ਕਾਰ ਸਵਾਰਾਂ ਨੇ ਕੱਪੜਾ ਵੇਚਣ ਵਾਲੇ ਨੂੰ ਲੁੱਟਿਆ, ਦੋਵੇਂ ਲੁਟੇਰੇ ਗ੍ਰਿਫ਼ਤਾਰ
Wednesday, Dec 18, 2024 - 07:48 AM (IST)
ਬਟਾਲਾ (ਸਾਹਿਲ) : ਪਿੰਡ ਸਰਵਾਲੀ ਨੇੜੇ ਕਾਰ ਸਵਾਰਾਂ ਵਲੋਂ ਫੇਰੀ ਲਾਉਣ ਵਾਲੇ ਨੂੰ ਲੁੱਟਣ ਦੇ ਮਾਮਲੇ ਵਿਚ ਥਾਣਾ ਕਿਲ੍ਹਾ ਲਾਲ ਸਿੰਘ ਦੀ ਪੁਲਸ ਵਲੋਂ ਦੋਵਾਂ ਲੁਟੇਰਿਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਦਿੰਦਿਆਂ ਏ. ਐੱਸ. ਆਈ ਧਰਮਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਆਜ਼ਾਦ ਅਹਿਮਦ ਲੋਨ ਪੁੱਤਰ ਮੁਹੰਮਦ ਗੁਲਜ਼ਾਰ ਲੋਨ ਵਾਸੀ ਹਫਰਾਡਾ ਫੱਲ ਮਾਰਗ, ਡਾਕਖਾਨਾ ਤਰੇਗਾਮ, ਥਾਣਾ ਬਿੱਲਗਾਮ, ਜ਼ਿਲ੍ਹਾ ਕੁਪਵਾੜਾ ਹਾਲ ਵਾਸੀ ਮੁਰਗੀ ਮੁਹੱਲਾ ਬਟਾਲਾ ਨੇ ਦੱਸਿਆ ਕਿ ਉਹ ਜੰਮੂ ਕਸ਼ਮੀਰ ਵਿਚ ਜ਼ਿਆਦਾ ਠੰਡ ਹੋਣ ਕਰਕੇ ਰੋਜ਼ੀ-ਰੋਟੀ ਕਮਾਉਣ ਲਈ ਸਾਲ 2005 ਤੋਂ ਬਟਾਲਾ ਵਿਖੇ ਰਹਿੰਦਾ ਆ ਰਿਹਾ ਹੈ ਅਤੇ ਉਹ ਪਿੰਡਾਂ ਵਿਚ ਕੱਪੜਾ, ਛਾਲ ਤੇ ਲੋਈਆਂ ਆਦਿ ਵੇਚਣ ਦਾ ਕੰਮ ਕਰਦਾ ਹੈ।
ਇਹ ਵੀ ਪੜ੍ਹੋ : ਪੁਰਤਗਾਲ ਦਾ ਟੂਰਿਸਟ ਵੀਜ਼ਾ ਤੇ ਪਲਾਂਟ ਲਗਾਉਣ ਦੇ ਨਾਂ ’ਤੇ ਮਾਰੀ ਲੱਖਾਂ ਦੀ ਠੱਗੀ, ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ
ਬੀਤੀ 15 ਦਸੰਬਰ ਨੂੰ ਉਹ ਆਪਣੇ ਮੋਟਰਸਾਈਕਲ ਨੰ. ਪੀ.ਬੀ. 36.1024 ’ਤੇ ਵੇਚਣ ਵਾਲਾ ਕੱਪੜਾ ਲੱਦ ਕੇ ਊਧੋਵਾਲੀ, ਸ਼ਿਕਾਰ ਮਾਛੀਆਂ ਤੋਂ ਕੱਪੜਾ ਵੇਚਣ ਉਪਰੰਤ ਬਟਾਲਾ ਵੱਲ ਆ ਰਿਹਾ ਸੀ। ਜਦੋਂ ਉਹ ਅੱਡਾ ਸਰਵਾਲੀ ਕੋਲ ਪਹੁੰਚਿਆ ਤਾਂ ਪਿੱਛੋਂ ਆਈ ਗੋਲਡਨ ਰੰਗ ਦੀ ਹੋਂਡਾ ਕਾਰ ਨੰ. ਡੀ.ਐੱਲ.06 ਬੀ.ਬੀ. 9944 ਜਿਸ ਵਿਚ ਦੋ ਨੌਜਵਾਨ ਸਵਾਰ ਸਨ, ਨੇ ਉਸਦੇ ਅੱਗੇ ਆਪਣੀ ਕਾਰ ਖੜੀ ਕਰ ਦਿੱਤੀ ਅਤੇ ਇਕ ਨੌਜਵਾਨ ਨੇ ਗੱਡੀ ਵਿਚੋਂ ਬਾਹਰ ਆਣ ਕੇ ਉਸ ਨੂੰ ਦਾਤਰ ਨਾਲ ਧਮਕਾਉਂਦਿਆਂ ਉਸ ਕੋਲੋਂ ਜ਼ਬਰਦਸਤੀ 2100 ਰੁਪਏ ਖੋਹ ਲਏ ਅਤੇ ਕਾਰ ਭਜਾ ਕੇ ਲੈ ਗਏ।
ਏ. ਐੱਸ. ਆਈ ਧਰਮਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਕਾਰਵਾਈ ਕਰਦਿਆਂ ਥਾਣਾ ਕਿਲ੍ਹਾ ਲਾਲ ਸਿੰਘ ਵਿਖੇ ਬਣਦੀਆਂ ਧਾਰਾਵਾਂ ਹੇਠ ਕੇਸ ਦਰਜ ਕਰਨ ਉਪਰੰਤ ਦੋਵਾਂ ਨੌਜਵਾਨਾਂ ਜਿਨ੍ਹਾਂ ਦੀ ਪਛਾਣ ਵਿਸ਼ਾਲ ਅਤੇ ਯਾਦਾ ਵਜੋਂ ਹੋਈ ਹੈ, ਨੂੰ ਗ੍ਰਿਫ਼ਤਾਰ ਕਰਕੇ ਗੱਡੀ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਅਤੇ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤਿਆ ਗਿਆ ਲੋਹੇ ਦਾ ਦਾਤਰ ਅਤੇ ਇਕ ਪਰਸ ਜਿਸ ਵਿਚ 1000 ਰੁਪਏ ਨਕਦੀ ਸੀ, ਵੀ ਬਰਾਮਦ ਕਰ ਲਿਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8