ਗੁਰਦਾਸਪੁਰ ''ਚ ਵੀ 12ਵੀਂ ਦੇ ਨਤੀਜਿਆਂ ''ਚ ਚਾਰੇ ਪਾਸੇ ਲੜਕੀਆਂ ਨੇ ਮਾਰੀ ਬਾਜ਼ੀ
Friday, May 03, 2019 - 04:32 PM (IST)

ਗੁਰਦਾਸਪੁਰ (ਹਰਮਨਪ੍ਰੀਤ) : ਸੀ. ਬੀ. ਐੱਸ. ਈ. ਵੱਲੋਂ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੇ ਐਲਾਨੇ ਗਏ ਨਤੀਜਿਆਂ 'ਚ ਗੁਰਦਾਸਪੁਰ ਜ਼ਿਲੇ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਨ੍ਹਾਂ ਨਤੀਜਿਆਂ 'ਚ ਤਕਰੀਬਨ ਸਾਰੇ ਗਰੁੱਪਾਂ 'ਚ ਲੜਕੀਆਂ ਨੇ ਪਹਿਲੇ ਸਥਾਨ ਹਾਸਿਲ ਕਰ ਕੇ ਬਾਜ਼ੀ ਮਾਰੀ ਹੈ। ਇਸ ਅਧੀਨ ਮੈਡੀਕਲ ਗਰੁੱਪ 'ਚੋਂ ਸੇਂਟ ਮੇਰੀ ਸੀਨੀਅਰ ਸੈਕੰਡਰੀ ਸਕੂਲ ਗੁਰਦਾਸਪੁਰ ਦੀ ਵਿਦਿਆਰਥਣ ਗੁਲਨਾਜ਼ ਚਹਿਲ ਨੇ 96.6 ਫੀਸਦੀ ਅੰਕ ਪ੍ਰਾਪਤ ਕਰ ਕੇ ਜ਼ਿਲੇ 'ਚ ਪਹਿਲਾ ਸਥਾਨ ਹਾਸਲ ਕੀਤਾ ਹੈ, ਜਦੋਂ ਕਿ ਕਾਮਰਸ ਗਰੁੱਪ ਦੇ ਐਲਾਨੇ ਗਏ ਨਤੀਜਿਆਂ 'ਚ ਜੀਆ ਲਾਲ ਮਿੱਤਲ ਡੀ. ਏ. ਵੀ. ਸਕੂਲ ਗੁਰਦਾਸਪੁਰ ਦੀ ਵਿਦਿਆਰਥਣ ਵੰਸ਼ਿਕਾ ਸੋਢੀ 96.6 ਫੀਸਦੀ ਅੰਕ ਹਾਸਲ ਕਰ ਕੇ ਜ਼ਿਲੇ 'ਚ ਪਹਿਲੇ ਸਥਾਨ 'ਤੇ ਰਹੀ ਹੈ। ਇਸੇ ਤਰ੍ਹਾਂ ਨਾਨ-ਮੈਡੀਕਲ ਗਰੁੱਪ ਦੇ ਨਤੀਜਿਆਂ 'ਚ ਗੁਰਦਾਸਪੁਰ ਪਬਲਿਕ ਸਕੂਲ ਦੀ ਵਿਦਿਆਰਥਣ ਕੋਮਲ ਨੇ 93.6 ਫੀਸਦੀ ਅੰਕ ਹਾਸਲ ਕਰ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਆਰਟਸ ਗਰੁੱਪ 'ਚੋਂ ਵੀ ਜੀਆ ਲਾਲ ਸਕੂਲ ਦੀ ਵਿਦਿਆਰਥਣ ਮਨਪ੍ਰੀਤ 91.80 ਫੀਸਦੀ ਅੰਕ ਪ੍ਰਾਪਤ ਕਰ ਕੇ ਪਹਿਲੇ ਸਥਾਨ 'ਤੇ ਰਹੀ ਹੈ।
ਡਾਕਟਰ ਬਣਨਾ ਚਾਹੁੰਦੀ ਹੈ ਅਮਿਤੋਜ ਕਲਸੀ
ਮੈਡੀਕਲ ਗਰੁੱਪ 'ਚੋਂ ਜ਼ਿਲੇ ਅੰਦਰ ਸੇਂਟ ਮੇਰੀ ਸਕੂਲ ਗੁਰਦਾਸਪੁਰ ਦੀ ਵਿਦਿਆਰਥਣ ਤੇ ਬੱਚਿਆਂ ਦੇ ਪ੍ਰਸਿੱਧ ਡਾਕਟਰ ਗੁਰਖੇਲ ਸਿੰਘ ਕਲਸੀ ਦੀ ਪੁੱਤਰੀ ਅਮਿਤੋਜ ਕਲਸੀ 95 ਫੀਸਦੀ ਅੰਕਾਂ ਨਾਲ ਦੂਸਰੇ ਸਥਾਨ 'ਤੇ ਰਹੀ ਹੈ। ਅਮਿਤੋਜ ਕਲਸੀ ਇਕ ਸਫਲ ਡਾਕਟਰ ਬਣਨਾ ਚਾਹੁੰਦੀ ਹੈ। ਜਿਸ ਲਈ ਉਸਨੇ ਵਿਦੇਸ਼ 'ਚ ਬਾਕਾਇਦਾ ਟੈਸਟ ਦੇ ਕੇ ਦਾਖਲੇ ਲਈ ਲੋੜੀਂਦੀਆਂ ਕਾਰਵਾਈਆਂ ਮੁਕੰਮਲ ਕਰ ਲਈਆਂ ਹਨ ਤੇ ਇਹ ਨਤੀਜਾ ਆਉਣ ਦੇ ਬਾਅਦ ਹੁਣ ਉਸਦਾ ਸੁਪਨਾ ਪੂਰਾ ਹੋਣ ਦਾ ਰਾਹ ਪੱਧਰਾ ਹੋ ਗਿਆ ਹੈ।
ਇੰਜੀਨੀਅਰ ਬਣਨਾ ਚਾਹੁੰਦੀ ਹੈ ਵੰਸ਼ਿਕਾ ਸੋਢੀ
ਕਾਮਰਸ ਗਰੁੱਪ 'ਚ ਜ਼ਿਲੇ 'ਚੋਂ ਪਹਿਲਾ ਸਥਾਨ ਹਾਸਿਲ ਕਰਨ ਵਾਲੀ ਵੰਸ਼ਿਕਾ ਸੋਢੀ ਜੀਆ ਲਾਲ ਮਿੱਤਲ ਡੀ.ਏ.ਵੀ. ਪਬਲਿਕ ਸਕੂਲ ਦੀ ਵਿਦਿਆਰਥਣ ਹੈ। ਜਿਸਨੇ 96.6 ਫੀਸਦੀ ਅੰਕ ਹਾਸਿਲ ਕੀਤੇ ਹਨ। ਵੰਸ਼ਿਕਾ ਸੋਢੀ ਦੇ ਪਿਤਾ ਬਿਕਰਮਜੀਤ ਸਿੰਘ ਸੋਢੀ ਬਿਜ਼ਨੈਸਮੈਨ ਹਨ, ਜਦੋਂ ਕਿ ਉਸਦੀ ਮਾਤਾ ਘਰੇਲੂ ਇਸਤਰੀ ਹੈ। ਵੰਸ਼ਿਕਾ ਸੂਚਨਾ ਤਕਨਾਲੋਜੀ ਦੇ ਖੇਤਰ 'ਚ ਪੜ੍ਹਾਈ ਕਰ ਕੇ ਸਫਲ ਇੰਜੀਨੀਅਰ ਬਣਨਾ ਚਾਹੁੰਦੀ ਹੈ।
ਕੋਮਲ ਬਣਨਾ ਚਾਹੁੰਦੀ ਹੈ ਕੰਪਿਊਟਰ ਇੰਜੀਨੀਅਰ
ਨਾਨ ਮੈਡੀਕਲ ਗਰੁੱਪ ਦੇ ਐਲਾਨੇ ਨਤੀਜਿਆ 'ਚ ਗੁਰਦਾਸਪੁਰ ਪਬਲਿਕ ਸਕੂਲ ਦੀ ਕੋਮਲ ਪੁੱਤਰੀ ਬਲਵਿੰਦਰ ਕੁਮਾਰ ਵਾਸੀ ਗੁਰਦਾਸਪੁਰ ਨੇ 93.6 ਫੀਸਦੀ ਅੰਕ ਹਾਸਿਲ ਕਰ ਕੇ ਇਸ ਗਰੁੱਪ 'ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਕੋਮਲ ਦੇ ਪਿਤਾ ਜ਼ਿਲਾ ਪ੍ਰੀਸ਼ਦ 'ਚ ਨੌਕਰੀ ਕਰਦੇ ਹਨ, ਜਦੋਂ ਕਿ ਉਸਦੀ ਮਾਤਾ ਘਰੇਲੂ ਔਰਤ ਹੈ। ਕੋਮਲ 12ਵੀਂ ਜਮਾਤ ਤੋਂ ਬਾਅਦ ਅੱਗੇ ਪੜ੍ਹਾਈ ਕਰ ਕੇ ਇਕ ਸਫਲ ਕੰਪਿਊਟਰ ਇੰਜੀਨੀਅਰ ਬਣਨਾ ਚਾਹੁੰਦੀ ਹੈ।