ਸ਼ਹਿਰ ਦੀਆਂ ਮੁੱਖ ਸੜਕਾਂ ’ਤੇ ਆਵਾਰਾ ਪਸ਼ੂਆਂ ਦੀ ਭਰਮਾਰ ਕਾਰਨ ਆਵਾਜਾਈ ਪ੍ਰਭਾਵਿਤ
Thursday, Jun 18, 2020 - 06:13 PM (IST)
ਜ਼ੀਕਰਪੁਰ (ਮੇਸ਼ੀ) : ਜ਼ੀਰਕਪੁਰ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ’ਤੇ ਆਵਾਰਾ ਪਸ਼ੂਆਂ ਦੇ ਝੁੰਡਾਂ ਦੀ ਭਰਮਾਰ ਕਾਰਨ ਰਾਹਗੀਰਾਂ ਨੂੰ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਆਵਾਰਾ ਪਸ਼ੂ ਜੋ ਸ਼ਹਿਰ ਦੀਆਂ ਮੁੱਖ ਸੜਕਾਂ ’ਤੇ ਝੁੰਡ ਬਣਾ ਕੇ ਖੜ੍ਹਣ ਅਤੇ ਆਪਸੀ ਭਿੜਣ ਕਾਰਨ ਜਿੱਥੇ ਹਾਦਸਿਆਂ 'ਚ ਜਾਨ-ਮਾਲ ਦਾ ਖਤਰਾ ਬਣਦੇ ਹਨ, ਉੱਥੇ ਹੀ ਆਵਾਜਾਈ 'ਚ ਵੀ ਵਿਘਨ ਦਾ ਕਾਰਨ ਬਣ ਰਹੇ ਹਨ। ਇਥੋਂ ਦੇ ਲੋਕਾਂ 'ਚ ਹਰੀ ਰਾਮ, ਕ੍ਰਿਸ਼ਨ ਚੰਦ ਲੋਹਗੜ੍ਹ ਰੋਡ ਅਤੇ ਸਰਬਜੀਤ ਸਿੰਘ ਗਊਸ਼ਾਲਾ ਰੋਡ ਸਮੇਤ ਹੋਰਾਂ ਲੋਕਾਂ ਨੇ ਦੱਸਿਆ ਕਿ ਜ਼ੀਰਕਪੁਰ ਦੀਆਂ ਮੁੱਖ ਸੜਕਾਂ ਤੋਂ ਇਲਾਵਾ ਲਿੰਕ ਮਾਰਗਾਂ ’ਤੇ ਵੀ ਪਸ਼ੂਆਂ ਦੀ ਭਰਮਾਰ ਹੈ ਅਤੇ ਪਸ਼ੂ ਦੌੜ ਕੇ ਵਾਹਨਾਂ ਅੱਗੇ ਆ ਜਾਂਦੇ ਹਨ, ਜਿਸ ਕਾਰਨ ਵਧੇਰੇ ਹਾਦਸੇ ਵਾਪਰ ਚੁੱਕੇ ਹਨ, ਜਿਸ 'ਚ ਕੀਮਤੀ ਜਾਨਾਂ ਵੀ ਜਾ ਚੁੱਕੀਆਂ ਤੇ ਵਧੇਰੇ ਲੋਕ ਹਸਪਤਾਲਾਂ 'ਚ ਜੇਰੇ ਇਲਾਜ ਹਨ।
ਨਗਰ ਕੌਂਸਲ ਜੋ ਸ਼ਹਿਰ ਅੰਦਰ ਵੱਧ ਰਹੀ ਆਵਾਰਾ ਪਸ਼ੂਆਂ ਦੀ ਗਿਣਤੀ ਪ੍ਰਤੀ ਫਿਕਰਮੰਦ ਵਿਖਾਈ ਨਹੀਂ ਦੇ ਰਹੀ, ਜਦੋਂ ਕੋਈ ਪਸ਼ੂਆਂ ਕਰਕੇ ਘਟਨਾ ਵਾਪਰ ਜਾਂਦੀ ਹੈ ਤਾਂ ਪ੍ਰਸ਼ਾਸਨ ਫੌਰੀ ਤੌਰ ’ਤੇ ਹਰਕਤ 'ਚ ਆ ਕੇ ਇਨ੍ਹਾਂ ਨੂੰ ਨਕੇਲ ਪਾਉਂਦਾ ਨਜ਼ਰ ਆਉਂਦਾਂ ਹੈ। ਪੰਜਾਬ ਸਰਕਾਰ ਜੋ ਗਊ ਟੈਕਸ ਰਾਹੀਂ ਸੈਂਕੜੇ ਕਰੋੜਾਂ ਰੁਪਏ ਇਕੱਠੇ ਕਰ ਚੁੱਕੀ ਹੈ, ਪਰ ਇਨ੍ਹਾਂ ਅਵਾਰਾ ਪਸ਼ੂਆਂ ਦੀ ਸਾਂਭ-ਸੰਭਾਲ ਕਰਨ 'ਚ ਅਸਫਲ ਰਹੀ ਹੈ, ਜੋ ਲੋਕਾਂ ਦੀ ਜਾਨ ਦਾ ਖੋਹ ਬਣ ਰਹੇ ਹਨ। ਪ੍ਰਸ਼ਾਸਨ ਤੋਂ ਲੋਕਾਂ ਨੇ ਮੰਗ ਕੀਤੀ ਹੈ ਕਿ ਨਗਰ ਕੌਂਸਲ ਨੂੰ ਸਖਤ ਹਦਾਇਤ ਕਰਕੇ ਆਵਾਰਾ ਪਸ਼ੂਆਂ ਨੂੰ ਮੁੱਖ ਸੜਕਾਂ ਤੋਂ ਹਟਾਇਆ ਜਾਵੇ ਤਾਂ ਜੋ ਆਵਾਜਾਈ 'ਚ ਪੈ ਰਹੇ ਵਿਘਨ ਅਤੇ ਰਾਹਗੀਰਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਨਾ ਹੋ ਸਕੇ।