ਗੱਡੀਆਂ ਸੇਲ ਕਰਨ ਦੇ ਕੰਮ ''ਚ ਘਾਟਾ ਪਿਆ ਤਾਂ ਵੇਚਣ ਲੱਗੇ ਹੈਰੋਇਨ, 2 ਕਾਬੂ

04/18/2018 5:24:17 AM

ਜਲੰਧਰ, (ਮ੍ਰਿਦੁਲ)— ਬਰੇਲੀ ਤੋਂ ਹੈਰੋਇਨ ਸਸਤੀ ਲਿਆ ਕੇ ਜਲੰਧਰ ਆ ਕੇ ਸਪਲਾਈ ਕਰਨ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਥਾਣਾ ਭਾਰਗੋ ਕੈਂਪ ਦੀ ਪੁਲਸ ਨੇ ਕਾਬੂ ਕੀਤਾ ਹੈ। ਪੁਲਸ ਨੇ ਮੁਲਜ਼ਮਾਂ ਕੋਲੋਂ 70 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ, ਜਿਸ ਦੀ ਮਾਰਕੀਟ ਕੀਮਤ 10 ਲੱਖ ਦੇ ਕਰੀਬ ਦੱਸੀ ਜਾ ਰਹੀ ਹੈ। ਦੋਵਾਂ ਮੁਲਜ਼ਮਾਂ 'ਤੇ ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਐੱਸ. ਐੱਚ. ਓ. ਜੀਵਨ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਸਤਨਾਮ ਸਿੰਘ ਨੇ ਕਰੀਬ ਇਕ ਵਜੇ ਸਪੈਸ਼ਲ ਟਿਪ ਮਿਲਣ 'ਤੇ ਟਰੈਪ ਲਾ ਕੇ ਪੈਦਲ ਆ ਰਹੇ 2 ਵਿਅਕਤੀਆਂ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ। ਤਲਾਸ਼ੀ ਲੈਣ 'ਤੇ ਉਨ੍ਹਾਂ ਕੋਲੋਂ ਹੈਰੋਇਨ ਦੀ ਖੇਪ ਬਰਾਮਦ ਹੋਈ। ਮੁਲਜ਼ਮ ਉੱਤਰਾਖੰਡ ਦੇ ਰਹਿਣ ਵਾਲੇ ਕਮਲਜੀਤ ਸਿੰਘ ਤੇ ਸਰਬਜੀਤ ਸਿੰਘ ਹਨ। 
ਦੋਵਾਂ ਨੇ ਪੁੱਛਗਿੱਛ ਵਿਚ ਖੁਲਾਸਾ ਕੀਤਾ ਕਿ ਉਹ ਹੈਰੋਇਨ ਦੀ ਖੇਪ ਨੂੰ ਮਾਡਲ ਹਾਊਸ ਦੇ ਇਕ ਵਿਅਕਤੀ ਨੂੰ ਵੇਚਣ ਆਏ ਸਨ। ਇਹ ਜਲੰਧਰ ਵਿਚ ਉਨ੍ਹਾਂ ਦਾ ਦੂਜਾ ਚੱਕਰ ਹੈ। ਉਹ ਇਸ ਹੈਰੋਇਨ ਨੂੰ ਬਰੇਲੀ ਅਤੇ ਨੇਪਾਲ ਬਾਰਡਰ 'ਤੇ ਸਥਿਤ ਇਕ ਪਿੰਡ ਤੋਂ ਲਿਆਉਂਦੇ ਸਨ। ਉਥੋਂ ਹੈਰੋਇਨ ਦੀ ਖੇਪ ਸਸਤੀ ਮਿਲਣ ਕਾਰਨ ਇਸ ਕੰਮ ਵਿਚ ਪੈ ਗਏ। ਇਸ ਤੋਂ ਪਹਿਲਾਂ ਦੋਵੇਂ ਗੱਡੀਆਂ ਵੇਚਣ ਦਾ ਕੰਮ ਕਰਦੇ ਸਨ ਪਰ ਉਸ ਵਿਚ ਘਾਟਾ ਪੈਣ ਕਾਰਨ ਉਨ੍ਹਾਂ ਨੇ ਇਹ ਕੰਮ ਛੱਡ ਦਿੱਤਾ। ਇਕ ਵਾਰ ਡਲਿਵਰੀ ਦੇਣ ਗਏ ਤਾਂ ਪਤਾ ਲੱਗਾ ਕਿ ਇਸ ਧੰਦੇ ਵਿਚ ਕਾਫੀ ਪੈਸੇ ਹਨ ਤੇ ਉਨ੍ਹਾਂ ਇਹ ਧੰਦਾ ਕਰਨਾ ਸ਼ੁਰੂ ਕਰ ਦਿੱਤਾ। ਪੁਲਸ ਨੇ ਦੋਵਾਂ ਨੂੰ ਕੋਰਟ ਵਿਚ ਪੇਸ਼ ਕਰ ਤਿੰਨ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ।


Related News