਨਸ਼ਾ ਕਰਨ ਵਾਲਿਆਂ ਦੀ ਮਰਦਮਸ਼ੁਮਾਰੀ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਲੁਧਿਆਣਾ ਵਿੱਚ ਇਕ ਸਮਾਮਗ ਦੌਰਾਨ ਬਕਾਇਦਾ ਇਸ ਦਾ ਐਲਾਨ ਵੀ ਕਰ ਦਿੱਤਾ।
ਕੇਜਰੀਵਾਲ ਨੇ ਇਸ ਸੰਬੰਧੀ ਆਖਿਆ ਕਿ ਪੰਜਾਬ ਸਰਕਾਰ ਵਲੋਂ ਨਸ਼ਾ ਵੇਚਣ ਵਾਲਿਆਂ ਖਿਲਾਫ ਮੁਹਿੰਮ ਛੇੜੀ ਗਈ ਹੈ ਤੇ ਤਸਕਰਾਂ ਖਿਲਾਫ ਸਖ਼ਤ ਐਕਸ਼ਨ ਲਏ ਜਾ ਰਹੇ ਹਨ, ਪਰ ਦੂਜੇ ਪਾਸੇ ਨਸ਼ਾ ਕਰਨ ਵਾਲਿਆਂ ਨੂੰ ਗਲੇ ਲਗਾਉਣ ਦਾ ਸਮਾਂ ਹੈ। ਉਨ੍ਹਾਂ ਨੂੰ ਪਿਆਰ ਤੇ ਮਹੁੱਬਤ ਦੀ ਲੋੜ ਹੈ। ਇਸ ਕਾਰਨ ਨਸ਼ਾ ਕਰਨ ਵਾਲਿਆਂ ਦੀ ਮਰਦਮਸ਼ੁਮਾਰੀ ਕਰਵਾਈ ਜਾਵੇਗੀ।
ਪੰਜਾਬ ਸਰਕਾਰ ਦੀਆਂ ਏਜੰਸੀਆਂ ਇਸ ਪੰਜਾਬ ਦੇ ਹਰ ਘਰ ਅੰਦਰ ਜਾ ਕੇ ਨਸ਼ਾ ਪੀੜਤਾਂ ਦਾ ਡੇਟਾ ਇਕਠਾ ਕਰੇਗੀ। ਇਸ ਵਿੱਚ ਨਸ਼ਾ ਕਰਨ ਵਾਲਿਆਂ ਦਾ ਪੂਰਾ ਵੇਰਵਾ ਦਰਜ਼ ਕੀਤਾ ਜਾਵੇਗਾ। ਇਸ ਡਾਟਾ ਨੂੰ ਪੂਰੀ ਤਰ੍ਹਾਂ ਨਾਲ ਗੁਪਤ ਰੱਖਿਆ ਜਾਵੇਗਾ। ਹਰ ਘਰ ਜਾ ਕੇ ਨਸ਼ੇ ਕਰਨ ਵਾਲਿਆਂ ਬਾਰੇ ਪਤਾ ਲਗਾਇਆ ਜਾਵੇਗਾ, ਜੇਕਰ ਕੋਈ ਨਸ਼ਾ ਕਰਦਾ ਹੈ ਤਾਂ ਉਸਦੇ ਇਲਾਜ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਲੋਕ ਇਹ ਵੀ ਦੱਸਣ ਵਿੱਚ ਗੁਰੇਜ਼ ਕਰਦੇ ਹਨ ਕਿ ਸਾਡੇ ਘਰ ਅੰਦਰ ਕੋਈ ਨਸ਼ਾ ਤਾਂ ਨਹੀਂ ਕਰ ਰਿਹਾ ਪਰ ਅਸੀਂ ਇਸ ਮਰਦਮਸ਼ੁਮਾਰੀ ਦਾ ਪੂਰਾ ਡਾਟਾ ਗੁਪਤ ਰੱਖਾਂਗੇ ਤੇ ਇਸ ਨੂੰ ਕਿਸੇ ਨਾਲ ਵੀ ਸ਼ੇਅਰ ਨਹੀਂ ਕੀਤਾ ਜਾਵੇਗਾ।
ਦੱਸ ਦਈਏ ਕਿ ਕਿ ਜੇਕਰ ਪੰਜਾਬ ਅੰਦਰ ਇਹ ਨਸ਼ਾ ਕਰਨ ਵਾਲਿਆਂ ਦੀ ਮਰਦਮਸ਼ੁਮਾਰੀ ਹੁੰਦੀ ਹੈ ਤਾਂ ਪੰਜਾਬ ਪੂਰੇ ਦੇਸ਼ ਅੰਦਰ ਅਜਿਹਾ ਕਰਨ ਵਾਲਾ ਪਹਿਲਾ ਸੂਬਾ ਬਣ ਜਾਵੇਗਾ ਅਤੇ ਇਸ ਨਾਲ ਕਿਸੇ ਹੱਦ ਤਕ ਪੰਜਾਬ ਵਿੱਚ ਵੱਧਦੀ ਜਾ ਰਹੀ ਨਸ਼ਾ ਕਰਨ ਵਾਲਿਆਂ ਦੀ ਗਿਣਤੀ ਨੂੰ ਵੀ ਠੱਲ੍ਹ ਪੈਣ ਦੀ ਸੰਭਾਵਨਾ ਹੈ।