ਐਕਟਿਵਾ ''ਤੇ ਜਾਂਦੀ ਕੁੜੀ ਨੇ ਪੈਦਲ ਜਾਂਦੇ ਬੰਦੇ ਦੇ ਮਾਰੀ ਟੱਕਰ, ਵੀਡੀਓ ''ਚ ਕੈਦ ਹੋਇਆ ਭਿਆਨਕ ਮੰਜ਼ਰ

Friday, May 22, 2026 - 05:04 PM (IST)

ਐਕਟਿਵਾ ''ਤੇ ਜਾਂਦੀ ਕੁੜੀ ਨੇ ਪੈਦਲ ਜਾਂਦੇ ਬੰਦੇ ਦੇ ਮਾਰੀ ਟੱਕਰ, ਵੀਡੀਓ ''ਚ ਕੈਦ ਹੋਇਆ ਭਿਆਨਕ ਮੰਜ਼ਰ

ਮੋਗਾ (ਕਸ਼ਿਸ਼ ਸਿੰਗਲਾ) : ਮੋਗਾ ਦੇ ਬਿਜਲੀ ਘਰ ਦੇ ਸਾਹਮਣੇ ਸਥਿਤ ਸੀ. ਆਈ. ਏ. ਸਟਾਫ ਵਾਲੀ ਗਲੀ ਵਿਚ ਇਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ, ਜਿਸ ਦੀ ਸੀਸੀਟੀਵੀ ਫੁਟੇਜ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਹਾਦਸੇ ਵਿਚ ਇਕ ਪੈਦਲ ਜਾ ਰਿਹਾ ਵਿਅਕਤੀ ਅਤੇ ਇਕ ਐਕਟਿਵਾ ਸਵਾਰ ਮਹਿਲਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਇਕ ਵਿਅਕਤੀ ਗਲੀ ਵਿਚ ਪੈਦਲ ਜਾ ਰਿਹਾ ਸੀ ਕਿ ਪਿੱਛੇ ਤੋਂ ਆ ਰਹੀ ਇਕ ਤੇਜ਼ ਰਫ਼ਤਾਰ ਐਕਟਿਵਾ ਅਚਾਨਕ ਬੇਕਾਬੂ ਹੋ ਗਈ ਅਤੇ ਸਿੱਧੀ ਪੈਦਲ ਜਾ ਰਹੇ ਵਿਅਕਤੀ ਵਿਚ ਜਾ ਵੱਜੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਜਣੇ ਸੜਕ 'ਤੇ ਡਿੱਗ ਪਏ ਅਤੇ ਜ਼ਖ਼ਮੀ ਹੋ ਗਏ। ਵੀਡੀਓ ਵਿਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਪੈਦਲ ਜਾ ਰਿਹਾ ਵਿਅਕਤੀ ਅਚਾਨਕ ਪਿੱਛੋਂ ਤੇਜ਼ ਆਈ ਐਕਟਿਵਾ ਦੀ ਲਪੇਟ ਵਿਚ ਆ ਜਾਂਦਾ ਹੈ।

ਘਟਨਾ ਤੋਂ ਤੁਰੰਤ ਬਾਅਦ ਆਸ-ਪਾਸ ਦੇ ਲੋਕਾਂ ਨੇ ਦੋਵਾਂ ਨੂੰ ਸੰਭਾਲਿਆ ਅਤੇ ਸਮਾਜ ਸੇਵਾ ਸੁਸਾਇਟੀ ਨੂੰ ਸੂਚਿਤ ਕੀਤਾ। ਸੁਸਾਇਟੀ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਐਂਬੂਲੈਂਸ ਦੀ ਸਹਾਇਤਾ ਨਾਲ ਦੋਵਾਂ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਮੋਗਾ ਵਿਖੇ ਭਰਤੀ ਕਰਵਾਇਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਸ ਹਾਦਸੇ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਲੋਕ ਇਸ ਨੂੰ “ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ” ਦੀ ਕਹਾਵਤ ਨਾਲ ਜੋੜ ਰਹੇ ਹਨ, ਕਿਉਂਕਿ ਹਾਦਸਾ ਬਹੁਤ ਗੰਭੀਰ ਹੋ ਸਕਦਾ ਸੀ ਪਰ ਦੋਵਾਂ ਦੀ ਜਾਨ ਬਚ ਗਈ। ਸੋਸ਼ਲ ਮੀਡੀਆ 'ਤੇ ਲੋਕਾਂ ਵੱਲੋਂ ਵਾਹਨ ਸਾਵਧਾਨੀ ਨਾਲ ਚਲਾਉਣ ਅਤੇ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਦੂਜੇ ਪਾਸੇ ਫਿਲਹਾਲ ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 


author

Gurminder Singh

Content Editor

Related News