ਨਵ-ਵਿਆਹੁਤਾ ਦੀ ਸ਼ੱਕੀ ਹਾਲਾਤ ''ਚ ਮੌਤ, ਸਹੁਰਿਆਂ ''ਤੇ ਕੇਸ ਦਰਜ

Saturday, Dec 23, 2017 - 08:21 AM (IST)

ਲੁਧਿਆਣਾ (ਮਹੇਸ਼)- 9 ਮਹੀਨੇ ਪਹਿਲਾਂ ਵਿਆਹੀ 20 ਸਾਲਾ ਨਵ-ਵਿਆਹੁਤਾ ਦੀ ਸ਼ੱਕੀ ਹਾਲਾਤ 'ਚ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਅਨੂੰ ਦੇ ਰੂਪ 'ਚ ਹੋਈ ਹੈ। ਉਸ ਦੇ ਪਰਿਵਾਰ ਵਾਲਿਆਂ ਨੇ ਉਸ ਦਾ ਕਤਲ ਕੀਤੇ ਜਾਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਦਾਜ ਦੀ ਮੰਗ ਸਬੰਧੀ ਉਨ੍ਹਾਂ ਦੀ ਬੇਟੀ ਦਾ ਕਤਲ ਕੀਤਾ ਗਿਆ ਹੈ। ਜੋਧੇਵਾਲ ਪੁਲਸ ਨੇ ਦਾਜ ਕਾਰਨ ਕਤਲ ਦਾ ਪਰਚਾ ਦਰਜ ਕਰ ਕੇ ਉਸ ਦੇ ਸਹੁਰੇ ਪਰਿਵਾਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ।  ਘਟਨਾ ਸ਼ੁੱਕਰਵਾਰ ਬਾਅਦ ਦੁਪਹਿਰ ਟਿੱਬਾ ਰੋਡ ਦੀ ਕਰਮਸਰ ਕਾਲੋਨੀ ਦੀ ਹੈ। ਅਨੁੰ ਟਿੱਬਾ ਰੋਡ ਦੇ ਕਰਮਸਰ ਕਾਲੋਨੀ ਦੀ ਰਹਿਣ ਵਾਲੀ ਸੀ। ਉਸ ਦਾ ਵਿਆਹ 22 ਮਾਰਚ 2017 ਨੂੰ ਇਸੇ ਇਲਾਕੇ ਦੇ ਰਹਿਣ ਵਾਲੇ ਰਣਜੀਤ ਰਾਣਾ ਨਾਲ ਹੋਇਆ ਸੀ, ਜੋ ਕਿ ਇਕ ਟਾਇੰਗ ਯੂਨਿਟ ਵਿਚ ਨੌਕਰੀ ਕਰਦਾ ਹੈ। ਅਨੂੰ ਨਾਲ ਇਹ ਉਸ ਦੀ ਲਵ ਮੈਰਿਜ ਸੀ। ਏ. ਸੀ. ਪੀ. ਪਵਨਜੀਤ ਨੇ ਦੱਸਿਆ ਕਿ ਮ੍ਰਿਤਕਾ ਦੀ ਮਾਤਾ ਨੀਰੂ ਦੇ ਬਿਆਨ 'ਤੇ ਰਣਜੀਤ, ਉਸ ਦੀ ਮਾਂ ਸਰਬਜੀਤ ਕੌਰ ਅਤੇ ਉਸ ਦੇ ਪਿਤਾ ਖਿਲਾਫ ਦਾਜ ਕਾਰਨ ਕਤਲ ਦਾ ਪਰਚਾ ਦਰਜ ਕੀਤਾ ਗਿਆ ਹੈ। ਸ਼ਨੀਵਾਰ ਨੂੰ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਪੁਲਸ ਪੂਰੀ ਨਿਰਪੱਖਤਾ ਨਾਲ ਮਾਮਲੇ ਦੀ ਛਾਣਬੀਣ ਕਰੇਗੀ। 
ਪੈਸਿਆਂ ਦੀ ਮੰਗ ਨੂੰ ਲੈ ਕੇ ਤੰਗ-ਪ੍ਰੇਸ਼ਾਨ ਕਰ ਰਹੇ ਸਨ ਸਹੁਰੇ
ਮ੍ਰਿਤਕਾ ਦੀ ਮਾਤਾ ਨੀਰੂ ਨੇ ਦੋਸ਼ ਲਾਉਂਦਿਆਂ ਕਿਹਾ ਕਿ ਵਿਆਹ ਤੋਂ 15 ਦਿਨ ਬਾਅਦ ਹੀ ਦਾਜ ਦੀ ਮੰਗ ਸਬੰਧੀ ਸਹੁਰਿਆਂ ਵਲੋਂ ਉਨ੍ਹਾਂ ਦੀ ਬੇਟੀ ਨੂੰ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ। 3 ਮਹੀਨੇ ਪਹਿਲਾਂ ਹੀ ਸਹੁਰਿਆਂ ਦੀ ਮੰਗ 'ਤੇ ਉਨ੍ਹਾਂ ਨੇ ਐਕਟਿਵਾ ਲੈ ਕੇ ਦਿੱਤੀ ਸੀ। ਇਕ ਮਹੀਨਾ ਪਹਿਲਾਂ ਉਸ ਤੋਂ ਜਵਾਈ ਨੇ ਬੁਲਟ ਮੋਟਰਸਾਈਕਲ ਖਰੀਦਿਆ ਸੀ, ਜਿਸ ਕਾਰਨ ਸਹੁਰਾ ਪਰਿਵਾਰ 20,000 ਰੁਪਏ ਦੀ ਮੰਗ ਕਰ ਰਿਹਾ ਸੀ। ਮੰਗ ਪੂਰੀ ਨਾ ਹੋਣ 'ਤੇ ਸਹੁਰਿਆਂ ਨੇ ਉਸ ਦੀ ਬੇਟੀ 'ਤੇ ਸਰੀਰਕ ਅਤੇ ਮਾਨਸਕ ਤੌਰ 'ਤੇ ਜ਼ੁਲਮ ਕਰਨਾ ਸ਼ੁਰੂ ਕਰ ਦਿੱਤਾ ਸੀ। 
ਮੰਮੀ ਮੈਨੂੰ ਆ ਕੇ ਲੈ ਜਾਓ, ਨਹੀਂ ਤਾਂ ਇਹ ਲੋਕ ਮੈਨੂੰ ਮਾਰ ਦੇਣਗੇ
ਨੀਰੂ ਨੇ ਦੱਸਿਆ ਕਿ ਸਵੇਰੇ ਉਸ ਨੂੰ ਉਸ ਦੀ ਬੇਟੀ ਦਾ ਫੋਨ ਆਇਆ ਸੀ ਕਿ ਮੰਮੀ ਮੈਨੂੰ ਆ ਕੇ ਲੈ ਜਾਓ, ਨਹੀਂ ਤਾਂ ਇਹ ਲੋਕ ਉਸ ਨੂੰ ਮਾਰ ਦੇਣਗੇ। ਉਸ ਦੇ ਸਹੁਰੇ ਉਸ ਨਾਲ ਕੁੱਟਮਾਰ ਕਰ ਰਹੇ ਹਨ। ਦੁਪਹਿਰ ਕਰੀਬ 3.50 ਵਜੇ ਉਸ ਨੂੰ ਅਨੁੰ ਦੀ ਸੱਸ ਸਰਬਜੀਤ ਕੌਰ ਦਾ ਫੋਨ ਆਇਆ ਕਿ ਅਨੁੰ ਦੇ ਸਿਰ ਵਿਚ ਸੱਟ ਲੱਗੀ ਹੈ, ਉਹ ਆ ਜਾਵੇ। ਇਸ 'ਤੇ ਉਹ ਤੁਰੰਤ ਅਨੂੰ ਦੇ ਸਹੁਰੇ ਪੁੱਜੀ ਤਾਂ ਪਤਾ ਲੱਗਾ ਕਿ ਉਹ ਉਸ ਨੂੰ ਹਸਪਤਾਲ ਲੈ ਗਏ ਹਨ। ਜਦੋਂ ਉਹ ਸੀ. ਐੱਮ. ਸੀ. ਪੁੱਜੀ ਤਾਂ ਉਸ ਦੀ ਬੇਟੀ ਦੀ ਮੌਤ ਹੋ ਚੁੱਕੀ ਸੀ। ਡਾਕਟਰ ਨੇ ਜਿਉਂ ਹੀ ਉਸ ਨੂੰ ਮ੍ਰਿਤਕ ਐਲਾਨ ਕੀਤਾ ਤਾਂ ਉਸ ਦਾ ਜਵਾਈ ਰਣਜੀਤ ਅਤੇ ਸੱਸ ਸਰਬਜੀਤ ਕੌਰ ਹਸਪਤਾਲ ਤੋਂ ਉਸ ਦੀ ਬੇਟੀ ਦੀ ਲਾਸ਼ ਛੱਡ ਕੇ ਭੱਜ ਗਏ। ਨੀਰੂ ਦਾ ਦੋਸ਼ ਹੈ ਕਿ ਸਹੁਰਿਆਂ ਨੇ ਉਸ ਦੀ ਬੇਟੀ ਦੇ ਸਿਰ 'ਤੇ ਕਿਸੇ ਚੀਜ਼ ਨਾਲ ਵਾਰ ਕਰ ਕੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਹੈ। 
ਛੱਤ ਤੋਂ ਧੱਕਾ ਦਿੱਤਾ ਗਿਆ ਜਾਂ ਖੁਦ ਡਿੱਗੀ ਪੁਲਸ ਪਤਾ ਲਾਏੇਗੀ
ਮੁਹੱਲੇ ਦੇ ਲੋਕਾਂ ਨੇ ਦੱਸਿਆ ਕਿ ਅੱਜ ਵੀ ਅਨੂੰ ਦੇ ਸਹੁਰੇ ਘਰ 'ਚ ਕਾਫੀ ਸ਼ੋਰ-ਸ਼ਰਾਬੇ ਦੀਆਂ ਆਵਾਜ਼ਾਂ ਆ ਰਹੀਆਂ ਸਨ। ਦੁਪਹਿਰ ਨੂੰ ਅਚਾਨਕ ਗਲੀ 'ਚ ਰੌਲਾ ਪੈਣ ਲੱਗਾ। ਜਦ ਉਹ ਬਾਹਰ ਨਿਕਲੇ ਤਾਂ ਦੇਖਿਆ ਕਿ ਅਨੂੰ ਜ਼ਖਮੀ ਹਾਲਤ 'ਚ ਗਲੀ 'ਚ ਪਈ ਸੀ। ਉਨ੍ਹਾਂ ਨੂੰ ਪਤਾ ਲੱਗਾ ਕਿ ਦੂਜੀ ਮੰਜ਼ਿਲ ਤੋਂ ਹੇਠਾਂ ਡਿੱਗੀ ਹੈ। ਉਸ ਨੂੰ ਧੱਕਾ ਦੇ ਕੇ ਸੁੱਟਿਆ ਗਿਆ ਜਾਂ ਖੁਦ ਡਿੱਗੀ, ਇਸ ਦਾ ਪਤਾ ਹੁਣ ਪੁਲਸ ਹੀ ਲਾ ਸਕਦੀ ਹੈ।


Related News