ਸੁੱਤਾ ਪਿਆ ਸੀ ਪਰਿਵਾਰ; ਚੋਰ ਕਰ ਗਏ ਲੱਖਾਂ ਦੀ ਨਕਦੀ ਤੇ ਗਹਿਣਿਅਾਂ ’ਤੇ ਹੱਥ ਸਾਫ

Monday, Jun 11, 2018 - 12:35 AM (IST)

ਬਲਾਚੌਰ/ ਮਜਾਰੀ, (ਕਟਾਰੀਆ/ਕਿਰਨ)— ਪਿੰਡ ਡੋਗਰਪੁਰ ਵਿਖੇ ਰਾਤ ਸਮੇਂ ਦੋ ਸਕੇ  ਭਰਾਵਾਂ ਦੇ ਘਰਾਂ ’ਚੋਂ ਲੱਖਾਂ ਰੁਪਏ ਦੀ ਨਕਦੀ ਤੇ ਗਹਿਣੇ ਚੋਰੀ ਹੋਣ ਦਾ  ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦੇ ਨਿਰਮਲ ਸਿੰਘ ਨੇ ਦੱਸਿਆ ਕਿ ਉਸ  ਦੀ ਪਤਨੀ ਵਿਦੇਸ਼ ਰਹਿੰਦੇ ਮੁੰਡਿਆਂ ਕੋਲ ਗਈ ਹੋਈ ਹੈ  ਤੇ ਉਹ ਘਰ ’ਚ ਇਕੱਲਾ ਸੀ। ਉਹ ਰਾਤ ਨੂੰ  ਜਿੰਦਰੇ ਲਗਾ ਕੇ ਕਮਰੇ 'ਚ ਕੂਲਰ ਲਾ ਕੇ ਸੌ ਗਿਆ। ਜਦੋਂ ਕਰੀਬ ਸਾਢੇ ਤਿੰਨ ਵਜੇ ਉਠ ਕੇ  ਦੇਖਿਆ ਤਾਂ ਘਰ ਦਾ ਮੁੱਖ ਦਰਵਾਜ਼ਾ ਖੁੱਲ੍ਹਾ ਸੀ। ਕਮਰਿਆਂ ਦੇ ਜਿੰਦਰੇ ਟੁੱਟੇ ਹੋਏ ਸਨ ਤੇ  ਅਲਮਾਰੀ, ਪੇਟੀਆਂ ਦਾ ਸਾਮਾਨ ਖਿਲਰਿਆ ਪਿਆ ਸੀ। ਛਾਣਬੀਣ ਕਰਨ 'ਤੇ ਪਤਾ ਲੱਗਾ ਕਿ ਇਕ ਦਿਨ  ਪਹਿਲਾਂ ਬੈਂਕ ’ਚੋਂ ਕਢਵਾਏ 1 ਲੱਖ 15 ਹਜ਼ਾਰ ਰੁਪਏ ਚੋਰਾਂ ਵੱਲੋਂ ਚੋਰੀ ਕਰ ਲਏ ਗਏ ਹਨ।
ਇਸ  ਤਰ੍ਹਾਂ ਨਾਲ ਦੇ ਘਰ ਰਹਿੰਦਾ ਸੁਰਿੰਦਰ ਸਿੰਘ ਪੁੱਤਰ ਤਰਸੇਮ ਸਿੰਘ ਨੇ ਦੱਸਿਆ ਕਿ ਉਹ  ਪਰਿਵਾਰ ਸਮੇਤ ਘਰ ਦੇ ਹਾਲ ਵਿਚ ਸੁੱਤੇ ਪਏ ਸੀ। ਤੜਕਸਾਰ ਉਸ ਦੀ ਪਤਨੀ ਨੇ ਉਠ ਕੇ ਦੇਖਿਆ  ਕਿ ਕਮਰੇ ਦਾ ਦਰਵਾਜ਼ਾ ਖੁੱਲ੍ਹਾ ਸੀ। ਖੇਤਾਂ ਪਾਸੇ ਦੀ ਗਰਿੱਲ ਪੁੱਟੀ ਹੋਈ ਸੀ ਅਤੇ ਨਾਲ ਕਮਰਿਆਂ  ’ਚ ਸਾਮਾਨ ਖਿਲਰਿਆ ਪਿਆ ਸੀ। ਪੜਤਾਲ ਕਰਨ ’ਤੇ ਪਤਾ ਲੱਗਾ ਕਿ 1 ਲੱਖ 10 ਹਜ਼ਾਰ ਰੁਪਏ ਦੀ ਨਕਦੀ ਤੇ ਗਹਿਣੇ ਚੋਰੀ  ਹਨ।  ਜਦੋਂਕਿ  ਇਕ ਲੈਪਟਾਪ ਤੇ ਚਾਰਜਰ ਖੇਤਾਂ ’ਚ ਪਏ ਮਿਲੇ। ਦੋਵਾਂ ਪਰਿਵਾਰਾਂ ਵੱਲੋਂ  ਥਾਣਾ ਗੜ੍ਹਸ਼ੰਕਰ ਵਿਖੇ ਸੂਚਨਾ ਦੇ ਦਿੱਤੀ ਗਈ ਤੇ ਚੋਰੀ ਨਾਲ ਆਲੇ ਦੁਆਲੇ ਦੇ ਪਿੰਡਾਂ 'ਚ  ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਕਸਬੇ ਦੇ ਪਿੰਡ ਚੱਕਗੁਰੂ ਵਿਖੇ  ਕਰੀਬ 15 ਕੁ ਦਿਨ ਪਹਿਲਾਂ ਵੀ ਲੱਖਾਂ ਦੀ ਨਕਦੀ ਤੇ ਗਹਿਣੇ ਚੋਰੀ ਕਰ ਕੇ  ਮੋਟਰਸਾਈਲ ਨੂੰ ਸਾੜ ਦਿੱਤਾ  ਗਿਆ  ਸੀ,  ਜਿਸ ਕਾਰਨ ਪਿੰਡ ਦੇ ਲੋਕਾਂ 'ਚ ਡਰ ਦਾ ਮਾਹੌਲ ਪਾਇਆ ਜਾ ਰਿਹਾ  ਹੈ।
ਪਿੰਡ ਕੁੱਕੜ ਮਜਾਰਾ ਦੀ ਕੋਠੀ ’ਚ ਵੀ ਚੋਰੀ
ਤੀਜੀ ਘਟਨਾ ’ਚ ਵੀ ਚੋਰ ਰਾਤ ਸਮੇਂ ਪਿੰਡ ਕੁੱਕੜ ਮਜਾਰਾ ਵਿਖੇ ਲੱਖਾਂ ਦੀ ਨਕਦੀ ਤੇ ਗਹਿਣੇ  ਚੋਰੀ ਕਰ ਕੇ ਲੈ ਗਏ। ਕੁੱਕੜ ਮਜਾਰਾ ਦੇ ਵਸਨੀਕ ਸ਼ਿੰਗਾਰਾ ਸਿੰਘ ਨੇ ਦੱਸਿਆ  ਕਿ ਉਨ੍ਹਾਂ ਦਾ ਸਾਰਾ ਪਰਿਵਾਰ ਕੋਠੀ ਤੋਂ ਬਾਹਰ ਅੱਗੇ ਵੱਲ ਕੂਲਰ ਲਗਾ  ਕੇ ਸੁੱਤਾ ਪਿਆ  ਸੀ। ਤੜਕੇ ਮੀਂਹ ਪੈਣ 'ਤੇ ਉਹ ਕਮਰੇ ਅੰਦਰ ਗਏ ਤਾਂ ਸਾਮਾਨ ਖਿਲਰਿਆ ਪਿਆ ਸੀ। ਪੇਟੀ,  ਅਲਮਾਰੀ ਟੁੱਟੀਆਂ ਹੋਈਆਂ ਸਨ। ਉਨ੍ਹਾਂ ਦੱਸਿਆ ਕਿ ਚੋਰ 4000 ਇੰਗਲੈਂਡ ਦੇ ਪੌਂਡ ਤੇ  80,000 ਹਜ਼ਾਰ ਦੀ ਨਕਦੀ ਤੇ ਗਹਿਣੇ ਗਾਇਬ  ਸਨ। ਚੋਰ ਖੇਤਾਂ ਵਿਚੋਂ ਪਿਛਲੀ ਤਾਕੀ  ਤੋੜ ਕੇ ਅੰਦਰ ਦਾਖਲ ਹੋਏ  ਸਨ। ਇਸ ਦੀ ਇਤਲਾਹ ਥਾਣਾ ਗੜ੍ਹਸ਼ੰਕਰ ਦੇ ਦਿੱਤੀ ਹੈ।


Related News