ਪੀ. ਸੀ. ਆਰ. ਗੱਡੀਆਂ ''ਤੇ ਲੱਗਣਗੇ ਕੈਮਰੇ, ਪ੍ਰਪੋਜ਼ਲ ਅਫ਼ਸਰਾਂ ਨੂੰ ਭੇਜਿਆ
Sunday, Jul 02, 2017 - 07:57 AM (IST)

ਚੰਡੀਗੜ੍ਹ (ਸੁਸ਼ੀਲ) - ਪੀ. ਸੀ. ਆਰ. ਗੱਡੀਆਂ 'ਤੇ ਪੁਲਸ ਵਿਭਾਗ ਸੀ. ਸੀ. ਟੀ. ਵੀ. ਕੈਮਰੇ ਲਗਾਏਗਾ। ਇਸ ਨਾਲ ਪੀ. ਸੀ. ਆਰ. ਕਰਮਚਾਰੀ ਇਕ ਥਾਂ ਖੜ੍ਹ ਕੇ ਆਪਣੇ ਇਲਾਕੇ 'ਚ ਪੈਟ੍ਰੋਲਿੰਗ ਕਰਨਗੇ। ਪੀ. ਸੀ. ਆਰ. 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਪੁਲਸ ਅਫਸਰਾਂ ਦੇ ਕੰਪਿਊਟਰ ਨਾਲ ਜੁੜੇ ਹੋਣਗੇ। ਪੁਲਸ ਅਫਸਰ ਕਮਰਿਆਂ 'ਚ ਬੈਠ ਕੇ ਪੀ. ਸੀ. ਆਰ. ਕਰਮਚਾਰੀਆਂ 'ਤੇ ਨਜ਼ਰ ਰੱਖ ਸਕਣਗੇ। ਚੰਡੀਗੜ੍ਹ ਪੁਲਸ ਵਿਭਾਗ ਨੇ ਕੁਝ ਮਹੀਨੇ ਪਹਿਲਾਂ ਹੀ ਪੀ. ਸੀ. ਆਰ. ਗੱਡੀਆਂ 'ਤੇ ਸੀ. ਸੀ. ਟੀ. ਵੀ. ਕੈਮਰੇ ਲਾ ਕੇ ਟ੍ਰਾਇਲ ਪੂਰਾ ਕਰ ਲਿਆ ਹੈ। ਟ੍ਰਾਇਲ 'ਚ ਪੁਲਸ ਵਿਭਾਗ ਨੂੰ ਚੰਗਾ ਹੁੰਗਾਰਾ ਮਿਲਿਆ ਹੈ। ਟ੍ਰਾਇਲ 'ਚ ਲੱਗੇ ਪੀ. ਸੀ. ਆਰ. 'ਤੇ ਸੀ. ਸੀ. ਟੀ. ਵੀ. ਕੈਮਰਿਆਂ ਨਾਲ ਪੁਲਸ ਵਿਭਾਗ ਨੂੰ ਘਟਨਾ ਸਥਾਨ ਦੀ ਫੋਟੋ ਤੇ ਵੀਡੀਓ ਮਿਲੇਗੀ, ਜਿਸ ਨਾਲ ਪੁਲਸ ਆਸਾਨੀ ਨਾਲ ਕਾਰਵਾਈ ਕਰ ਸਕਦੀ ਹੈ। ਚੰਡੀਗੜ੍ਹ 'ਚ ਘਟਨਾ ਸਥਾਨ 'ਤੇ ਸਭ ਤੋਂ ਪਹਿਲਾਂ ਪੀ. ਸੀ. ਆਰ. ਦੀਆਂ ਗੱਡੀਆਂ ਹੀ ਪਹੁੰਚਦੀਆਂ ਹਨ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਪੀ. ਸੀ. ਆਰ. ਗੱਡੀਆਂ ਦੇ ਅੱਗੇ ਇਕ ਸੀ. ਸੀ. ਟੀ. ਵੀ. ਕੈਮਰਾ ਲੱਗਾ ਹੋਵੇਗਾ ਤੇ ਗੱਡੀ 'ਚ ਡੀ. ਵੀ. ਆਰ. ਵੀ ਲਗਾਈ ਜਾਵੇਗੀ। ਕੈਮਰੇ 'ਚ ਕਾਰਡ ਪਾ ਕੇ ਉਸ ਦੀ ਸਟੋਰੇਜ ਵਧਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਡੀ. ਵੀ. ਆਰ. 'ਚ 7 ਦਿਨਾਂ ਦੀ ਰਿਕਾਰਡਿੰਗ ਹੋਵੇਗੀ, ਜਿਸ ਤੋਂ ਬਾਅਦ ਪੁਰਾਣੀ ਰਿਕਾਰਡਿੰਗ ਡਿਲੀਟ ਹੋਵੇਗੀ ਤੇ ਅਗਲੀ ਰਿਕਾਰਡਿੰਗ ਰਹੇਗੀ। ਚੰਡੀਗੜ੍ਹ ਪੁਲਸ ਤੋਂ ਪਹਿਲਾਂ ਪੀ. ਸੀ. ਆਰ. 'ਚ ਸੀ. ਸੀ. ਟੀ. ਵੀ. ਕੈਮਰੇ ਅੰਮ੍ਰਿਤਸਰ ਪੁਲਸ ਲਾ ਚੁੱਕੀ ਹੈ। ਇਨ੍ਹਾਂ ਕੈਮਰਿਆਂ ਨੂੰ ਦੇਖਣ ਚੰਡੀਗੜ੍ਹ ਪੁਲਸ ਦੇ ਅਧਿਕਾਰੀ ਅੰਮ੍ਰਿਤਸਰ ਗਏ ਸਨ। ਕੈਮਰੇ ਲੱਗਣ ਨਾਲ ਸ਼ੱਕੀ ਵਿਅਕਤੀ ਉਸ 'ਚ ਕੈਦ ਹੋ ਸਕਣਗੇ। ਅਧਿਕਾਰੀ ਨੇ ਦੱਸਿਆ ਕਿ ਪੀ. ਸੀ. ਆਰ. 'ਚ ਸੀ. ਸੀ. ਟੀ. ਵੀ. ਕੈਮਰੇ ਲਗਾਉਣ ਲਈ ਉੱਚ ਅਧਿਕਾਰੀਆਂ ਨੂੰ ਰਿਪੋਰਟ ਭੇਜ ਦਿੱਤੀ ਹੈ, ਮਨਜ਼ੂਰੀ ਤੋਂ ਬਾਅਦ ਕੈਮਰੇ ਲਗਾਏ ਜਾਣਗੇ।