ਨਾਭਾ ’ਚ ਟ੍ਰੈਫਿਕ ਤੇ ਅਵਾਰਾ ਪਸ਼ੂਆਂ ਦੀ ਸਮੱਸਿਆ ਗੰਭੀਰ ਹੋਣ ਕਾਰਨ ਮਚੀ ਹਾਹਾਕਾਰ

Friday, Jan 01, 2021 - 02:41 PM (IST)

ਨਾਭਾ (ਜੈਨ) : ਲਗਭਗ ਇਕ ਲੱਖ ਆਬਾਦੀ ਵਾਲੀ ਇਸ ਰਿਆਸਤੀ ਨਗਰੀ 'ਚ ਇਸ ਸਮੇਂ ਟ੍ਰੈਫਿਕ ਤੇ ਆਵਾਰਾ ਪਸ਼ੂਆਂ ਦੀ ਸਮੱਸਿਆ ਗੰਭੀਰ ਹੋਣ ਕਾਰਨ ਲੋਕਾਂ 'ਚ ਹਾਹਾਕਾਰ ਮਚੀ ਹੋਈ ਹੈ ਪਰ ਅਵਾਰਾ ਤੇ ਬੇਸਹਾਰਾ ਪਸ਼ੂਆਂ ਨੂੰ ਕਾਬੂ ਕਰਨ ਨਈ ਪ੍ਰਸ਼ਾਸ਼ਨ ਗੰਭੀਰ ਨਹੀਂ, ਜਿਸ ਕਾਰਨ ਰੋਜ਼ਾਨਾ ਹਾਦਸੇ ਵਾਪਰਦੇ ਹਨ। ਲੋਕਾਂ ਦੀ ਜਾਨ ਲਈ ਪਸ਼ੂ ਮੁਸੀਬਤ ਬਣ ਜਾਂਦੇ ਹਨ ਅਤੇ ਪਸ਼ੂ ਵੀ ਫੱਟੜ ਹੁੰਦੇ ਹਨ।

ਗਊਸ਼ਾਲਾ ਆਸ਼ਰਮ ਦੇ ਤਿੰਨ ਯੂਨਿਟ ਹਨ, ਜਿਨ੍ਹਾਂ 'ਚ ਲਗਭਗ 2200 ਪਸ਼ੂਧਨ ਬਿਰਾਜਮਾਨ ਹਨ। ਲੋਕਾਂ ਨੇ ਕਈ ਵਾਰੀ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਅਵਾਰਾ ਪਸ਼ੂਆਂ ਨੂੰ ਕਾਬੂ ਕਰਕੇ ਆਸ਼ਰਮ 'ਚ ਭੇਜਿਆ ਜਾਵੇ ਪਰ ਨਾ ਹੀ ਪ੍ਰਸ਼ਾਸ਼ਨ ਤੇ ਨਾ ਹੀ ਨਗਰ ਕੌਂਸਲ ਵਲੋਂ ਕੋਈ ਧਿਆਨ ਦਿੱਤਾ ਜਾਂਦਾ ਹੈ। ਹਸਪਤਾਲ ਰੋਡ, ਆਰੀਆ ਸਮਾਜ ਚੌਂਕ, ਭਾਵੜਾ ਬਾਜ਼ਾਰ, ਪੁਰਾਣੀ ਅਨਾਜ ਮੰਡੀ, ਮੈਹਸ ਗੇਟ ਚੌਂਕ ਤੇ ਪਟਿਆਲਾ ਗੇਟ ਦੇ ਅੰਦਰ ਟ੍ਰੈਫਿਕ ਸਮੱਸਿਆ ਗੰਭੀਰ ਹੋ ਗਈ ਹੈ। ਦੁਕਾਨਾਂ ਅੱਗੇ ਸਮਾਨ ਰੱਖਿਆ ਜਾਂਦਾ ਹੈ ਅਤੇ ਰੇਹੜੀਆਂ ਦੀ ਭਰਮਾਰ ਹੈ ਪਰ ਪ੍ਰਸ਼ਾਸ਼ਨ ਵਲੋਂ ਸ਼ਹਿਰ 'ਚ ਨਾ ਹੀ ਰੇਹੜੀ ਮਾਰਕਿਟ ਅਤੇ ਨਾ ਹੀ ਰਿਕਸ਼ਾ ਸਟੈਂਡ ਬਣਾਇਆ ਗਿਆ ਹੈ, ਜਿਸ ਕਾਰਨ ਲੋਕ ਪਰੇਸ਼ਾਨ ਹਨ।

ਦਿਨ ਦੇ ਸਮੇਂ ਭਾਰੀ ਵਾਹਨ ਤੇ ਰੇਹੜੇ ਬਜ਼ਾਰਾਂ 'ਚ ਘੁੰਮਦੇ ਹਨ, ਜੋ ਹਾਦਸਿਆਂ ਨੂੰ ਖੁੱਲ੍ਹਾ ਸੱਦਾ ਦਿੰਦੇ ਹਨ। ਕਦੇ ਵੀ ਕਿਸੇ ਅਫ਼ਸਰ ਨੇ ਦਿਨ 'ਚ ਸ਼ਹਿਰ ਦਾ ਦੌਰਾ ਨਹੀਂ ਕੀਤਾ। ਕੈਬਨਿਟ ਮੰਤਰੀ ਧਰਮਸੋਤ ਨੂੰ ਵੀ ਸ਼ਹਿਰ 'ਚ ਤਿੰਨ-ਤਿੰਨ ਪੁਲਸ ਵਾਹਨਾਂ ਦੇ ਹੂਟਰ/ਸਾਇਰਨ ਵਜਾਉਣ ਤੋਂ ਬਾਅਦ ਹੀ ਲੰਘਣ ਨੂੰ ਰਸਤਾ ਮਿਲਦਾ ਹੈ ਪਰ ਲੋਕਾਂ ਦੀ ਗੰਭੀਰ ਸਮੱਸਿਆ ਨੂੰ ਹੱਲ ਕਰਨ ਲਈ ਨਾ ਹੀ ਹਲਕਾ ਵਿਧਾਇਕ/ਕੈਬਨਿਟ ਮੰਤਰੀ ਅਤੇ ਨਾ ਹੀ ਕੋਈ ਪੁਲਸ/ਸਿਵਲ ਅਧਿਕਾਰੀ ਧਿਆਨ ਦਿੰਦਾ ਹੈ। 
 


Babita

Content Editor

Related News