DSP 'ਸਿੰਘਮ' ਅਤੁਲ ਸੋਨੀ ਨੇ ਪਤਨੀ 'ਤੇ ਚਲਾਈ ਗੋਲੀ, ਕੇਸ ਦਰਜ
Sunday, Jan 19, 2020 - 11:39 PM (IST)

ਮੋਹਾਲੀ (ਬਿਊਰੋ)- ਪੰਜਾਬ ਪੁਲਸ ਦੇ ਡੀ.ਐਸ.ਪੀ. ਸਿੰਘਮ ਨਾਂ ਨਾਲ ਮਸ਼ਹੂਰ ਅਤੁਲ ਸੋਨੀ 'ਤੇ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ ਕੀਤਾ ਗਿਆ ਹੈ। ਡੀ.ਐਸ.ਪੀ. ਸੋਨੀ 'ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਆਪਣੀ ਪਤਨੀ 'ਤੇ ਗੋਲੀ ਚਲਾ ਦਿੱਤੀ। ਪੀ.ਏ.ਪੀ.13 ਬਟਾਲੀਅਨ ਚੰਡੀਗੜ੍ਹ ਸਕੱਤਰੇਤ ਵਿਖੇ ਤਾਇਨਾਤ ਡੀ.ਐਸ.ਪੀ.ਅਤੁਲ ਸੋਨੀ ਸ਼ਨੀਵਾਰ ਰਾਤ 3 ਵਜੇ ਕਲੱਬ ਤੋਂ ਵਾਪਸ ਆਏ ਤਾਂ ਉਨ੍ਹਾਂ ਦੀ ਪਤਨੀ ਵਲੋਂ ਦਰਵਾਜ਼ਾ ਨਾ ਖੋਲ੍ਹਣ 'ਤੇ ਗੁੱਸੇ ਵਿਚ ਆਏ ਡੀ.ਐਸ.ਪੀ. ਅਤੁਲ ਸੋਨੀ ਨੇ ਗੋਲੀ ਚਲਾ ਦਿੱਤੀ। ਜਾਣਕਾਰੀ ਮੁਤਾਬਕ ਅਤੁਲ ਸੋਨੀ ਸ਼ਨੀਵਾਰ ਨੂੰ ਦੇਰ ਰਾਤ ਇਕ ਪਾਰਟੀ ਤੋਂ ਘਰ ਪਰਤੇ ਸਨ।
ਹਾਲਾਂਕਿ ਗੋਲੀ ਉਨ੍ਹਾਂ ਦੀ ਪਤਨੀ ਨੂੰ ਨਹੀਂ ਲੱਗੀ। ਹਮਲੇ ਮਗਰੋਂ ਡੀ.ਐਸ.ਪੀ. ਦੀ ਪਤਨੀ ਮੋਹਾਲੀ ਦੇ ਥਾਣਾ 8 ਫੇਸ ਪਹੁੰਚੀ ਅਤੇ ਆਪਣੇ ਪਤੀ ਖਿਲਾਫ ਸ਼ਿਕਾਇਤ ਦਰਜ ਕਰਵਾਈ। ਪੁਲਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਦਿੱਤੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅਤੁਲ ਸੋਨੀ ਨੇ ਆਪਣੀ ਸਰਵਿਸ ਰਿਵਾਲਵਰ ਨਾਲ ਗੋਲੀ ਨਹੀਂ ਚਲਾਈ ਸਗੋਂ ਨਾਜਾਇਜ਼ ਅਸਲੇ ਨਾਲ ਚਲਾਈ ਹੈ। ਦੱਸਣਯੋਗ ਹੈ ਕਿ ਡੀ.ਐਸ.ਪੀ. ਅਤੁਲ ਸੋਨੀ ਆਪਣੀ ਸਿਹਤ ਨੂੰ ਲੈ ਕੇ ਪੰਜਾਬ ਪੁਲਸ ਵਿਚ ਕਾਫੀ ਪ੍ਰਸਿੱਧ ਹਨ। ਉਨ੍ਹਾਂ ਦਾ ਸਰੀਰ ਕਿਸੇ ਬਾਡੀ ਬਿਲਡਰ ਤੋਂ ਘੱਟ ਨਹੀਂ ਹੈ।