ਨਕੋਦਰ: ਲੁਟੇਰਿਆਂ ਨੇ ਮੁੰਬਈ ਦੇ ਵਪਾਰੀ ਤੋਂ ਖੋਹੀ ਕਾਰ

01/07/2018 3:03:03 PM

ਨਕੋਦਰ (ਰਜਨੀਸ਼, ਪਾਲੀ)— ਸ਼ੁੱਕਰਵਾਰ ਦੀ ਰਾਤ ਦਿੱਲੀ ਤੋਂ ਇਥੇ ਧਾਰਮਿਕ ਅਸਥਾਨ ਵਿਖੇ ਮੱਥਾ ਟੇਕਣ ਆਏ ਇਕ ਵਿਅਕਤੀ ਦੀ ਬੇਸਬੈਟ ਨਾਲ ਲੈਸ ਕਾਰ ਸਵਾਰ ਵਿਅਕਤੀਆਂ ਨੇ ਕਾਰ ਖੋਹ ਲਈ ਅਤੇ ਫਰਾਰ ਹੋ ਗਏ। ਸ਼ਿਕਾਇਤਕਰਤਾ ਪੰਕਜ ਸ਼ਰਮਾ ਪੁੱਤਰ ਦਰਸ਼ਨ ਲਾਲ ਸ਼ਰਮਾ ਵਾਸੀ ਨਿਊ ਮਹਾਵੀਰ ਨਗਰ ਨਵੀਂ ਦਿੱਲੀ ਨੇ ਦੱਸਿਆ ਕਿ ਉਸ ਦਾ ਮੁੰਬਈ ਵਿਖੇ ਹੋਟਲ ਹੈ ਅਤੇ ਆਪਣੇ ਪਰਿਵਾਰ ਨੂੰ ਮਿਲਣ ਲਈ ਆਪਣੇ ਸਹੁਰਿਆਂ ਦੀ ਕਾਰ ਸਵਿੱਫਟ 'ਚ ਨਕੋਦਰ ਮੱਥਾ ਟੇਕਣ ਦਿੱਲੀ ਤੋਂ ਆਇਆ ਸੀ। ਉਹ ਸਥਾਨਕ ਇਕ ਹੋਟਲ 'ਚ ਕਮਰਾ ਬੁੱਕ ਕਰਵਾਉਣ ਉਪਰੰਤ ਰਾਤ ਕਰੀਬ 8 ਵਜੇ ਕਾਰ ਵਿਚ ਸ਼ਹਿਰ ਘੁੰਮਣ ਚਲਾ ਗਿਆ। ਜਦੋਂ ਉਹ ਡੇਰਾ ਬਾਬਾ ਲਾਲ ਬਾਦਸ਼ਾਹ ਤੋਂ ਥੋੜ੍ਹਾ ਅੱਗੇ ਗਿਆ ਤਾਂ ਮਹਿਤਪੁਰ ਰੋਡ ਨੇੜੇ ਪਿੱਛੋਂ ਆਏ ਲੈਂਸਰ ਕਾਰ ਸਵਾਰਾਂ ਨੇ ਉਸ ਨੂੰ ਰੋਕ ਲਿਆ। 
ਸ਼ਿਕਾਇਤਕਰਤਾ ਨੇ ਦੱਸਿਆ ਕਿ ਕਾਰ ਵਿਚੋਂ 2 ਨੌਜਵਾਨ ਹੇਠਾਂ ਉਤਰੇ, ਜਿਨ੍ਹਾਂ ਕੋਲ ਬੇਸਬੈਟ ਸਨ। ਉਨ੍ਹਾਂ ਨੇ ਉਸ ਨੂੰ ਖਿੱਚ ਕੇ ਕਾਰ ਵਿਚੋਂ ਬਾਹਰ ਸੁੱਟ ਦਿੱਤਾ ਅਤੇ ਉਸ ਦੀ ਕਾਰ ਖੋਹ ਕੇ ਫਰਾਰ ਹੋ ਗਏ। ਲੈਂਸਰ ਕਾਰ ਵਿਚ ਵੀ 2 ਹੋਰ ਨੌਜਵਾਨ ਸਵਾਰ ਸਨ, ਜੋ ਲੁੱਟ-ਖੋਹ ਦੀ ਘਟਨਾ ਉਪਰੰਤ ਮੌਕੇ ਤੋਂ ਫਰਾਰ ਹੋ ਗਏ। ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਅਣਪਛਾਤੇ ਮੁਲਜ਼ਮਾਂ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


Related News