ਪਹਿਲੀ ਜੁਲਾਈ ਨੂੰ ਹੋਵੇਗਾ ਸਕੂਲ-ਕਾਲਜ ਖੋਲ੍ਹਣ ਦਾ ਫੈਸਲਾ : ਕੈਪਟਨ
Saturday, Jun 13, 2020 - 08:22 PM (IST)
ਜਲੰਧਰ: ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਦੇਸ਼ 'ਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ 'ਤੇ ਚਿੰਤਾ ਜਤਾਈ ਹੈ। ਮੁੱਖ ਮੰਤਰੀ ਨੇ ਲੋਕਾਂ ਨਾਲ ਸਵਾਲ-ਜਵਾਬ ਦੇ ਆਪਣੇ ਲਾਈਵ ਪ੍ਰੋਗਰਾਮ ਦੌਰਾਨ ਕਈ ਜ਼ਰੂਰੀ ਗੱਲਾਂ ਦੀ ਜਾਣਕਾਰੀ ਦਿੱਤੀ। ਉਥੇ ਹੀ ਉਨ੍ਹਾਂ ਨੇ ਸਕੂਲ-ਕਾਲਜਾਂ ਦੇ ਖੁੱਲਣ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਪਹਿਲੀ ਜੁਲਾਈ ਨੂੰ ਸਕੂਲ-ਕਾਲਜਾਂ ਦੇ ਖੋਲ੍ਹਣ ਦਾ ਫੈਸਲਾ ਲਿਆ ਜਾ ਸਕਦਾ ਹੈ, ਜੋ ਕਿ ਕੇਂਦਰ ਸਰਕਾਰ ਵਲੋਂ ਕੀਤਾ ਜਾਵੇਗਾ।
ਉਨ੍ਹਾਂ ਨੇ ਦੇਸ਼ 'ਚ ਵੱਧ ਰਹੇ ਕੋਰੋਨਾ ਦੇ ਮਾਮਲਿਆਂ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਕੋਰੋਨਾ ਮਰੀਜ਼ਾਂ ਦੀ ਗਿਣਤੀ 'ਚ ਵਾਧਾ ਹੋਣ ਦੇ ਚੱਲਦੇ ਹੀ ਪੰਜਾਬ ਸਰਕਾਰ ਵਲੋਂ ਸੂਬੇ 'ਚ ਸਖ਼ਤੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ 'ਚ ਇਸ ਸਮੇਂ ਕੋਰੋਨਾ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ, ਜੋ ਕਿ ਚਿੰਤਾ ਦਾ ਵਿਸ਼ਾ ਹਨ।
ਜੁਲਾਈ ਤੋਂ ਸਤੰਬਰ ਤੱਕ ਪੰਜਾਬ 'ਚ ਕੋਰੋਨਾ ਆਪਣੇ ਸਿਖਰ 'ਤੇ ਹੋਵੇਗਾ
ਕੋਰੋਨਾ ਦੇ ਵੱਧ ਰਹੇ ਕਹਿਰ 'ਤੇ ਚਿੰਤਾ ਪ੍ਰਗਟਾਉਂਦਿਆਂ ਕੈਪਟਨ ਨੇ ਕਿਹਾ ਕਿ ਕੋਰੋਨਾ ਫੈਲਦਾ ਜਾ ਰਿਹਾ ਹੈ ਅਤੇ ਲੋਕ ਇਸ ਵੱਲ ਘੱਟ ਧਿਆਨ ਦੇ ਰਹੇ ਹਨ। ਜਿਸ ਦੇ ਨਤੀਜੇ ਵਜੋਂ ਪੰਜਾਬ 'ਚ ਜੁਲਾਈ ਤੋਂ ਸਤਬੰਰ ਤਕ ਕੋਰੋਨਾ ਆਪਣੇ ਸਿਖਰ 'ਤੇ ਹੋਵੇਗਾ। ਉਨ੍ਹਾਂ ਕਿਹਾ ਕਿ ਮਾਸਕ ਲਗਾਉਣ ਨਾਲ ਇਸ ਬੀਮਾਰ ਨੂੰ ਰੋਕਿਆ ਜਾ ਸਕਦਾ ਹੈ। ਉਥੇ ਹੀ ਲੋਕਾਂ ਨੂੰ ਜਾਗਰੂਕ ਕਰਨ ਅਤੇ ਹੱਲਾਸ਼ੇਰੀ ਦੇਣ ਲਈ ਇਕ ਸਕੀਮ ਵੀ ਸ਼ੁਰੂ ਕੀਤੀ ਜਾਵੇਗੀ। ਜਿਸ ਤਹਿਤ ਉਨ੍ਹਾਂ ਲੋਕਾਂ ਨੂੰ ਸਨਮਾਨ ਵਜੋਂ ਸਰਟੀਫਿਕੇਟ ਦਿੱਤੇ ਜਾਣਗੇ ਜੋ ਬਚਾਓ ਸਬੰਧੀ ਪੂਰੀਆਂ ਸਾਵਧਾਨੀਆਂ ਵਰਤਣਗੇ ਅਤੇ ਇਸ ਸਬੰਧੀ ਫੋਟੋ ਵੀ ਭੇਜਣਗੇ।