ਚਲਦੀ ਕਾਰ ਨੂੰ ਲੱਗੀ ਅੱਗ, ਸੜ ਕੇ ਹੋਈ ਸੁਆਹ

Monday, Feb 07, 2022 - 06:16 PM (IST)

ਚਲਦੀ ਕਾਰ ਨੂੰ ਲੱਗੀ ਅੱਗ, ਸੜ ਕੇ ਹੋਈ ਸੁਆਹ

ਬੰਗਾ (ਚਮਨ/ਰਾਕੇਸ਼) : ਰੂਪਨਗਰ-ਫਗਵਾੜਾ ਨੈਸ਼ਨਲ ਹਾਈਵੇ ਅਤੇ ਬੰਗਾ ਸ਼ਹਿਰ ਵਿਚ ਬਣੇ ਐਲੀਵੇਟਡ ਰੋਡ ’ਤੇ ਇਕ ਚਲਦੀ ਕਾਰ ਨੂੰ ਅੱਗ ਲੱਗਣ ਨਾਲ ਉਸ ਦੇ ਸੜ ਕੇ ਸੁਆਹ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਬਲਵੀਰ ਸਿੰਘ ਪੁੱਤਰ ਅਰਜਨ ਸਿੰਘ ਵਾਸੀ ਭਦਾਸ ਥਾਣਾ ਬੇਗੋਵਾਲ ਜ਼ਿਲ੍ਹਾ ਕਪੂਰਥਲਾ ਆਪਣੀ ਪਤਨੀ ਸੁਖਪਾਲ ਕੌਰ ਨਾਲ ਰੂਪਨਗਰ ਤੋਂ ਦਵਾਈ ਲੈ ਕੇ ਆਪਣੀ ਕਾਰ ਨੰਬਰ ਪੀ. ਬੀ. 57 ਬੀ 0089 ਪਿੰਡ ਭਦਾਸ ਨੂੰ ਜਾ ਰਹੇ ਸਨ।

ਬਲਵੀਰ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਉਹ ਬੰਗਾ ਸ਼ਹਿਰ ਵਿਚ ਬਣੇ ਤਿੰਨ ਕਿਲੋਮੀਟਰ ਲੰਮੇ ਐਲੀਵੇਟਡ ਰੋਡ ਨੂੰ ਪਾਰ ਕਰ ਰਹੇ ਸਨ ਤਾਂ ਉਨ੍ਹਾਂ ਦੀ ਕਾਰ ਅਚਾਨਕ ਬੰਦ ਹੋ ਗਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਸਟਾਰਟ ਨਹੀਂ ਹੋਈ । ਉਨ੍ਹਾਂ ਨੇ ਕਾਰ ਦੇ ਅਗਲੇ ਹਿੱਸੇ ਇੰਜਣ ਵਾਲੇ ਪਾਸੇ ਤੋਂ ਧੂੰਆਂ ਨਿਕਲਦਾ ਵੇਖਿਆ ਤਾਂ ਛੇਤੀ ਨਾਲ ਉਹ ਦੋਵੇਂ ਜਣੇ ਕਾਰ ’ਚੋਂ ਬਾਹਰ ਆ ਗਏ ਅਤੇ ਦੇਖਦੇ ਹੀ ਦੇਖਦੇ ਕਾਰ ਵਿਚੋਂ ਅੱਗ ਦੀਆਂ ਲਪਟਾਂ ਨਿਕਲਣ ਲੱਗ ਪਈਆਂ। ਮੌਕੇ ’ਤੇ ਹਾਜ਼ਰ ਲੋਕਾਂ ਨੇ ਨਵਾਂਸ਼ਹਿਰ ਫਾਈਰ ਬ੍ਰਿਗੇਡ ਨੂੰ ਫੋਨ ਕੀਤਾ, ਜੋ ਕੁਝ ਕੁ ਮਿੰਟਾਂ ਵਿਚ ਮੌਕੇ ’ਤੇ ਪੁੱਜ ਗਈ ਅਤੇ ਉਨ੍ਹਾਂ ਵੱਲੋਂ ਅੱਗ ’ਤੇ ਕਾਬੂ ਪਾਇਆ ਗਿਆ। ਸੂਚਨਾ ਮਿਲਦੇ ਹੀ ਥਾਣਾ ਸਿਟੀ ਦੇ ਅਧਿਕਾਰੀ ਮੌਕੇ ’ਤੇ ਪੁੱਜ ਗਏ। ਉਨ੍ਹਾਂ ਦੱਸਿਆ ਕਿ ਉਕਤ ਲੱਗੀ ਅੱਗ ਵਿਚ ਕਿਸੇ ਵੀ ਕਿਸਮ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਲੱਗੀ ਅੱਗ ਕਾਰਨ ਕਾਰ ਪੂਰੀ ਤਰ੍ਹਾਂ ਨਾਲ ਸੜ ਕੇ ਸੁਆਹ ਹੋ ਗਈ।


author

Gurminder Singh

Content Editor

Related News