ਕਾਰ ਸਵਾਰਾਂ ਵੱਲੋਂ ਲੋਅਰ ਮਾਲ ’ਤੇ ਕੁੜੀ ਨੂੰ ਅਗਵਾ ਕਰਨ ਦੀ ਕੋਸ਼ਿਸ਼

Tuesday, Feb 07, 2023 - 05:59 PM (IST)

ਪਟਿਆਲਾ (ਬਲਜਿੰਦਰ) : ਸ਼ਹਿਰ ਦੇ ਲੋਅਰ ਮਾਲ ’ਤੇ ਦੀ ਬ੍ਰਿਟਿਸ਼ ਕੋ-ਐੱਡ ਸਕੂਲ ਨੇੜੇ ਸੀਨੀਅਰ ਭਾਜਪਾ ਆਗੂ ਭੁਪੇਸ਼ ਅਗਰਵਾਲ ਦੇ ਦਫਤਰ ਦੇ ਸਾਹਮਣੇ ਅੱਜ ਲੜਕੀ ਨੂੰ ਕਾਰ ਸਵਾਰਾਂ ਨੇ ਅਗਵਾ ਕਰਨ ਦੀ ਕੋਸ਼ਿਸ ਕੀਤੀ। ਜਦੋਂ ਕੋਸ਼ਿਸ਼ ਸਫਲ ਨਹੀਂ ਹੋਈ ਤਾਂ ਉਹ ਲੜਕੀ ਦਾ ਪਰਸ ਖੋਹ ਕੇ ਫਰਾਰ ਹੋ ਗਏ। ਇਸ ਮਾਮਲੇ ’ਚ ਪੀੜਤ ਲੜਕੀ ਰਜਨੀ ਸੋਨੀ ਵਾਸੀ ਏਕਤਾ ਵਿਹਾਰ ਨੇ ਦੱਸਿਆ ਕਿ ਉਹ ਇਕ ਬੀਮਾ ਕੰਪਨੀ ’ਚ ਕੰਮ ਕਰਦੀ ਹੈ। ਸੋਮਵਾਰ ਦੁਪਹਿਰ ਮਾਲ ਰੋਡ ’ਤੇ ਬ੍ਰਿਟਿਸ਼ ਕੋ-ਐੱਡ ਸਕੂਲ ਦੇ ਸਾਹਮਣੇ ਆਟੋ ਰਿਕਸ਼ਾ ਦੀ ਉਡੀਕ ਕਰ ਰਹੀ ਸੀ। ਇਸੇ ਦੌਰਾਨ ਹੀ ਇਕ ਕਾਰ ਉਸ ਕੋਲ ਆ ਕੇ ਰੁਕੀ। ਅਗਲੀ ਸੀਟ ’ਤੇ ਬੈਠੇ ਵਿਅਕਤੀ ਨੇ ਸ਼ੀਸ਼ਾ ਖੋਲ੍ਹ ਕੇ ਉਸ ਦੀ ਬਾਂਹ ਫੜ ਲਈ ਅਤੇ ਕਾਰ ਅੰਦਰ ਸੁੱਟਣ ਦੀ ਕੋਸ਼ਿਸ਼ ਕੀਤੀ। ਇਸ ਦਾ ਉਸ ਨੇ ਵਿਰੋਧ ਕੀਤਾ। ਜਦੋਂ ਉਹ ਇਸ ’ਚ ਸਫਲ ਨਾ ਹੋਏ ਤਾਂ ਉਸ ਦਾ ਬੈਗ ਖੋਹ ਕੇ ਫਰਾਰ ਹੋ ਗਏ। ਪਰਸ ’ਚ ਨਕਦੀ, ਘਰ ਦੀਆਂ ਚਾਬੀਆਂ ਅਤੇ ਹੋਰ ਜ਼ਰੂਰੀ ਸਾਮਾਨ ਸੀ। ਇਸ ਤੋਂ ਬਾਅਦ ਉਸ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ। ਮੌਕੇ ’ਤੇ ਪੁਲਸ ਪਾਰਟੀ ਪਹੁੰਚੀ ਅਤੇ ਲੜਕੀ ਦੇ ਬਿਆਨ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ।

ਇਸ ਮੌਕੇ ਭਾਜਪਾ ਆਗੂ ਭੁਪੇਸ਼ ਅਗਰਵਾਲ ਵੀ ਪਹੁੰਚ ਗਏ। ਉਨ੍ਹਾਂ ਕਿਹਾ ਕਿ ਪੰਜਾਬ ’ਚ ਅਮਨ ਅਤੇ ਕਾਨੂੰਨ ਵਿਵਸਥਾ ਡਗਮਗਾਈ ਹੋਈ ਹੈ। ਇਸ ਲੜਕੀ ਨੂੰ ਦਿਨ-ਦਿਹਾੜੇ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹ ਸਭ ਤੋਂ ਜ਼ਿਆਦਾ ਭੀੜ-ਭਾੜ ਵਾਲਾ ਇਲਾਕਾ ਹੈ। ਇਥੋਂ ਛੋਟੇ ਬੱਚੇ ਸਕੂਲ ਵੈਨਾ ’ਚ ਜਾਂਦੇ ਹਨ। ਜੇਕਰ ਅਜਿਹੀ ਥਾਂ ਤੋਂ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੋਵੇ ਤਾਂ ਛੋਟੇ-ਛੋਟੇ ਬੱਚਿਆਂ ਦੀ ਵੀ ਜ਼ਿੰਦਗੀ ਦਾ ਸਵਾਲ ਹੈ। ਦੂਜੇ ਪਾਸੇ ਪੁਲਸ ਅਨੁਸਾਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਆਸ-ਪਾਸ ਦੇ ਇਲਾਕਿਆਂ ਦੇ ਸੀ. ਸੀ. ਟੀ. ਵੀ ਕੈਮਰਿਆਂ ਦੀਆਂ ਫੁਟੇਜ ਖੰਘਾਲਨੀਆਂ ਸ਼ੁਰੂ ਕਰ ਦਿੱਤੀਆਂ ਹਨ। ਫਿਲਹਾਲ ਪੁਲਸ ਇਸ ਮਾਮਲੇ ’ਚ ਕੁਝ ਵੀ ਨਹੀਂ ਕਹਿ ਰਹੀ ਅਤੇ ਜਾਂਚ ਦੀ ਗੱਲ ਆਖੀ ਜਾ ਰਹੀ ਹੈ।


Gurminder Singh

Content Editor

Related News