ਕੈਪਟਨ ਵਲੋਂ ਪਾਣੀ ਦੀ ਬਰਬਾਦੀ ਵਿਰੁੱਧ ਸਖਤੀ ਕਰਨ ਦੇ ਹੁਕਮ

Thursday, Jul 11, 2019 - 11:50 PM (IST)

ਕੈਪਟਨ ਵਲੋਂ ਪਾਣੀ ਦੀ ਬਰਬਾਦੀ ਵਿਰੁੱਧ ਸਖਤੀ ਕਰਨ ਦੇ ਹੁਕਮ

ਚੰਡੀਗੜ੍ਹ,(ਅਸ਼ਵਨੀ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਣੀ ਦੀ ਬਰਬਾਦੀ ਵਿਰੁੱਧ ਤਿੱਖਾ ਰੁਖ ਅਪਣਾਉਂਦੇ ਹੋਏ ਇਸ ਮਹੱਤਵਪੂਰਨ ਸ੍ਰੋਤ ਦੀ ਸੰਭਾਲ ਨੂੰ ਯਕੀਨੀ ਬਣਾਉਣ ਲਈ ਨਿਰਦੇਸ਼ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਪਾਣੀ ਦੇ ਬਿੱਲਾਂ ਦਾ ਭੁਗਤਾਨ ਨਾ ਕਰਨ ਵਾਲਿਆਂ ਲਈ ਦੰਡ ਦੀ ਵਿਵਸਥਾ ਕਰਨ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਨੇ ਅਰਬਨ ਰੀਨਿਊਵਲ ਐਂਡ ਰਿਫੋਰਮਜ਼ ਕੌਂਸਲਟੇਟਿਵ ਗਰੁੱਪ ਦੀ ਦੂਜੀ ਮੀਟਿੰਗ 'ਚ ਪਾਣੀ ਦੀ ਸੂਬੇ 'ਚ ਬਹੁਤ ਜ਼ਿਆਦਾ ਕਮੀ ਦੀ ਸਥਿਤੀ ਦਾ ਜਾਇਜ਼ਾ ਲੈਂਦੇ ਹੋਏ ਪਾਣੀ ਦੀ ਬਰਬਾਦੀ ਵਿਰੁੱਧ ਜੰਗ ਸ਼ੁਰੂ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਇਸ ਸਬੰਧ 'ਚ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰਨ 'ਤੇ ਜ਼ੋਰ ਦਿੰਦੇ ਹੋਏ ਸਬੰਧਤ ਵਿਭਾਗਾਂ ਨੂੰ ਇਨ੍ਹਾਂ 'ਚ ਕੀਤੀਆਂ ਜਾਣ ਵਾਲੀਆਂ ਲੋੜੀਂਦੀਆਂ ਸੋਧਾਂ ਬਾਰੇ ਸੁਝਾਅ ਦੇਣ ਦੇ ਨਿਰਦੇਸ਼ ਦਿੱਤੇ ਤਾਂ ਜੋ ਪਾਣੀ ਦੀ ਬਰਬਾਦੀ ਕਰਨ ਵਾਲਿਆਂ ਨੂੰ ਰੋਕਣ ਲਈ ਉਨ੍ਹਾਂ ਦੇ ਬਣਦੇ ਪਾਣੀ ਬਕਾਏ ਦੇ ਭੁਗਤਾਨ ਲਈ ਮਜ਼ਬੂਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਜੇਕਰ ਜ਼ਰੂਰਤ ਪਈ ਤਾਂ ਸੂਬਾ ਪਾਣੀ ਦੀ ਸੰਭਾਲ ਤੇ ਪੰਜਾਬ ਨੂੰ ਬੰਜਰ ਬਣਨ ਤੋਂ ਰੋਕਣ ਤੋਂ ਯਕੀਨੀ ਬਣਾਉਣ ਲਈ ਵੱਖਰਾ ਕਾਨੂੰਨ ਲਿਆ ਸਕਦਾ ਹੈ।

ਮੀਟਿੰਗ ਤੋਂ ਬਾਅਦ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਨੇ ਸੂਬੇ ਦੇ ਪਾਸ਼ ਇਲਾਕਿਆਂ ਦੇ ਵੱਡੇ ਘਰਾਂ ਵਿਚ ਪਾਣੀ ਦੀ ਬਰਬਾਦੀ ਨੂੰ ਰੋਕਣ ਲਈ ਮੀਟਰ ਲਾਉਣ ਬਾਰੇ ਵਿਭਾਗ ਨੂੰ ਫੈਸਲਾ ਲੈਣ ਲਈ ਕਿਹਾ।ਮੀਟਿੰਗ 'ਚ ਪਾਣੀ ਦੀ ਬਰਬਾਦੀ ਨੂੰ ਰੋਕਣ ਲਈ ਵੱਡੀਆਂ ਦਰਾਂ ਲਾਉਣ ਦੀਆਂ ਸੰਭਾਵਨਾਵਾਂ 'ਤੇ ਵਿਚਾਰ ਕੀਤਾ ਗਿਆ ਹੈ। ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਮਕਾਨ ਤੇ ਸ਼ਹਿਰੀ ਵਿਕਾਸ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ, ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ, ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਜਨਰਲ (ਸੇਵਾਮੁਕਤ) ਟੀ.ਐੱਸ. ਸ਼ੇਰਗਿੱਲ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਵਿਧਾਇਕ ਸੁਰਿੰਦਰ ਡਾਵਰ, ਸੁਨੀਲ ਦੱਤੀ, ਅਮਿਤ ਵਿਜ, ਅਮਰਿੰਦਰ ਸਿੰਘ ਰਾਜਾ ਵੜਿੰਗ, ਡਾ. ਹਰਜੋਤ ਕਮਲ, ਪਰਗਟ ਸਿੰਘ, ਸੁਸ਼ੀਲ ਰਿੰਕੂ, ਕੁਲਜੀਤ ਸਿੰਘ ਨਾਗਰਾ, ਕੁਸ਼ਲਦੀਪ ਸਿੰਘ ਢਿਲੋਂ, ਮੇਅਰ ਜਲੰਧਰ ਜਗਦੀਸ਼ ਰਾਜ ਰਾਜਾ, ਲੁਧਿਆਣਾ ਦੇ ਮੇਅਰ ਬਲਬੀਰ ਸੰਧੂ ਅਤੇ ਮੇਅਰ ਪਟਿਆਲਾ ਸੰਜੀਵ ਸ਼ਰਮਾ ਤੋਂ ਇਲਾਵਾ ਏ.ਸੀ.ਐੱਸ ਮਕਾਨ ਅਤੇ ਸ਼ਹਿਰੀ ਵਿਕਾਸ ਵਿਨੀ ਮਹਾਜਨ, ਪ੍ਰਮੁੱਖ ਸਕੱਤਰ ਵਿੱਤ ਅਨਿਰੁੱਧ ਤਿਵਾੜੀ, ਪ੍ਰਮੁੱਖ ਸਕੱਤਰ ਮੁੱਖ ਮੰਤਰੀ ਸ਼੍ਰੀ ਤੇਜਵੀਰ ਸਿੰਘ, ਪ੍ਰਮੁੱਖ ਸਕੱਤਰ ਸਥਾਨਕ ਸਰਕਾਰ ਏ. ਵੇਣੂ ਪ੍ਰਸਾਦ, ਸਕੱਤਰ ਪੀ. ਡਬਲਯੂ. ਡੀ. (ਬੀ ਐਂਡ ਆਰ) ਹੁਸਨ ਲਾਲ ਅਤੇ ਸੀ.ਈ.ਓ. ਜਲ ਸਪਲਾਈ ਅਤੇ ਸੀਵਰੇਜ ਬੋਰਡ ਅਜੋਏ ਸ਼ਰਮਾ ਹਾਜ਼ਰ ਸਨ।
 


Related News