ਕਾਰ ਬੇਕਾਬੂ ਹੋ ਦਰੱਖ਼ਤ ਨਾਲ ਟਕਰਾਈ, ਪੁੱਤ ਦੀ ਮੌਤ, ਪਿਓ ਸਮੇਤ ਪਰਿਵਾਰ ਦੇ 5 ਮੈਂਬਰ ਜ਼ਖ਼ਮੀ
Thursday, Jun 15, 2023 - 07:15 PM (IST)
ਪੱਖੋ ਕਲਾਂ/ਰੂੜੇਕੇ ਕਲਾਂ (ਮੁਖਤਿਆਰ) : ਪਿੰਡ ਪੱਖੋ ਕਲਾਂ ਸਥਿਤ ਬਰਨਾਲਾ-ਮਾਨਸਾ ਰੋਡ 'ਤੇ ਤਪਾ ਟੀ-ਪੁਆਇੰਟ ਕੋਲ ਇਕ ਕਾਰ ਦਰੱਖ਼ਤ ਨਾਲ ਟਕਰਾ ਜਾਣ ਕਾਰਨ ਇਕ ਨੌਜਵਾਨ ਲੜਕੇ ਦੀ ਮੌਤ ਹੋ ਗਈ ਅਤੇ ਪਰਿਵਾਰ ਦੇ 5 ਮੈਂਬਰ ਜ਼ਖ਼ਮੀ ਹੋ ਗਏ।
ਜਾਣਕਾਰੀ ਅਨੁਸਾਰ ਬੂਟਾ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਬਰਨਾਲਾ ਪਰਿਵਾਰ ਸਮੇਤ ਆਪਣੀ ਆਈ-ਟਵੰਟੀ ਕਾਰ 'ਚ ਪਿੰਡ ਕੋਟਧਰਮੂ ਤੋਂ ਆਪਣੀ ਰਿਸ਼ਤੇਦਾਰੀ ਤੋਂ ਮੁੜ ਬਰਨਾਲਾ ਵੱਲ ਆ ਰਿਹਾ ਸੀ। ਤਪਾ ਟੀ-ਪੁਆਇੰਟ ਨੇੜੇ ਉਸ ਦੀ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਕਿੱਕਰ ਦੇ ਦਰੱਖ਼ਤ ਨਾਲ ਜਾ ਟਕਰਾਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਿੱਕਰ ਜੜ੍ਹਾਂ ਤੋਂ ਪੁੱਟੀ ਗਈ ਅਤੇ ਕਾਰ ਦੀ ਅਗਲੀ ਸੀਟ 'ਤੇ ਬੈਠੇ ਏਕਮ ਸਿੰਘ ਪੁੱਤਰ ਬੂਟਾ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਡਰਾਈਵਰ ਸਮੇਤ 5 ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਬਰਨਾਲਾ ਦਾਖਲ ਕਰਵਾਇਆ ਗਿਆ। ਮ੍ਰਿਤਕ ਏਕਮ ਸਿੰਘ 3 ਭੈਣਾਂ ਦਾ ਇਕਲੌਤਾ ਭਰਾ ਦੱਸਿਆ ਜਾ ਰਿਹਾ ਹੈ। ਥਾਣਾ ਰੂੜੇਕੇ ਕਲਾਂ ਦੀ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਕਬਜ਼ੇ 'ਚ ਲੈ ਕੇ ਕਾਰਵਾਈ ਆਰੰਭ ਦਿੱਤੀ ਹੈ।
ਇਹ ਵੀ ਪੜ੍ਹੋ : ਵਿਜੀਲੈਂਸ ਵੱਲੋਂ ਰਿਸ਼ਵਤ ਲੈਣ ਦੇ ਦੋਸ਼ 'ਚ 2 ਪੁਲਸ ਕਰਮਚਾਰੀਆਂ ਸਮੇਤ CIA ਸਟਾਫ਼ ਇੰਚਾਰਜ ਕਾਬੂ
25 ਮਿੰਟਾਂ ਬਾਅਦ ਪਹੁੰਚੀ ਐਂਬੂਲੈਂਸ
ਹਾਦਸੇ ਤੋਂ ਤੁਰੰਤ ਬਾਅਦ ਨੇੜਲੇ ਵਿਅਕਤੀਆਂ ਨੇ ਸਰਕਾਰੀ ਨੰਬਰ 'ਤੇ ਐਂਬੂਲੈਂਸ ਨੂੰ ਸੂਚਿਤ ਕਰ ਦਿੱਤਾ ਪਰ ਐਂਬੂਲੈਂਸ ਨੇੜੇ ਨਾ ਹੋਣ ਕਾਰਨ 25 ਮਿੰਟਾਂ ਬਾਅਦ ਹਾਦਸੇ ਵਾਲੀ ਥਾਂ ਪਹੁੰਚੀ ਅਤੇ ਓਨਾ ਚਿਰ ਜ਼ਖ਼ਮੀ ਵਿਅਕਤੀ ਸੜਕ ਕਿਨਾਰੇ ਰੋਂਦੇ-ਕੁਰਲਾਉਂਦੇ ਰਹੇ। ਇਲਾਕਾ ਵਾਸੀਆਂ ਨੇ ਕਿਹਾ ਕਿ ਹੰਢਿਆਇਆ ਤੋਂ ਲੈ ਕੇ ਮਾਨਸਾ ਤੱਕ ਪੇਂਡੂ ਇਲਾਕੇ 'ਚ ਇਕ ਵੀ ਐਂਬੂਲੈਂਸ ਤਾਇਨਾਤ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਇਕ ਐਂਬੂਲੈਂਸ ਦਾ ਪ੍ਰਬੰਧ ਥਾਣਾ ਰੂੜੇਕੇ ਕਲਾਂ ਅੱਗੇ ਮੁੱਖ ਰੋਡ 'ਤੇ ਕੀਤਾ ਜਾਵੇ ਤਾਂ ਜੋ ਆਸ-ਪਾਸ ਹੁੰਦੇ ਹਾਦਸੇ ਸਮੇਂ ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਜਾ ਸਕੇ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।