ਵਿਦੇਸ਼ ਭੇਜਣ ਦੇ ਨਾਂ ''ਤੇ  ਠੱਗੀ ਮਾਰਨ ਵਾਲੇ ਏਜੰਟਾਂ ਦੇ ਖਿਲਾਫ ਕੇਸ ਦਰਜ

10/02/2017 6:48:09 AM

ਸੁਲਤਾਨਪੁਰ ਲੋਧੀ, (ਧੀਰ)- ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਦੇ ਦੋਸ਼ 'ਚ ਥਾਣਾ ਸੁਲਤਾਨਪੁਰ ਲੋਧੀ ਪੁਲਸ ਨੇ ਵੱਖ-ਵੱਖ ਕੇਸਾਂ 'ਚ ਏਜੰਟਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸੁਲਤਾਨਪੁਰ ਲੋਧੀ ਦੇ ਐੱਸ. ਐੱਚ. ਓ. ਸਰਬਜੀਤ ਸਿੰਘ ਨੇ ਦੱਸਿਆ ਕਿ ਗੁਰਮੇਜ ਸਿੰਘ ਪੁੱਤਰ ਪ੍ਰੀਤਮ ਸਿੰਘ ਥਾਣਾ ਸੁਲਤਾਨਪੁਰ ਲੋਧੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਦੇ ਭਰਾ ਹਰਜਿੰਦਰ ਸਿੰਘ ਨੂੰ ਇੰਗਲੈਂਡ ਭੇਜਣ ਵਾਸਤੇ ਗੁਰਪਾਲ ਸਿੰਘ ਪੁੱਤਰ ਗੁਰਮੁੱਖ ਸਿੰਘ ਨਾਲ 11 ਲੱਖ ਰੁਪਏ 'ਚ ਸੌਦਾ ਤਹਿ ਹੋਇਆ ਸੀ, ਜੋ ਉਨ੍ਹਾਂ ਨੇ ਉਸ ਨੂੰ ਰਕਮ ਦੇ ਦਿੱਤੀ ਸੀ ਪਰ ਉਕਤ ਏਜੰਟ ਨੇ ਉਸਦੇ ਭਰਾ ਨੂੰ ਪਹਿਲਾਂ ਤਾਂ ਦੁਬਈ ਭੇਜ ਦਿੱਤਾ ਤੇ ਫਿਰ ਕੁਝ ਸਮੇਂ ਬਾਅਦ ਵਾਪਸ ਬੁਲਾ ਲਿਆ ਤੇ ਇੰਗਲੈਂਡ ਭੇਜਣ ਦਾ ਲਾਰਾ ਲਗਾਉਂਦੇ ਰਹੇ, ਜਿਨ੍ਹਾਂ ਨੇ ਨਾ ਤਾਂ ਉਸਦੇ ਭਰਾ ਨੂੰ ਇੰਗਲੈਂਡ ਭੇਜਿਆ ਤੇ ਨਾ ਹੀ ਉਨ੍ਹਾਂ ਦੇ ਪੈਸੇ ਵਾਪਸ ਕੀਤੇ ਹਨ। ਥਾਣਾ ਮੁਖੀ ਸਰਬਜੀਤ ਸਿੰਘ ਨੇ ਦੱਸਿਆ ਕਿ ਇਕ ਹੋਰ ਅਜਿਹੇ ਮਾਮਲੇ 'ਚ ਬਖਸ਼ੀਸ਼ ਸਿੰਘ ਪੁੱਤਰ ਬੋਹੜ ਸਿੰਘ ਵਾਸੀ ਲਊ ਥਾਣਾ ਸੁਲਤਾਨਪੁਰ ਲੋਧੀ ਨੇ ਪੁਲਸ ਪਾਸ ਸ਼ਿਕਾਇਤ ਦਰਜ ਕਰਵਾਈ ਕਿ ਉਕਤ ਏਜੰਟ ਗੁਰਪਾਲ ਸਿੰਘ ਤੇ ਉਸਦੇ ਸਾਥੀਆਂ ਨੇ ਉਸਦੇ ਭਤੀਜੇ ਲਵਪ੍ਰੀਤ ਸਿੰਘ ਪੁੱਤਰ ਰਸਾਲ ਸਿੰਘ ਨੂੰ ਵਿਦੇਸ਼ ਇੰਗਲੈਂਡ ਭੇਜਣ ਵਾਸਤੇ 11.50 ਲੱਖ 'ਚ ਗੱਲਬਾਤ ਕੀਤੀ ਸੀ, ਜਿਸ 'ਚੋਂ 5 ਲੱਖ ਰੁਪਏ ਦਿੱਤੇ ਪਰ ਉਕਤ ਏਜੰਟ ਨੇ ਉਸਦੇ ਭਤੀਜੇ ਨੂੰ ਪਹਿਲਾਂ ਦੁਬਈ ਭੇਜ ਦਿੱਤਾ, ਜਿਥੇ ਉਸਨੂੰ ਕੁੱਝ ਸਮਾਂ ਬਾਅਦ ਵਾਪਸ ਬੁਲਾ ਕੇ ਨਾ ਤਾਂ ਵਿਦੇਸ਼ ਇੰਗਲੈਂਡ ਭੇਜਿਆ ਤੇ ਨਾ ਹੀ ਉਨ੍ਹਾਂ ਦੇ ਪੈਸੇ ਵਾਪਸ ਕੀਤੇ। 
ਥਾਣਾ ਮੁਖੀ ਨੇ ਦੱਸਿਆ ਕਿ ਉਕਤ ਦੋਵੇਂ ਕੇਸਾਂ ਦੇ ਸਬੰਧ 'ਚ ਪੁਲਸ ਨੇ ਮੁਕੱਦਮਾ ਨੰ. 285, 286 ਦੇ ਤਹਿਤ ਇਕ ਹੀ ਪਰਿਵਾਰ ਦੇ ਮੈਂਬਰਾਂ ਗੁਰਪਾਲ ਸਿੰਘ ਪੁੱਤਰ ਗੁਰਮੁਖ ਸਿੰਘ, ਗੁਰਮੁਖ ਸਿੰਘ, ਸ਼ਿੰਦਰ ਕੌਰ ਪਤਨੀ ਗੁਰਮੁਖ ਸਿੰਘ ਵਾਸੀ ਫਰੀਦ ਸਰਾਏ ਤੋਂ ਇਲਾਵਾ ਗੋਲਡੀ ਤੇ ਰੰਮੀ ਵਾਸੀ ਨਿਊ ਦਿੱਲੀ ਦੇ ਖਿਲਾਫ ਧਾਰਾ 420, 406 ਇਮੀਗ੍ਰੇਸ਼ਨ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।


Related News