ਮੌਤ ਦੇ ਰੂਪ ''ਚ ਸੜਕਾਂ ''ਤੇ ਘੁੰਮਦੇ ਨੇ ਆਵਾਰਾ ਪਸ਼ੂ
Monday, Jan 22, 2018 - 07:50 AM (IST)

ਕਪੂਰਥਲਾ, (ਜ. ਬ.)- ਕਪੂਰਥਲਾ ਦੇ ਆਸ-ਪਾਸ ਦੇ ਇਲਾਕਿਆਂ 'ਚ ਮੌਤ ਦੇ ਰੂਪ 'ਚ ਆਵਾਰਾ ਪਸ਼ੂਆਂ, ਘੋੜਿਆਂ ਤੇ ਕੁੱਤਿਆਂ ਨੇ ਆਉਣ ਜਾਣ ਵਾਲੇ ਲੋਕਾਂ ਦਾ ਜਿਉਣਾ ਮੁਸ਼ਕਿਲ ਕੀਤਾ ਹੋਇਆ ਹੈ। ਇਹ ਆਵਾਰਾ ਪਸ਼ੂ ਜਿਥੇ ਵਾਹਨ ਚਾਲਕਾਂ ਲਈ ਹਾਦਸਿਆਂ ਦਾ ਕਾਰਨ ਬਣਦੇ ਹਨ, ਉਥੇ ਹੀ ਦਿਨੋਂ-ਦਿਨ ਆਵਾਰਾ ਕੁੱਤਿਆਂ ਦੇ ਵੱਢਣ ਨਾਲ ਜ਼ਖਮੀ ਹੋਣ ਵਾਲੇ ਲੋਕਾਂ ਦੀ ਗਿਣਤੀ 'ਚ ਵੀ ਵਾਧਾ ਹੋ ਰਿਹਾ ਹੈ ਪਰ ਜ਼ਿਲਾ ਪ੍ਰਸ਼ਾਸਨ ਅਤੇ ਸਬੰਧਿਤ ਵਿਭਾਗ ਇਸ ਸਮੱਸਿਆ ਵਲ ਜ਼ਰਾ ਵੀ ਗੰਭੀਰ ਨਹੀਂ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਕਪੂਰਥਲਾ ਸ਼ਹਿਰ ਦੇ ਮਾਲ ਰੋਡ, ਫੁਹਾਰਾ ਚੌਕ, ਸੁਲਤਾਨਪੁਰ ਲੋਧੀ ਮਾਰਗ, ਚਾਰ ਬੱਤੀ ਚੌਕ, ਰੇਲਵੇ ਰੋਡ, ਮਾਰਕਫੈੱਡ ਚੌਕ, ਕੋਟੂ ਚੌਕ ਆਦਿ ਇਲਾਕਿਆਂ 'ਚ ਵੱਖ-ਵੱਖ ਥਾਵਾਂ 'ਤੇ ਘੁੰਮ ਰਹੇ ਆਵਾਰਾ ਕੁੱਤੇ ਅਤੇ ਪਸ਼ੂ ਲੋਕਾਂ ਲਈ ਸਿਰਦਰਦੀ ਬਣ ਚੁੱਕੇ ਹਨ। ਇੰਨਾ ਹੀ ਨਹੀਂ ਕਈ ਵਾਰ ਤਾਂ ਇਨ੍ਹਾਂ ਆਵਾਰਾ ਪਸ਼ੂਆਂ 'ਚ ਸ਼ਾਮਲ ਕੁੱਤੇ ਅਤੇ ਸਾਨ੍ਹ ਖਾਣ ਨੂੰ ਲੈ ਕੇ ਜਿਥੇ ਆਪਸ 'ਚ ਭਿੜ ਜਾਂਦੇ ਹਨ, ਉਥੇ ਹੀ ਖੁੰਖਾਰ ਹੁੰਦੇ ਹੋਏ ਰਾਹਗੀਰਾਂ, ਵਾਹਨ ਚਾਲਕਾਂ ਅਤੇ ਦੁਕਾਨਦਾਰਾਂ ਨੂੰ ਨੁਕਸਾਨ ਪਹੁੰਚਾਉਣ ਤੋਂ ਗੁਰੇਜ ਨਹੀਂ ਕਰਦੇ, ਜਦਕਿ ਅਜਿਹੇ ਖੁੰਖਾਰ ਹੋਏ ਜਾਨਵਰਾਂ ਕਾਰਨ ਕਦੀ ਵੀ ਕੋਈ ਅਣਹੋਣੀ ਘਟਨਾ ਵਾਪਰਨ ਦਾ ਖਦਸ਼ਾ ਬਣਿਆ ਰਹਿੰਦਾ ਹੈ।
ਦੋਪਹੀਆਂ ਵਾਹਨਾਂ ਦੇ ਪਿਛੇ ਭੱਜਣ ਵਾਲੇ ਕੁੱਤਿਆਂ ਤੋਂ ਲੋਕ ਪਰੇਸ਼ਾਨ
ਇੰਨਾ ਹੀ ਨਹੀਂ ਸੜਕਾਂ 'ਤੇ ਘੁੰਮਦੇ ਇਹ ਆਵਾਰਾ ਕੁੱਤੇ ਅਕਸਰ ਦੋਪਹੀਆਂ ਵਾਹਨਾਂ ਪਿਛੇ ਭੱਜਦੇ ਹਨ। ਜਿਸ ਨਾਲ ਚਾਲਕ ਸਮੇਤ ਵਾਹਨ 'ਤੇ ਸਵਾਰ ਤੇ ਹੋਰ ਅਸੰਤੁਲਨ ਵਿਗੜਨ ਕਾਰਨ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ। ਇੰਨਾ ਹੀ ਨਹੀਂ ਇਹ ਕੁੱਤੇ ਰਾਹ ਜਾਂਦੇ ਲੋਕਾਂ ਜਿਨ੍ਹਾਂ 'ਚ ਬੱਚੇ, ਬਜ਼ੁਰਗ ਅਤੇ ਮਹਿਲਾਵਾਂ ਹੁੰਦੀਆਂ ਹਨ, ਨੂੰ ਵੀ ਵੱਢਣ ਤੋਂ ਗੁਰੇਜ਼ ਨਹੀਂ ਕਰਦੇ।
ਇਸੇ ਤਰ੍ਹਾਂ ਵੱਖ-ਵੱਖ ਸਥਾਨਾਂ 'ਤੇ ਵਿਚੋਂ-ਵਿਚ ਬੈਠੇ ਆਵਾਰਾ ਪਸ਼ੂ ਅਤੇ ਘੋੜੇ ਵੀ ਲੋਕਾਂ ਲਈ ਪਰੇਸ਼ਾਨੀਆਂ ਦਾ ਕਾਰਨ ਬਣਦੇ ਜਾ ਰਹੇ ਹਨ। ਲੋਕਾਂ ਨੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ। ਇਨ੍ਹਾਂ ਆਵਾਰਾ ਪਸ਼ੂਆਂ, ਘੋੜਿਆਂ ਤੇ ਕੁੱਤਿਆਂ ਤੋਂ ਲੋਕਾਂ ਨੂੰ ਨਿਜਾਤ ਦਵਾਈ ਜਾਵੇ।