CBI ਦੇ ਰਾਡਾਰ ''ਤੇ ਫਿਰੋਜ਼ਪੁਰ ਰੇਲ ਮੰਡਲ ਦਾ ਇਲੈਕਟ੍ਰਿਕ ਵਿਭਾਗ, ਟੈਂਡਰ ਘਪਲੇ ਦਾ ਸ਼ੱਕ

Wednesday, Feb 05, 2020 - 01:08 PM (IST)

CBI ਦੇ ਰਾਡਾਰ ''ਤੇ ਫਿਰੋਜ਼ਪੁਰ ਰੇਲ ਮੰਡਲ ਦਾ ਇਲੈਕਟ੍ਰਿਕ ਵਿਭਾਗ, ਟੈਂਡਰ ਘਪਲੇ ਦਾ ਸ਼ੱਕ

ਫਿਰੋਜ਼ਪੁਰ (ਆਨੰਦ) : ਕਥਿਤ ਟੈਂਡਰ ਘਪਲੇ ਦੇ ਸ਼ੱਕ ਨੂੰ ਲੈ ਕੇ ਸੀ. ਬੀ. ਆਈ. ਦੇ ਰਾਡਾਰ 'ਤੇ ਫਿਰੋਜ਼ਪੁਰ ਰੇਲ ਮੰਡਲ ਦਾ ਇਲੈਕਟ੍ਰਿਕ ਵਿਭਾਗ ਹੈ, ਜਿਸ ਦੀਆਂ ਪਰਤਾਂ ਖੋਲ੍ਹਣ ਲਈ ਸੀ. ਬੀ. ਆਈ. ਦੇ ਐਂਟੀ-ਕੁਰੱਪਸ਼ਨ ਯੂਨਿਟ ਵਲੋਂ ਪੂਰਾ ਜ਼ੋਰ ਲਾਇਆ ਜਾ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਜਿਥੇ ਮੰਡਲ 'ਚ ਹੜਕੰਪ ਮਚਿਆ ਹੋਇਆ ਹੈ, ਉਥੇ ਹੀ ਉੱਤਰੀ ਰੇਲਵੇ 'ਚ ਵੀ ਇਸ ਦੀ ਆਹਟ ਸੁਣਾਈ ਦੇਣ ਲੱਗੀ ਹੈ।

ਰੇਲਵੇ ਸੂਤਰਾਂ ਨੇ ਦੱਸਿਆ ਕਿ ਸੀ. ਬੀ. ਆਈ. ਦੇ ਐਂਟੀ-ਕੁਰੱਪਸ਼ਨ ਯੂਨਿਟ ਨੇ ਫਿਰੋਜ਼ਪੁਰ ਮੰਡਲ ਦੇ ਇਲੈਕਟ੍ਰਿਕ ਵਿਭਾਗ ਦੇ ਕਈ ਦਸਤਾਵੇਜ਼ਾਂ ਦੀਆਂ ਸਰਟੀਫਾਈਡ ਕਾਪੀਆਂ ਵਿਭਾਗ ਨੂੰ ਸੌਂਪਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਜਿਥੇ ਸੀ. ਬੀ. ਆਈ. ਵਲੋਂ ਮੰਡਲ ਦਫਤਰ 'ਚ ਰੇਡ ਕੀਤੀ ਗਈ ਸੀ, ਉਥੇ ਹੀ ਸੀ. ਬੀ. ਆਈ. ਵਲੋਂ ਫਿਰੋਜ਼ਪੁਰ ਮੰਡਲ ਦਫਤਰ ਦੇ ਇਲੈਕਟ੍ਰਿਕ ਵਿਭਾਗ ਨੂੰ ਇਕ ਪੱਤਰ ਰਾਹੀਂ ਕਈ ਦਸਤਾਵੇਜ਼ ਸਪੁਰਦ ਕਰਨ ਦੇ ਹੁਕਮ ਦਿੱਤੇ ਸਨ। ਇਸਦੇ ਨਾਲ ਹੀ ਸੀ. ਬੀ. ਆਈ. ਵਲੋਂ ਦਿੱਤੇ ਗਏ ਕੁਝ ਵਾਧੂ ਕੰਮ, ਲੁਧਿਆਣਾ ਰੇਲਵੇ ਸਟੇਸ਼ਨ 'ਚ ਕੀਤੀ ਗਈ ਲਾਈਟਿੰਗ ਅਤੇ ਐੱਲ. ਈ. ਡੀ. ਯੁਕਤ ਸਾਈਨ ਬੋਰਡ, ਜਲੰਧਰ-ਪਠਾਨਕੋਟ ਰੇਲ ਬਲਾਕ ਸਣੇ ਜਲੰਧਰ-ਫਿਰੋਜ਼ਪੁਰ, ਜਲੰਧਰ-ਅੰਮ੍ਰਿਤਸਰ ਸਣੇ ਲੁਧਿਆਣਾ ਰੇਲ ਬਲਾਕਾਂ 'ਤੇ ਜੀ. ਐੱਮ. ਦੇ ਨਿਰੀਖਣ ਦੌਰਾਨ ਕੀਤੇ ਗਏ ਇਲੈਕਟ੍ਰਿਕ ਕੰਮਾਂ ਦੇ ਦਸਤਾਵੇਜ਼ਾਂ ਨੂੰ ਸੌਂਪਣ ਲਈ ਨਿਰਦੇਸ਼ ਦਿੱਤੇ ਗਏ ਸਨ।

ਉਥੇ ਹੀ ਇਸ ਤੋਂ ਇਲਾਵਾ ਅੰਮ੍ਰਿਤਸਰ ਜ਼ੋਨ ਵਿਚ ਕੀਤੇ ਗਏ ਕੰਮ, ਸੈਂਕੜੇ ਰੇਲਵੇ ਕੁਆਰਟਰਾਂ ਵਿਚ ਕੀਤੀ ਗਈ ਰੀ-ਵਾਇਰਿੰਗ, ਜਲੰਧਰ ਸ਼ਹਿਰ ਅਤੇ ਫਗਵਾੜਾ ਵਿਚ ਐੱਲ. ਈ. ਡੀ. ਯੁਕਤ ਸਾਈਨ ਬੋਰਡ ਅਤੇ ਇਸ ਸਮੇਂ ਦੌਰਾਨ ਹਰ ਵਿਅਕਤੀ ਦੀ ਪੋਸਟਿੰਗ ਤੋਂ ਲੈ ਕੇ ਜਾਰੀ ਕੀਤੇ ਗਏ ਬਿੱਲਾਂ ਦੇ ਦਸਤਾਵੇਜ਼ਾਂ ਦੀਆਂ ਸਰਟੀਫਾਈਡ ਕਾਪੀਆਂ ਦੇਣ ਲਈ ਕਿਹਾ ਗਿਆ ਸੀ। ਸੂਤਰਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਸੀ. ਬੀ. ਆਈ. ਦੇ ਹੱਥ ਕਾਫੀ ਕੁਝ ਲੱਗ ਚੁੱਕਾ ਹੈ ਅਤੇ ਜੇਕਰ ਇਸ 'ਤੇ ਸਹੀ ਤਰੀਕੇ ਨਾਲ ਕਾਰਵਾਈ ਹੁੰਦੀ ਹੈ ਤਾਂ ਕਈ ਅਧਿਕਾਰੀਆਂ ਅਤੇ ਕਰਮਚਾਰੀਆਂ 'ਤੇ ਗਾਜ ਡਿੱਗਣੀ ਤੈਅ ਹੈ।


author

Anuradha

Content Editor

Related News