ਸੀ. ਬੀ. ਆਈ. ਅਧਿਕਾਰੀ ਬਣ ਔਰਤ ਨਾਲ ਮਾਰੀ 1.27 ਕਰੋੜ ਦੀ ਠੱਗੀ
Saturday, Jul 05, 2025 - 12:53 PM (IST)

ਸ੍ਰੀ ਮੁਕਤਸਰ ਸਾਹਿਬ (ਤਨੇਜਾ, ਖੁਰਾਣਾ) : ਬਦਮਾਸ਼ ਵੱਲੋਂ ਸੀ. ਬੀ. ਆਈ. ਅਧਿਕਾਰੀ ਬਣ ਕੇ ਇਕ ਔਰਤ ਨਾਲ 1.27 ਕਰੋੜ ਰੁਪਏ ਦੀ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲਸ ਨੇ ਸਾਈਬਰ ਕ੍ਰਾਈਮ ਥਾਣੇ ਵਿਚ ਅਣਪਛਾਤੇ ਵਿਅਕਤੀ ਖ਼ਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬਾਵਾ ਕਲੋਨੀ ਮੁਕਤਸਰ ਦੀ ਨਿਵਾਸੀ ਕੁਸੁਮ ਦੂਮੜਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ 22 ਜੂਨ ਨੂੰ ਉਸ ਦੇ ਮੋਬਾਈਲ ’ਤੇ ਇਕ ਅਣਜਾਣ ਨੰਬਰ ਤੋਂ ਕਾਲ ਆਈ, ਕਾਲ ਕਰਨ ਵਾਲੇ ਨੇ ਦੱਸਿਆ ਕਿ ਉਸ ਦੇ ਨਾਂ ’ਤੇ ਮੁੰਬਈ ਵਿਚ ਮੋਬਾਈਲ ਨੰਬਰ ਚੱਲ ਰਿਹਾ ਹੈ, ਜਿਸ ਨਾਲ ਕਈ ਲੋਕਾਂ ਨੂੰ ਅਸ਼ਲੀਲ ਵੀਡੀਓ ਤੇ ਮੈਸੇਜ ਭੇਜੇ ਜਾ ਰਹੇ ਹਨ। ਇਸ ਕਾਰਨ ਉਸ ਖਿਲਾਫ ਮੁੰਬਈ ਵਿਚ 27 ਸ਼ਿਕਾਇਤਾਂ ਦਰਜ ਹੋ ਚੁੱਕੀਆਂ ਹਨ। ਇਸ ਤੋਂ ਬਾਅਦ ਕਾਲ ਕਰਨ ਵਾਲੇ ਨੇ ਇਕ ਹੋਰ ਵਿਅਕਤੀ ਨੂੰ ਕਾਲ ਵਿਚ ਜੋੜਿਆ, ਜਿਸ ਨੇ ਆਪਣਾ ਨਾਂ ਵਿਕਰਮ ਕੁਮਾਰ ਦੇਸ਼ਮਾਨੇ ਦੱਸਿਆ।
ਉਸ ਨੇ ਖੁਦ ਨੂੰ ਇਕ ਸੀਨੀਅਰ ਅਧਿਕਾਰੀ ਦੱਸਦਿਆਂ ਕਿਹਾ ਕਿ ਪੀੜਤਾ ਦਾ ਖਾਤਾ ਕੇਨਰਾ ਬੈਂਕ ਮੁੰਬਈ ਵਿਚ ਹੈ, ਜਿਸ ਵਿਚ 6.8 ਕਰੋੜ ਰੁਪਏ ਦੀ ਮਨੀ ਲਾਂਡਰਿੰਗ ਦੀ ਟ੍ਰਾਂਜ਼ੈਕਸ਼ਨ ਹੋਈ ਹੈ ਅਤੇ ਹੁਣ ਇਹ ਕੇਸ ਸੀ. ਬੀ. ਆਈ. ਕੋਲ ਹੈ। ਇਹ ਮਾਮਲਾ ਬਹੁਤ ਹੀ ਗੰਭੀਰ ਹੈ। ਇਸ ਤੋਂ ਬਾਅਦ ਉਸ ਨੂੰ ਵਟਸਐਪ ਵੀਡੀਓ ਕਾਲ ’ਤੇ ਜੋੜਿਆ, ਜਿਸ ਵਿਚ ਹੋਰ ਵਿਅਕਤੀ ਸਮਾਧਾਨ ਪਵਾਰ ਨੇ ਆਪਣੇ ਆਪ ਨੂੰ ਸੀ. ਬੀ. ਆਈ. ਦਾ ਡਾਇਰੈਕਟਰ ਦੱਸਿਆ। ਉਸ ਨੇ ਕਿਹਾ ਕਿ ਪੀੜਤਾ ਨੇ ਇਸ ਬਾਰੇ ਕਿਸੇ ਰਿਸ਼ਤੇਦਾਰ ਜਾਂ ਦੋਸਤ ਨਾਲ ਗੱਲ ਕੀਤੀ ਤਾਂ ਉਸ ਦੇ ਸਾਰੇ ਪਰਿਵਾਰ ਨੂੰ ਕੇਸ ਵਿਚ ਸ਼ਾਮਲ ਕਰ ਲਿਆ ਜਾਵੇਗਾ।
ਮੁਲਜ਼ਮਾਂ ਨੇ ਉਸ ਨੂੰ ਡਰਾ-ਧਮਕਾ ਕੇ ਉਸ ਦੇ ਬੈਂਕ ਖਾਤਿਆਂ ਅਤੇ ਜਾਇਦਾਦ ਬਾਰੇ ਜਾਣਕਾਰੀ ਲਿਖਵਾਈ ਅਤੇ ਸਾਰੇ ਬੈਂਕ ਖਾਤੇ ਫਰੀਜ਼ ਕੀਤੇ ਜਾਣ ਦਾ ਸੰਕੇਤ ਦਿੱਤਾ। ਉਨ੍ਹਾਂ ਇਹ ਵੀ ਕਿਹਾ ਕਿ ਨਰੇਸ਼ ਗੋਇਲ ਨਾਮਕ ਦੇ ਵਿਅਕਤੀ ਦੇ ਮਨੀ ਲਾਂਡਰਿੰਗ ਕੇਸ ਵਿਚ ਵੀ ਉਸ ਦੀ ਭੂਮਿਕਾ ਪਾਈ ਗਈ ਹੈ ਅਤੇ ਉਸ ਨੂੰ ਜ਼ਮਾਨਤ ਲਈ ਆਪਣੀ ਸਾਰੀ ਜਾਇਦਾਦ ਅਤੇ ਪੈਸਾ ਗਿਰਵੀ ਰੱਖਣਾ ਪਵੇਗਾ। ਇਸ ਤੋਂ ਬਾਅਦ ਠੱਗਾਂ ਨੇ ਔਰਤ ਨੂੰ ਕਿਹਾ ਕਿ ਉਹ ਆਪਣੇ ਸਾਰੇ ਪੈਸੇ ਆਰ. ਟੀ. ਜੀ. ਐੱਸ. ਰਾਹੀਂ ਦੱਸੇ ਹੋਏ ਬੈਂਕ ਖਾਤਿਆਂ ਵਿਚ ਟ੍ਰਾਂਸਫਰ ਕਰੇ। ਡਰ ਅਤੇ ਭਰਮ ਵਿਚ ਆ ਕੇ ਉਸ ਨੇ 23 ਤੋਂ 27 ਜੂਨ ਤੱਕ ਆਪਣੇ ਵੱਖ-ਵੱਖ ਖਾਤਿਆਂ ’ਚੋਂ ਕੁੱਲ 1 ਕਰੋੜ 27 ਲੱਖ 50 ਹਜ਼ਾਰ ਰੁਪਏ ਠੱਗਾਂ ਵੱਲੋਂ ਦਿੱਤੇ ਗਏ ਖਾਤਿਆਂ ਵਿਚ ਭੇਜ ਦਿੱਤੇ ਜਦ ਉਸ ਨੂੰ ਠੱਗੀ ਦਾ ਅਹਿਸਾਸ ਹੋਇਆ ਤਾਂ ਉਸ ਨੇ ਸ਼ਿਕਾਇਤ ਦਰਜ ਕਰਵਾਈ।