ਕਰੋੜਾਂ ਰੁਪਏ ਦੀ ਧੋਖਾਧੜੀ: ਕੰਪਨੀ ਦੇ ਮਾਲਕਾਂ ਤੋਂ ਲੈ ਕੇ ਮੈਨੇਜਮੈਂਟ ਮੈਂਬਰ ਕਰਦੇ ਸਨ ਅੱਯਾਸ਼ੀ

Monday, Aug 31, 2020 - 12:49 PM (IST)

ਕਰੋੜਾਂ ਰੁਪਏ ਦੀ ਧੋਖਾਧੜੀ: ਕੰਪਨੀ ਦੇ ਮਾਲਕਾਂ ਤੋਂ ਲੈ ਕੇ ਮੈਨੇਜਮੈਂਟ ਮੈਂਬਰ ਕਰਦੇ ਸਨ ਅੱਯਾਸ਼ੀ

ਜਲੰਧਰ (ਜ.ਬ.) - ਕਰੋੜਾਂ ਰੁਪਏ ਦਾ ਫਰਾਡ ਕਰਨ ਵਾਲੀ ਓ.ਐੱਲ. ਐੱਸ. ਵ੍ਹਿਜ਼ ਪਾਵਰ ਕੰਪਨੀ ਦੇ ਮਾਲਕ ਹੀ ਨਹੀਂ ਸਗੋਂ ਮੈਨੇਜਮੈਂਟ ਦੇ ਮੈਂਬਰ ਵੀ ਲੋਕਾਂ ਦੇ ਪੈਸਿਆਂ ਨਾਲ ਅੱਯਾਸ਼ੀ ਕਰਦੇ ਸਨ। ਜਾਂਚ ਦੌਰਾਨ ਪਤਾ ਲੱਗਾ ਹੈ ਕਿ ਲੋਕਾਂ ਦੇ ਪੈਸਿਆਂ ਨਾਲ ਖਰੀਦੀ ਆਡੀ ਕਾਰ ਖੜ੍ਹੀ ਕਰਨ ਲਈ ਮੈਨੇਜਮੈਂਟ ਮੈਂਬਰ ਆਦਿੱਤਿਆ ਸੇਠੀ ਨੇ ਆਪਣੇ ਘਰ ਦੇ ਨਾਲ ਹੀ ਇਕ ਪਲਾਟ ਖਰੀਦਿਆ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਪਲਾਟ ਉਸ ਨੇ 16 ਲੱਖ ਰੁਪਏ ਵਿਚ ਖਰੀਦਿਆ ਸੀ। ਆਦਿੱਤਿਆ ਨੇ ਗੀਤਾ ਕਾਲੋਨੀ ਵਿਚ ਵੀ ਆਲੀਸ਼ਾਨ ਕੋਠੀ ਬਣਾਈ ਹੋਈ ਹੈ।

ਸੂਤਰਾਂ ਨੇ ਦਾਅਵਾ ਕੀਤਾ ਕਿ ਕਪੂਰਥਲਾ ਵਿਚ ਜੋ ਗੁਰਮਿੰਦਰ ਸਿੰਘ ਦੇ ਪਿਤਾ ਦਾ ਸਕੂਲ ਹੈ, ਉਸ ਵਿਚ ਵੀ ਗੁਰਮਿੰਦਰ ਨੇ ਲੋਕਾਂ ਦੇ ਪੈਸੇ ਲਾਏ ਹੋਏ ਹਨ। ਇਹ ਉਹੀ ਲੋਕ ਹਨ, ਜੋ ਵ੍ਹਿਜ਼ ਪਾਵਰ ਕੰਪਨੀ ਵੱਲੋਂ ਠੱਗੇ ਗਏ ਹਨ। ਗੁਰਮਿੰਦਰ ਸਿੰਘ ਨੇ ਜਲੰਧਰ-ਫਗਵਾੜਾ ਹਾਈਵੇ ’ਤੇ ਬਣ ਰਹੇ ਫਲੈਟ ਵੀ ਖਰੀਦੇ ਹੋਏ ਹਨ। ਹਾਲਾਂਕਿ ਪੁਲਸ ਅਜੇ ਤੱਕ ਕੋਈ ਵੱਡਾ ਖੁਲਾਸਾ ਨਹੀਂ ਕਰ ਸਕੀ ਅਤੇ ਨਾ ਹੀ ਕੋਈ ਕਾਰਵਾਈ ਕਰ ਸਕੀ ਹੈ। ਹੈਰਾਨੀ ਦੀ ਗੱਲ ਹੈ ਕਿ ਜਾਂਚ ਦੌਰਾਨ ਹੀ ਆਦਿੱਤਿਆ ਸੇਠੀ ਉਕਤ ਆਡੀ ਕਾਰ ਵੇਚ ਗਿਆ ਪਰ ਪੁਲਸ ਨੂੰ ਪਤਾ ਹੀ ਨਹੀਂ ਲੱਗਾ। ਦੂਜੇ ਪਾਸੇ ਇਸ ਮਾਮਲੇ ਵਿਚ ਹੁਣ ਤੱਕ ਫਰਾਰ ਦੋਸ਼ੀ ਕੰਪਨੀ ਦੇ ਸੀ. ਈ. ਓ. ਗੁਰਮਿੰਦਰ ਸਿੰਘ ਦੀ ਗਿ੍ਰਫਤਾਰੀ ਨਹੀਂ ਹੋ ਸਕੀ ਹੈ। ਸਾਰੇ ਮੈਨੇਜਮੈਂਟ ਮੈਂਬਰ ਵੀ ਫਰਾਰ ਹਨ। ਜ਼ਿਕਰਯੋਗ ਹੈ ਕਿ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਕਾਰਣ ਮੈਨੇਜਮੈਂਟ ਮੈਂਬਰਾਂ ਤੋਂ ਲੈ ਕੇ ਕੰਪਨੀ ਦੇ ਮਾਲਕ ਹੌਲੀ-ਹੌਲੀ ਸਾਮਾਨ ਵੇਚਦੇ ਜਾ ਰਹੇ ਹਨ ਪਰ ਪੁਲਸ ਦਬਾਅ ਹੇਠ ਦਬਦੀ ਜਾ ਰਹੀ ਹੈ।

 


 


author

Harinder Kaur

Content Editor

Related News