CBSE : 12ਵੀਂ ਦੀਆਂ 4 ਸਟ੍ਰੀਮ ਦੇ ਟਾਪ 3 ''ਚ 20 ਵਿਦਿਆਰਥੀ, ਧੀਆਂ ਦਾ ਰਿਹਾ ਦਬਦਬਾ

Tuesday, Jul 14, 2020 - 01:39 PM (IST)

CBSE : 12ਵੀਂ ਦੀਆਂ 4 ਸਟ੍ਰੀਮ ਦੇ ਟਾਪ 3 ''ਚ 20 ਵਿਦਿਆਰਥੀ, ਧੀਆਂ ਦਾ ਰਿਹਾ ਦਬਦਬਾ

ਲੁਧਿਆਣਾ (ਵਿੱਕੀ) : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਨੇ 12ਵੀਂ ਜਮਾਤ ਦੇ ਨਤੀਜੇ ਸੋਮਵਾਰ ਨੂੰ ਸਕੂਲਾਂ ਅਤੇ ਵਿਦਿਆਰਥੀਆਂ ਦੀ ਉਮੀਦ ਤੋਂ ਪਹਿਲਾਂ ਹੀ ਅਚਾਨਕ ਐਲਾਨ ਕਰ ਦਿੱਤੇ। ਅਚਾਨਕ ਨਤੀਜਾ ਐਲਾਨ ਹੋਣ ਦੀ ਸੂਚਨਾ ਮਿਲਦੇ ਹੀ ਵਿਦਿਆਰਥੀਆਂ ਅਤੇ ਸਕੂਲਾਂ ਨੇ ਆਪਣਾ ਨਤੀਜਾ ਚੈੱਕ ਕਰਨਾ ਸ਼ੁਰੂ ਕੀਤਾ ਤਾਂ ਸ਼ੁਰੂਆਤੀ ਪੜਾਅ ’ਚ ਹੀ ਸੀ. ਬੀ. ਐੱਸ. ਈ. ਦੀ ਵੈੱਬਸਾਈਟ ਕ੍ਰੈਸ਼ ਹੋ ਗਈ। ਬੇਸ਼ੱਕ ਕੋਰੋਨਾ ਵਾਇਰਸ ਦੇ ਵੱਧਦੇ ਕਹਿਰ ਕਾਰਨ ਸੀ. ਬੀ. ਐੱਸ. ਈ. ਨੇ ਇਸ ਵਾਰ ਕੁੱਝ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਪਰ ਲੁਧਿਆਣਾ ਦੇ ਵਿਦਿਆਰਥੀਆਂ ਨੇ ਆਪਣੇ ਕੰਡਕਟ ਐਗ਼ਜ਼ਾਮ 'ਚ ਹੀ ਬਿਹਤਰੀਨ ਕਾਰਗੁਜ਼ਾਰੀ ਦਿਖਾਈ।

PunjabKesari

2020 ਦੇ  ਨਤੀਜੇ ਦੇ ਮੁਕਾਬਲੇ ਜੇਕਰ ਪਿਛਲੇ ਸਾਲ ਨਾਲ ਕਰੀਏ ਤਾਂ ਇਸ ਵਾਰ ਜ਼ਿਲ੍ਹੇ ਦੀ ਟਾਪ ਫੀਸਦੀ 'ਚ ਲਗਭਗ 1 ਫੀਸਦੀ ਤੱਕ ਦਾ ਵਾਧਾ ਹੋਇਆ ਹੈ, ਭਾਵੇਂ ਕਿ ਨਾਨ-ਮੈਡੀਕਲ 'ਚ ਫੀਸਦੀ ਪੁਆਇੰਟ 2 ਫੀਸਦੀ ਤੱਕ ਡਿੱਗੇ, ਜਦਕਿ ਹੋਰਾਂ ’ਚ ਅੱਗੇ ਰਹੇ ਹਨ। 12ਵੀਂ ਦੀਆਂ ਪ੍ਰਮੁੱਖ 4 ਸਟ੍ਰੀਮਾਂ ਦੀਆਂ ਪਹਿਲੀਆਂ 3 ਪੁਜ਼ੀਸਨਾਂ ’ਤੇ 20 ਵਿਦਿਆਰਥੀਆਂ ਨੇ ਆਪਣੀ ਕਾਮਯਾਬੀ ਦਾ ਸਿਹਰਾ ਬੰਨ੍ਹਿਆ ਹੈ। ਜਿਸ 'ਚ 15 ਕੁੜੀਆਂ ਅਤੇ 5 ਮੁੰਡੇ ਸ਼ਾਮਲ ਹਨ। ਖਾਸ ਗੱਲ ਤਾਂ ਇਹ ਹੈ ਕਿ ਜ਼ਿਲ੍ਹੇ ਦੇ ਪਹਿਲੇ ਟਾਪ-3 ਸਥਾਨਾਂ ’ਤੇ ਧੀਆਂ ਦਾ ਹੀ ਦਬਦਬਾ ਰਿਹਾ ਅਤੇ ਤਿੰਨੇ ਵਿਦਿਆਰਥਣਾਂ ਆਰਟਸ ਸਟ੍ਰੀਮ ’ਚੋਂ ਹਨ। ਉੱਥੇ ਲੁਧਿਆਣਾ ਦੇ ਨਤੀਜੇ 'ਚ ਵੀ ਲਗਾਤਾਰ ਤੀਜੇ ਸਾਲ ਆਰਟਸ ਸਟ੍ਰੀਮ ਦੀਆਂ ਵਿਦਿਆਰਥਣ ਨੇ ਝੰਡਾ ਲਹਿਰਾਇਆ ਹੈ।

PunjabKesari
ਪੇਪਰਾਂ ਤੋਂ 6 ਮਹੀਨੇ ਪਹਿਲਾਂ ਡਿਲੀਟ ਕਰ ਦਿੱਤੇ ਸੋਸ਼ਲ ਮੀਡੀਆ ਅਕਾਊਂਟਸ, ਜੱਜ ਬਣਨ ਦਾ ਤੈਅ ਕੀਤਾ ਟੀਚਾ
ਕਹਿੰਦੇ ਹਨ ਕਿ ਜਦ ਨਜ਼ਰਾਂ ਮੰਜ਼ਿਲ ’ਤੇ ਹੋਣ ਤਾਂ ਸਫਲਤਾ ਮਿਲਣਾ ਵੀ ਤੈਅ ਹੈ। ਇਸ ਗੱਲ ਦੀ ਮਿਸਾਲ ਹੈ 99.8 ਫੀਸਦੀ ਅੰਕ ਲੈ ਕੇ ਜ਼ਿਲ੍ਹੇ 'ਚ ਟਾਪ ਕਰਨ ਵਾਲੀ ਵਿਦਿਆਰਥਣ ਗੁਰਵੀਨ ਕੌਰ ਜਿਸ ਨੇ ਫਾਈਨਲ ਪੇਪਰਾਂ ਤੋਂ 6 ਮਹੀਨੇ ਪਹਿਲਾਂ ਹੀ ਆਪਣੇ ਸਾਰੇ ਸੋਸ਼ਲ ਮੀਡੀਆ ਅਕਾਊਂਟਸ ਡਿਲੀਟ ਕਰ ਦਿੱਤੇ ਅਤੇ ਪੂਰਾ ਧਿਆਨ ਪ੍ਰੀਖਿਆਵਾਂ ਦੀ ਤਿਆਰੀ ’ਤੇ ਦਿੱਤਾ। ਮਾਡਲ ਟਾਊਨ ਐਕਸਟੈਂਸ਼ਨ ਨਿਵਾਸੀ ਗੁਰਵੀਨ ਦੇ ਪਿਤਾ ਗੁਰਿੰਦਰਪਾਲ ਸਿੰਘ ਐਡਵੋਕੇਟ ਹੈ, ਜਦਕਿ ਮਾਤਾ ਬਲਵਿੰਦਰ ਕੌਰ ਡਾਇਟੀਸ਼ੀਅਨ ਹੈ।

ਇਸ ਟਾਪਰ ਵਿਦਿਆਰਥਣ ਨੇ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਜੱਜ ਬਣਨ ਦਾ ਸ਼ੌਂਕ ਹੈ, ਜੋ ਕਿ ਅੱਜ ਉਸ ਦਾ ਟੀਚਾ ਬਣ ਚੁੱਕਾ ਹੈ। ਗੁਰਵੀਨ ਨੇ ਕਿਹਾ ਕਿ ਉਹ ਬਚਪਨ ਤੋਂ ਹੀ ਵਾਦ-ਵਿਵਾਦ ਪ੍ਰਤੀਯੋਗਤਾਵਾਂ ’ਚ ਹਿੱਸਾ ਲੈਂਦੀ ਰਹੀ ਹੈ, ਜਦਕਿ ਪਾਲੀਟੀਕਲ ਸਾਇੰਸ ਉਸ ਦਾ ਪਸੰਦੀਦਾ ਵਿਸ਼ਾ ਹੈ। ਗੁਰਵੀਨ ਮੁਤਾਬਕ ਹੁਣ ਉਹ ਲਾਅ ਕਰੇਗੀ, ਜਿਸ ਦੇ ਲਈ ਮੋਹਾਲੀ ਲਾਅ ਕਾਲਜ ’ਚ ਦਾਖਲਾ ਲੈ ਕੇ ਆਪਣਾ ਟੀਚਾ ਪੂਰਾ ਕਰਨ ਦੀ ਦਿਸ਼ਾ ’ਚ ਅੱਗੇ ਵਧੇਗੀ। ਆਪਣੀ ਕਾਮਯਾਬੀ ਦਾ ਸਿਹਰਾ ਇਸ ਵਿਦਿਆਰਥਣ ਨੇ ਪਿਤਾ ਐਡਵੋਕੇਟ ਗੁਰਵਿੰਦਰ ਸਿੰਘ ਅਤੇ ਮਾਤਾ ਬਲਵਿੰਦਰ ਕੌਰ ਨੂੰ ਦਿੱਤਾ।


 


author

Babita

Content Editor

Related News